ਨਵੀਂ ਦਿੱਲੀ, 4 ਅਕਤੂਬਰ (ਪੋਸਟ ਬਿਊਰੋ): ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਲੈਗ ਸਟਾਫ ਰੋਡ 'ਤੇ ਸਥਿਤ ਮੁੱਖ ਮੰਤਰੀ ਨਿਵਾਸ ਨੂੰ ਖਾਲੀ ਕਰ ਦਿੱਤਾ ਹੈ। ਉਹ ਸ਼ੁੱਕਰਵਾਰ ਦੁਪਹਿਰ ਲੁਟੀਅਨ ਦਿੱਲੀ ਦੇ ਫਿਰੋਜ਼ਸ਼ਾਹ ਰੋਡ 'ਤੇ ਬੰਗਲਾ ਨੰਬਰ 5 'ਚ ਸਿ਼ਫਟ ਹੋ ਗਏ। ਇਹ ਬੰਗਲਾ 'ਆਪ' ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਦਿੱਤਾ ਗਿਆ ਹੈ।
ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ, ਮਾਤਾ-ਪਿਤਾ ਅਤੇ ਦੋਹਾਂ ਬੱਚਿਆਂ ਨਾਲ ਸਿ਼ਫਟ ਹੋ ਗਏ ਹਨ। ਅਸ਼ੋਕ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਨੇ ਸਾਰਿਆਂ ਦਾ ਘਰ ਵਿੱਚ ਸਵਾਗਤ ਕੀਤਾ। ਮਿੱਤਲ ਨੇ ਦੱਸਿਆ ਕਿ ਕੇਜਰੀਵਾਲ ਮੇਰੇ ਘਰ ਮਹਿਮਾਨ ਵਜੋਂ ਸਿ਼ਫਟ ਹੋਏ ਹਨ।
ਕੇਜਰੀਵਾਲ ਨੇ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। 'ਆਪ' ਨੇ ਕਿਹਾ ਸੀ ਕਿ ਕੇਜਰੀਵਾਲ ਨਵਾਂ ਘਰ ਲੱਭ ਰਹੇ ਹਨ। ਉਹ ਅਜਿਹੀ ਥਾਂ ਲੱਭ ਰਹੇ ਹਨ ਜਿੱਥੇ ਰਹਿਣ ਵਿਚ ਕੋਈ ਝਗੜਾ ਨਾ ਹੋਵੇ।
'ਆਪ' ਨੇ ਦੋਸ਼ ਲਾਇਆ ਸੀ ਕਿ ਨੈਸ਼ਨਲ ਪਾਰਟੀ ਦੇ ਮੁਖੀ ਵਜੋਂ ਕੇਜਰੀਵਾਲ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ, ਪਰ ਇਸ 'ਤੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ।