ਮੁੰਬਈ, 4 ਅਕਤੂਬਰ (ਪੋਸਟ ਬਿਊਰੋ): ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝੀਰਵਾਲ ਨੇ ਸ਼ੁੱਕਰਵਾਰ ਨੂੰ ਮੰਤਰਾਲੇ ਦੀ ਤੀਜੀ ਮੰਜਿ਼ਲ ਤੋਂ ਛਾਲ ਮਾਰ ਦਿੱਤੀ। ਵਿਧਾਇਕ ਹੀਰਾਮਨ ਖੋਸਕਰ ਵੀ ਉਨ੍ਹਾਂ ਨਾਲ ਕੁੱਦ ਪਏ। ਹਾਲਾਂਕਿ ਹੇਠਾਂ ਜਾਲ ਹੋਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ।
ਦੋਵੇਂ ਕਬਾਇਲੀ ਵਿਧਾਇਕ ਜਾਲ ਵਿੱਚ ਫਸ ਗਏ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਉਚਾਈ ਤੋਂ ਡਿੱਗਣ ਕਾਰਨ ਝੀਰਵਾਲ ਦੀ ਗਰਦਨ 'ਤੇ ਸੱਟ ਲੱਗ ਗਈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵਧ ਗਿਆ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਜਾਂਚ ਕਰਨ ਲਈ ਮੰਤਰਾਲੇ ਪਹੁੰਚੀ।
ਝੀਰਵਾਲ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਐੱਨਸੀਪੀ ਧੜੇ ਤੋਂ ਵਿਧਾਇਕ ਹਨ। ਉਹ ਸਰਕਾਰ ਵੱਲੋਂ ਧਨਗਰ ਭਾਈਚਾਰੇ ਨੂੰ ਐੱਸਟੀ ਦਾ ਦਰਜਾ ਦੇਣ ਦੀ ਮੰਗ ਨੂੰ ਮੰਨਣ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਜਦੋਂਕਿ ਝੀਰਵਾਲ ਖੁਦ ਸਿ਼ਦੇ ਸਰਕਾਰ ਦਾ ਹਿੱਸਾ ਹਨ।
ਝੀਰਵਾਲ ਅਤੇ ਹੋਰ ਆਦਿਵਾਸੀ ਵਿਧਾਇਕਾਂ ਨੇ ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ 4 ਅਕਤੂਬਰ ਨੂੰ ਮੁੱਖ ਮੰਤਰੀ ਏਕਨਾਥ ਸਿ਼ੰਦੇ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਜਦੋਂ ਗੱਲ ਨਾ ਬਣੀ ਤਾਂ ਉਨ੍ਹਾਂ ਨੇ ਮੰਤਰਾਲੇ ਦੀ ਤੀਜੀ ਮੰਜਿ਼ਲ ਤੋਂ ਛਾਲ ਮਾਰ ਦਿੱਤੀ। ਝੀਰਵਾਲ ਅਤੇ ਖੋਸਕਰ ਨੇ ਆਦਿਵਾਸੀ ਭਾਈਚਾਰੇ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ। ਘਟਨਾ ਤੋਂ ਬਾਅਦ ਮੰਤਰਾਲੇ ਦਾ ਕੰਮ ਠੱਪ ਹੋ ਗਿਆ।
ਨਰਹਰੀ ਝੀਰਵਾਲ ਨੇ ਮੁੱਖ ਮੰਤਰੀ ਸਿ਼ਦੇ ਨੂੰ ਮਿਲਣ ਤੋਂ ਪਹਿਲਾਂ ਇਹ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਸਾਡੀ ਗੱਲ ਨਹੀਂ ਸੁਣਦੇ ਤਾਂ ਸਾਡੇ ਕੋਲ ਪਲਾਨ ਬੀ ਤਿਆਰ ਹੈ।
ਝੀਰਵਾਲ ਨੇ ਕਿਹਾ ਕਿ ਅਸੀਂ ਐੱਸਟੀ ਰਿਜ਼ਰਵੇਸ਼ਨ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੁੰਦੇ। ਇਸ ਤੋਂ ਬਾਅਦ ਇਕ ਘੰਟੇ ਦੇ ਅੰਦਰ ਹੀ ਉਨ੍ਹਾਂ ਨੇ ਮੰਤਰਾਲੇ ਦੀ ਤੀਜੀ ਮੰਜਿ਼ਲ ਤੋਂ ਛਾਲ ਮਾਰ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ।