ਤਿਰੂਪਤੀ, 1 ਅਕਤੂਬਰ (ਪੋਸਟ ਬਿਊਰੋ): ਆਂਧਰਾ ਪ੍ਰਦੇਸ਼ ਦੇ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ (ਤਿਰੂਪਤੀ ਮੰਦਰ) ਵਿੱਚ ਪ੍ਰਸਾਦਮ (ਲੱਡੂਆਂ) ਵਿੱਚ ਜਾਨਵਰਾਂ ਦੀ ਚਰਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ 30 ਸਤੰਬਰ ਨੂੰ ਕਈ ਥਾਂਵਾਂ 'ਤੇ ਤਲਾਸ਼ੀ ਲਈ।
ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੇ ਅਧਿਕਾਰੀਆਂ ਨੇ ਤਿਰੁਮਾਲਾ ਵਿੱਚ ਫਲੋਰ ਮਿੱਲ ਦਾ ਨਿਰੀਖਣ ਕੀਤਾ। ਇਹ ਉਹ ਥਾਂ ਹੈ ਜਿੱਥੇ ਘਿਓ ਨੂੰ ਸਟੋਰ ਕੀਤਾ ਜਾਂਦਾ ਹੈ। ਇਸ ਘਿਓ ਦੀ ਵਰਤੋਂ ਲੱਡੂ ਪ੍ਰਸ਼ਾਦਮ ਵਿੱਚ ਕੀਤੀ ਜਾਂਦੀ ਹੈ।
ਐੱਸਆਈਟੀ ਮੁਖੀ ਸਰਵੇਸ਼ ਤ੍ਰਿਪਾਠੀ ਅਤੇ ਉਨ੍ਹਾਂ ਦੀ ਟੀਮ ਨੇ ਤਿਰੁਮਾਲਾ ਵਿੱਚ ਘਿਓ ਦੇ ਟੈਂਕਰਾਂ ਅਤੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਲੈਬ ਦੀ ਵੀ ਜਾਂਚ ਕੀਤੀ।
ਨੰਦਿਨੀ ਘਿਓ ਦੀ ਵਰਤੋਂ ਹੁਣ ਤਿਰੂਪਤੀ ਮੰਦਰ ਵਿੱਚ ਲੱਡੂ ਬਣਾਉਣ ਲਈ ਕੀਤੀ ਜਾ ਰਹੀ ਹੈ। ਨੰਦਿਨੀ ਕਰਨਾਟਕ ਮਿਲਕ ਫੈਡਰੇਸ਼ਨ ਦਾ ਪ੍ਰਸਿੱਧ ਬ੍ਰਾਂਡ ਹੈ। ਵਿਵਾਦ ਵਿਚਕਾਰ, ਸਿਰਫ ਇੱਕ ਮਹੀਨਾ ਪਹਿਲਾਂ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਨੇ ਕਰਨਾਟਕ ਮਿਲਕ ਫੈਡਰੇਸ਼ਨ ਨੂੰ ਘਿਓ ਸਪਲਾਈ ਕਰਨ ਦਾ ਠੇਕਾ ਦਿੱਤਾ ਸੀ।
ਕਰਨਾਟਕ ਮਿਲਕ ਫੈਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਐੱਮਕੇ ਜਗਦੀਸ਼ ਨੇ ਕਿਹਾ, ਅਸੀਂ ਆਪਣੇ ਵਾਹਨਾਂ ਵਿੱਚ ਜੀਪੀਐੱਸ ਸਿਸਟਮ ਅਤੇ ਜੀਓ ਲੋਕੇਸ਼ਨ ਡਿਵਾਈਸ ਲਗਾਏ ਹਨ। ਇਹ ਵਾਹਨ ਮੰਦਰ ਨੂੰ ਘਿਓ ਸਪਲਾਈ ਕਰਦੇ ਹਨ। ਜੀ.ਪੀ.ਐੱਸ. ਸਿਸਟਮ ਲਗਾ ਕੇ ਪਤਾ ਲੱਗ ਜਾਂਦਾ ਹੈ ਕਿ ਵਾਹਨ ਕਿੱਥੇ ਰੁਕਿਆ ਹੈ, ਤਾਂ ਜੋ ਮਿਲਾਵਟਖੋਰੀ ਨੂੰ ਰੋਕਿਆ ਜਾ ਸਕੇ। ਕਰਨਾਟਕ ਮਿਲਕ ਫੈਡਰੇਸ਼ਨ ਨੂੰ 350 ਟਨ ਘਿਓ ਸਪਲਾਈ ਕਰਨ ਦਾ ਠੇਕਾ ਮਿਲਿਆ ਹੈ।