ਅਮੇਠੀ, 5 ਅਕਤੂਬਰ (ਪੋਸਟ ਬਿਊਰੋ): ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਕਾਰਨ ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਡਰ ਦਾ ਮਾਹੌਲ ਹੈ। ਚੰਦਨ ਨਾਂ ਦੇ ਵਿਅਕਤੀ 'ਤੇ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦਾ ਕਤਲ ਕਰਨ ਦਾ ਮੁਲਜ਼ਮ ਹੈ। ਉਸ ਨੂੰ ਪੁਲਿਸ ਨੇ ਨੋਇਡਾ ਦੇ ਟੋਲ ਪਲਾਜ਼ਾ ਤੋਂ ਫੜ੍ਹਿਆ। ਕਤਲ ਦਾ ਕਾਰਨ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਲਿਤ ਅਧਿਆਪਕ ਸੁਨੀਲ ਕੁਮਾਰ ਦੀ ਪਤਨੀ ਅਤੇ ਚੰਦਨ ਦਾ ਆਪਸੀ ਪ੍ਰੇਮ ਸਬੰਧ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਵੀ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ। ਹੁਣ ਇਸ ਮਾਮਲੇ 'ਚ ਕੁਝ ਅਜਿਹੇ ਖੁਲਾਸੇ ਹੋਏ ਹਨ ਜੋ ਹੈਰਾਨ ਕਰਨ ਵਾਲੇ ਹਨ।
ਮ੍ਰਿਤਕ ਅਧਿਆਪਕ ਦੀ ਬੇਟੀ ਸ੍ਰਿਸ਼ਟੀ ਅਤੇ ਲਾਡੋ ਦੀਆਂ ਲਾਸ਼ਾਂ ਕੋਲੋਂ 10-10 ਰੁਪਏ ਦੀਆਂ ਚਾਕਲੇਟ ਮਿਲੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਨੇ ਗੋਲੀ ਮਾਰਨ ਤੋਂ ਪਹਿਲਾਂ ਉਸ ਨੂੰ ਚਾਕਲੇਟ ਦਿੱਤੀ ਸੀ। ਪਰ ਬਾਅਦ 'ਚ ਉਸ ਦੀ ਕਿਸੇ ਗੱਲ ਨੂੰ ਲੈ ਕੇ ਬੱਚਿਆਂ ਦੇ ਮਾਤਾ-ਪਿਤਾ ਨਾਲ ਬਹਿਸ ਹੋ ਗਈ ਅਤੇ ਉਸ ਨੇ ਦੋਨਾਂ ਨੂੰ ਅਤੇ ਬਾਅਦ 'ਚ ਬੱਚਿਆਂ ਦਾ ਕਤਲ ਕਰ ਦਿੱਤਾ।
ਪੁਲਿਸ ਜਾਂਚ ਦੌਰਾਨ ਮੁਲਜ਼ਮ ਚੰਦਨ ਵਰਮਾ ਦਾ ਵਟਸਐਪ ਸਟੇਟਸ ਵੀ ਸਾਹਮਣੇ ਆਇਆ ਹੈ। ਕਤਲ ਤੋਂ ਪਹਿਲਾਂ ਉਸ ਨੇ ਇਕ ਅਜੀਬ ਸਟੇਟਸ ਪੋਸਟ ਕੀਤਾ ਸੀ, ਜਿਸ 'ਚ ਉਸ ਨੇ ਲਿਖਿਆ ਸੀ, 'ਅੱਜ 5 ਲੋਕ ਮਰ ਜਾਣਗੇ, ਜਲਦੀ ਹੀ ਦਿਖਾਵਾਂਗਾ'। ਇਸ ਦੇ ਨਾਲ ਹੀ ਉਸ ਦੀ ਵਟਸਐਪ ਚੈਟ ਤੋਂ ਕਈ ਰਾਜ਼ ਵੀ ਸਾਹਮਣੇ ਆਏ ਹਨ। ਉਹ ਅਕਸਰ ਅਧਿਆਪਕ ਦੀ ਪਤਨੀ ਨਾਲ ਵੀਡੀਓ ਕਾਲ 'ਤੇ ਗੱਲ ਕਰਦਾ ਸੀ।
ਪੂਰੇ ਪਰਿਵਾਰ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਅਧਿਆਪਕ ਨੂੰ ਤਿੰਨ, ਉਸ ਦੀ ਪਤਨੀ ਨੂੰ ਦੋ ਅਤੇ ਬੇਟੀਆਂ ਨੂੰ ਇਕ-ਇਕ ਗੋਲੀ ਮਾਰੀ ਸੀ। ਪੁਲਿਸ ਸੂਤਰਾਂ ਅਨੁਸਾਰ ਵਾਰਦਾਤ ਵਾਲੀ ਥਾਂ ਤੋਂ ਬਰਾਮਦ ਹੋਇਆ ਖਾਲੀ ਮੈਗਜ਼ੀਨ ਚੰਦਨ ਵਰਮਾ ਦੇ ਪਿਸਤੌਲ ਦਾ ਹੈ।
ਅਧਿਆਪਕ ਦੇ ਪੂਰੇ ਪਰਿਵਾਰ ਨੂੰ ਮਾਰਨ ਤੋਂ ਪਹਿਲਾਂ ਮੁਲਜ਼ਮ ਚੰਦਨ ਮੰਦਰ ਭਗਵਾਨ ਦੇ ਦਰਸ਼ਨ ਕਰਨ ਗਏ ਸਨ। ਇਸ ਤੋਂ ਬਾਅਦ ਉਹ ਪੈਦਲ ਹੀ ਸੁਨੀਲ ਦੇ ਘਰ ਪਹੁੰਚਿਆ ਅਤੇ ਪਰਿਵਾਰ ਦੇ ਚਾਰੇ ਮੈਂਬਰਾਂ ਨੂੰ ਇਕ-ਇਕ ਕਰਕੇ ਗੋਲੀਆਂ ਮਾਰ ਦਿੱਤੀਆਂ।