ਓਂਟਾਰੀਓ, 14 ਅਪ੍ਰੈਲ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਸ਼ਨੀਵਾਰ ਸਵੇਰੇ ਕਾਰਲੇਟਨ ਪਲੇਸ ਵਿੱਚ ਹੋਈ ਅੱਗਜਨੀ ਦੀਆਂ ਘਟਨਾਵਾਂ ਦੇ ਦੋ ਸ਼ੱਕੀਆਂ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਵੇਰੇ ਕਰੀਬ 4 ਵਜੇ ਦੋ ਵਿਅਕਤੀਆਂ ਨੂੰ ਕਾਰਲੇਟਨ ਪਲੇਸ ਦੇ ਡਾਉਡਲ ਸਰਕਲ 'ਤੇ ਦੋ ਕਾਰਾਂ ਨੂੰ ਅੱਗ ਲਗਾਉਂਦੇ ਹੋਏ ਦੇਖਿਆ ਗਿਆ। ਜਿਸ ਤੋਂ ਬਾਅਦ ਉਹ ਪੈਦਲ ਹੀ ਭੱਜ ਗਏ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਵਿਅਕਤੀਆਂ ਨੂੰ ਆਖਰੀ ਵਾਰ ਗ੍ਰਿਫਿਥ ਵੇਅ 'ਤੇ ਦੇਖਿਆ ਗਿਆ ਸੀ।
ਸੋਸ਼ਲ ਮੀਡੀਆ 'ਤੇ ਇੱਕ ਅਪਡੇਟ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਦੋਵੇਂ ਸ਼ੱਕੀਆਂ ਨੇ ਗੂੜ੍ਹੇ ਸਵੈਟਰ ਪਹਿਨੇ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਨੇ ਗੂੜ੍ਹੇ ਰੰਗ ਦੀ ਪੈਂਟ ਪਾਈ ਹੋਈ ਸੀ, ਜਦੋਂ ਕਿ ਦੂਜੇ ਨੇ ਘਟਨਾ ਦੇ ਸਮੇਂ ਹਲਕੇ ਰੰਗ ਦੀ ਪੈਂਟ ਪਾਈ ਹੋਈ ਸੀ। ਜਿਸ ਕਿਸੇ ਨੇ ਵੀ ਘਟਨਾ ਨੂੰ ਦੇਖਿਆ ਹੋਵੇ ਜਾਂ ਵੀਡੀਓ ਫੁਟੇਜ ਹੋਵੇ ਉਹ 1-888-310-1122 ‘ਤੇ ਕਾਲ ਕਰ ਸਕਦਾ ਹੈ।