ਮੰਡੀ, 26 ਸਤੰਬਰ (ਪੋਸਟ ਬਿਊਰੋ): ਹਿਮਾਚਲ ਪ੍ਰਦੇਸ਼ ਦੇ ਮੰਡੀ ਜਿ਼ਲੇ ਦੇ ਸਰਕਾਘਾਟ 'ਚ ਬੁੱਧਵਾਰ ਸਵੇਰੇ 35 ਫੁੱਟ ਡੂੰਘੇ ਖੂਹ 'ਚ ਡੁੱਬਣ ਨਾਲ ਇੱਕ ਜੋੜੇ ਦੀ ਮੌਤ ਹੋ ਗਈ। ਪੈਰ ਫਿਸਲਣ ਨਾਲ ਪਤੀ ਖੂਹ ਵਿੱਚ ਡਿੱਗ ਗਿਆ। ਉਸ ਨੂੰ ਬਚਾਉਣ ਦੀ ਕੋਸਿ਼ਸ਼ ਦੌਰਾਨ ਪਤਨੀ ਦਾ ਪੈਰ ਤਿਲਕ ਗਿਆ ਅਤੇ ਉਹ ਵੀ ਖੂਹ ਵਿੱਚ ਡਿੱਗ ਗਈ।
ਇਹ ਘਟਨਾ ਰਕੋਹ ਪੰਚਾਇਤ ਦੇ ਪਿੰਡ ਕਲੋਹ ਵਿੱਚ ਵਾਪਰੀ। ਮ੍ਰਿਤਕਾਂ ਦੀ ਪਹਿਚਾਣ ਸੰਜੀਵ ਕੁਮਾਰ (45) ਅਤੇ ਨੀਲਮ ਕੁਮਾਰੀ ਵਜੋਂ ਹੋਈ ਹੈ। ਸੰਜੀਵ ਆਪਣੇ ਘਰ ਨੇੜੇ ਖੂਹ ਤੋਂ ਪਾਣੀ ਭਰਨ ਗਿਆ ਸੀ। ਇਹ ਖੂਹ ਲਗਭਗ 35 ਫੁੱਟ ਡੂੰਘਾ ਹੈ ਅਤੇ ਲਗਭਗ ਅੱਧਾ ਪਾਣੀ ਨਾਲ ਭਰਿਆ ਹੋਇਆ ਸੀ।
ਸੰਜੀਵ ਕੁਮਾਰ ਅਚਾਨਕ ਤਿਲਕ ਕੇ ਖੂਹ ਵਿੱਚ ਡਿੱਗ ਗਿਆ। ਜਦੋਂ ਕਾਫੀ ਦੇਰ ਤੱਕ ਸੰਜੀਵ ਘਰ ਨਹੀਂ ਪਰਤਿਆ ਤਾਂ ਉਸ ਦੀ ਪਤਨੀ ਨੀਲਮ ਕੁਮਾਰੀ ਵੀ ਖੂਹ ਨੇੜੇ ਪੁੱਜੀ ਅਤੇ ਆਪਣੇ ਪਤੀ ਨੂੰ ਡੁੱਬਦਾ ਦੇਖਿਆ। ਜਦੋਂ ਪਤਨੀ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਵੀ ਖੂਹ ਵਿੱਚ ਡਿੱਗ ਗਈ।
ਜਦੋਂ ਕਾਫੀ ਦੇਰ ਤੱਕ ਸੰਜੀਵ ਅਤੇ ਨੀਲਮ ਘਰ ਨਹੀਂ ਪਹੁੰਚੇ ਤਾਂ ਸੰਜੀਵ ਦੀ 72 ਸਾਲਾ ਬਜ਼ੁਰਗ ਮਾਂ ਲੀਲਾ ਦੇਵੀ ਖੂਹ ਕੋਲ ਪਹੁੰਚ ਗਈ। ਲੀਲਾ ਦੇਵੀ ਨੇ ਜਦੋਂ ਦੋਹਾਂ ਨੂੰ ਡੁੱਬਦੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਰੌਲਾ ਪਾ ਕੇ ਪਿੰਡ ਵਾਸੀਆਂ ਤੋਂ ਮਦਦ ਮੰਗੀ। ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਨਾਂ ਨੂੰ ਖੂਹ 'ਚੋਂ ਬਾਹਰ ਕੱਢਿਆ। ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਡੀਐੱਸਪੀ ਸੰਜੀਵ ਗੌਤਮ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।