ਨਵੀਂ ਦਿੱਲੀ, 2 ਅਕਤੂਬਰ (ਪੋਸਟ ਬਿਊਰੋ): ਮਨੀਪੁਰ ਦੇ ਉਖਰੁਲ ਜਿ਼ਲੇ੍ਹ 'ਚ ਬੁੱਧਵਾਰ ਨੂੰ ਨਗਾ ਭਾਈਚਾਰੇ ਦੇ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਇਸ 'ਚ 3 ਲੋਕਾਂ ਦੀ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹੋ ਗਏ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ), 2023 ਦੀ ਧਾਰਾ 163 ਦੀ ਉਪ ਧਾਰਾ 1 ਅਧੀਨ ਖੇਤਰ ਵਿੱਚ ਪਾਬੰਦੀਆਂ ਦੇ ਹੁਕਮ ਲਾਗੂ ਕੀਤੇ ਹਨ। ਅਗਲੇ ਹੁਕਮਾਂ ਤੱਕ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਮਨਾਹੀ ਹੈ।
ਪੁਲਿਸ ਨੇ ਦੱਸਿਆ ਕਿ ਦੋਵੇਂ ਧਿਰਾਂ ਨਗਾ ਭਾਈਚਾਰੇ ਨਾਲ ਸਬੰਧਤ ਹਨ ਪਰ ਹੰਫੁਨ ਅਤੇ ਹਾਂਗਪੁੰਗ ਨਾਂ ਦੇ ਦੋ ਵੱਖ-ਵੱਖ ਪਿੰਡਾਂ ਤੋਂ ਹਨ। ਦੋਵੇਂ ਧਿਰਾਂ ਇੱਕੋ ਜ਼ਮੀਨ 'ਤੇ ਦਾਅਵਾ ਕਰਦੀਆਂ ਹਨ। ਸਫ਼ਾਈ ਮੁਹਿੰਮ ਤਹਿਤ ਵਿਵਾਦਿਤ ਜ਼ਮੀਨ ਦੀ ਸਫ਼ਾਈ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਹਿੰਸਾ ਹੋਈ। ਆਸਾਮ ਰਾਈਫਲਜ਼ ਨੂੰ ਇਲਾਕੇ 'ਚ ਤਾਇਨਾਤ ਕੀਤਾ ਗਿਆ ਹੈ।
ਦੂਜੇ ਪਾਸੇ ਮੰਗਲਵਾਰ ਨੂੰ ਚੂਰਾਚੰਦਪੁਰ ਜਿ਼ਲੇ ਦੇ ਲੀਸ਼ਾਂਗ ਪਿੰਡ ਨੇੜੇ ਅਣਪਛਾਤੇ ਲੋਕਾਂ ਨੇ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਟਾਊਨ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਜਿ਼ਲ੍ਹੇ ਦੇ ਪਿੰਡ ਕਾਪਰਾਂਗ ਦੇ ਰਹਿਣ ਵਾਲੇ ਸੇਖੋਹਾਓ ਹਾਕੀਪ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਯੂਨਾਈਟਿਡ ਕੁਕੀ ਨੈਸ਼ਨਲ ਆਰਮੀ (ਯੂਕੇਐੱਨਏ) ਦਾ ਮੈਂਬਰ ਸੀ। ਇਹ ਘਟਨਾ ਕੱਲ੍ਹ ਦੁਪਹਿਰ 12:15 ਵਜੇ ਚੂਰਾਚੰਦਪੁਰ ਦੇ ਟੋਰਬੰਗ ਬੰਗਲੇ ਤੋਂ ਲਗਭਗ 1.5 ਕਿਲੋਮੀਟਰ ਦੂਰ ਵਾਪਰੀ। ਪੁਲਿਸ ਨੇ ਹੌਕੀਪ ਦੀ ਲਾਸ਼ ਚੂਰਾਚੰਦਪੁਰ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਰੱਖਵਾ ਦਿੱਤੀ ਹੈ।