ਮੁੰਬਈ, 23 ਸਤੰਬਰ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਅਮਰਾਵਤੀ 'ਚ ਇਕ ਬੱਸ ਬੇਕਾਬੂ ਹੋ ਕੇ 70 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਗੰਭੀਰ ਜ਼ਖ਼ਮੀ ਹਨ। ਇਹ ਹਾਦਸਾ ਮੇਲਘਾਟ ਦੇ ਸੀਮਾਦੋਹ ਨੇੜੇ ਵਾਪਰਿਆ ਹੈ।
ਅਮਰਾਵਤੀ ਜਿ਼ਲ੍ਹੇ ਦੇ ਮੇਲਘਾਟ ਖੇਤਰ ਦੇ ਸੀਮਾਡੋਹ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇੱਥੇ ਇੱਕ ਬੱਸ ਪੁਲ ਤੋਂ ਹੇਠਾਂ 70 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਬੱਸ 'ਚ ਸਵਾਰ ਕਰੀਬ 40 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬੱਸ ਅਮਰਾਵਤੀ ਤੋਂ ਖੰਡਵਾ ਜਾ ਰਹੀ ਸੀ। ਇਸੇ ਦੌਰਾਨ ਸੀਮਾਦੋਹ ਨੇੜੇ ਇੱਕ ਪੁਲੀ ਤੋਂ 60-70 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ 'ਚ ਹੁਣ ਤੱਕ 4 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਬੱਸ ਵਿੱਚ ਕਰੀਬ 50-55 ਯਾਤਰੀ ਸਵਾਰ ਸਨ। ਇਹ ਹਾਦਸਾ ਡਰਾਈਵਰ ਦੇ ਕੰਟਰੋਲ ਗੁਆ ਦੇਣ ਕਾਰਨ ਵਾਪਰਿਆ।
ਹਾਦਸੇ ਤੋਂ ਬਾਅਦ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ। ਜਦੋਂ ਤੱਕ ਪੁਲਿਸ ਮੌਕੇ 'ਤੇ ਪਹੁੰਚੀ, ਸਥਾਨਕ ਲੋਕਾਂ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਚਿਖਲਦਾਰਾ ਥਾਣੇ ਦੀ ਮਦਦ ਨਾਲ ਜ਼ਖਮੀਆਂ ਨੂੰ ਪਰਤਵਾੜਾ ਅਤੇ ਅਮਰਾਵਤੀ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਪੁਲਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।