ਨਵੀਂ ਦਿੱਲੀ, 7 ਅਜਕਤੂਬਰ (ਪੋਸਟ ਬਿਊਰੋ): ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ 'ਮਾਲਦੀਵਜ਼ ਫਸਟ' ਨੀਤੀ ਦਾ ਭਾਰਤ ਦੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਮਾਲਦੀਵ ਕਦੇ ਵੀ ਅਜਿਹਾ ਕੁਝ ਨਹੀਂ ਕਰੇਗਾ ਜਿਸ ਨਾਲ ਭਾਰਤ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚੇ। ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਮੁਈਜ਼ੂ ਨੇ ਇਹ ਵੀ ਕਿਹਾ ਕਿ ਦੂਜੇ ਦੇਸ਼ਾਂ ਨਾਲ ਮਾਲਦੀਵ ਦੇ ਭਾਰਤ ਨਾਲ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ।
ਮੁਈਜ਼ੂ ਨੇ ਕਿਹਾ ਕਿ ਮਾਲਦੀਵ ਭਾਰਤ ਨਾਲ ਰਣਨੀਤਕ ਸਬੰਧ ਬਣਾਉਣਾ ਜਾਰੀ ਰੱਖੇਗਾ ਕਿਉਂਕਿ ਭਾਰਤ ਇਕ ਮਹੱਤਵਪੂਰਨ ਭਾਈਵਾਲ ਅਤੇ ਦੋਸਤ ਹੈ। ਉਨ੍ਹਾਂ ਕਿਹਾ ਕਿ ਮਾਲਦੀਵ ਖੇਤਰੀ ਸਥਿਰਤਾ ਅਤੇ ਸੁਰੱਖਿਆ ਲਈ ਭਾਰਤ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।
ਮੁਈਜ਼ੂ ਨੇ ਕਿਹਾ ਕਿ ਮਾਲਦੀਵ ਅਤੇ ਭਾਰਤ ਦੇ ਸਬੰਧ ਹਮੇਸ਼ਾ ਮਜ਼ਬੂਤ ਰਹੇ ਹਨ। ਉਸ ਨੂੰ ਯਕੀਨ ਹੈ ਕਿ ਇਹ ਦੌਰਾ ਇਸ ਨੂੰ ਹੋਰ ਮਜ਼ਬੂਤ ਕਰੇਗਾ। ਰਾਸ਼ਟਰਪਤੀ ਮੁਈਜ਼ੂ ਦੀ ਇਹ ਭਾਰਤ ਦੀ ਪਹਿਲੀ ਦੁਵੱਲੀ ਯਾਤਰਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਉਹ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ ਸਨ।
ਮੁਈਜ਼ੂ ਨੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਬੈਠਕ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਮੁਈਜ਼ੂ ਨੇ ਮਾਲਦੀਵ ਦੇ ਹਨੀਮਾਧੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁਈਜ਼ੂ ਨੇ ਪੀਐਮ ਮੋਦੀ ਨੂੰ ਮਾਲਦੀਵ ਆਉਣ ਦਾ ਸੱਦਾ ਵੀ ਦਿੱਤਾ।
ਮੁਈਜ਼ੂ ਮੰਗਲਵਾਰ ਨੂੰ ਆਗਰਾ ਦਾ ਦੌਰਾ ਕਰਨਗੇ।