ਬੈਂਗਲੁਰੂ, 22 ਸਤੰਬਰ (ਪੋਸਟ ਬਿਊਰੋ): ਬੈਂਗਲੁਰੂ 'ਚ ਦਿੱਲੀ ਦੇ ਸ਼ਰਧਾ ਵਾਲਕਰ ਕਤਲ ਕਾਂਡ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ 29 ਸਾਲਾ ਮਹਿਲਾ ਮਹਾਲਕਸ਼ਮੀ ਦੀ ਲਾਸ਼ ਸ਼ਨੀਵਾਰ ਨੂੰ ਮਿਲੀ। ਉਸ ਦੀ ਲਾਸ਼ ਨੂੰ 30 ਤੋਂ ਵੱਧ ਟੁਕੜਿਆਂ ਵਿੱਚ ਕੱਟ ਕੇ ਫਰਿੱਜ ਵਿੱਚ ਰੱਖਿਆ ਗਿਆ ਸੀ।
ਬੈਂਗਲੁਰੂ ਪੱਛਮੀ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਐੱਨ ਸਤੀਸ਼ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਵਿਆਲੀਕੇਵਲ ਥਾਣਾ ਖੇਤਰ ਦੇ ਮੱਲੇਸ਼ਵਰਮ ਇਲਾਕੇ 'ਚ ਵਾਪਰੀ। ਅਜਿਹਾ ਲੱਗ ਰਿਹਾ ਹੈ ਕਿ ਕਤਲ 4-5 ਦਿਨ ਪਹਿਲਾਂ ਕੀਤਾ ਗਿਆ ਹੈ। ਡਾਗ ਸਕੁਐਡ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਪਹੁੰਚੀ।
ਉਨ੍ਹਾਂ ਦੱਸਿਆ ਕਿ ਮਹਾਲਕਸ਼ਮੀ ਕਿਸੇ ਹੋਰ ਸੂਬੇ ਦੀ ਵਸਨੀਕ ਸੀ, ਉਸ ਦੀ ਜਾਣਕਾਰੀ ਕੱਢੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਸੀ। ਪਿਛਲੇ 3 ਮਹੀਨਿਆਂ ਤੋਂ ਇੱਥੇ ਕਿਰਾਏ 'ਤੇ ਰਹਿ ਰਹੀ ਸੀ। ਬੈਂਗਲੁਰੂ ਦੇ ਇੱਕ ਮਾਲ ਵਿੱਚ ਕੰਮ ਕਰਦੀ ਸੀ।
ਉਸ ਦਾ ਪਤੀ ਸ਼ਹਿਰ ਤੋਂ ਦੂਰ ਇਕ ਆਸ਼ਰਮ ਵਿਚ ਕੰਮ ਕਰਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਉਹ ਵੀ ਮੌਕੇ 'ਤੇ ਪਹੁੰਚ ਗਿਆ। ਪੁਲਿਸ ਮੁਤਾਬਕ ਔਰਤ ਦੀ ਹੱਤਿਆ ਦਾ ਸ਼ੱਕ ਕਿਸੇ ਜਾਣਕਾਰ 'ਤੇ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 18 ਮਈ 2022 ਨੂੰ ਦਿੱਲੀ ਦੇ ਛਤਰਪੁਰ ਇਲਾਕੇ ਦੇ ਰਹਿਣ ਵਾਲੇ ਆਫਤਾਬ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ਰਧਾ ਦੀ ਲਾਸ਼ ਨੂੰ 35 ਟੁਕੜਿਆਂ 'ਚ ਕੱਟ ਕੇ ਫਰਿੱਜ 'ਚ ਰੱਖਿਆ ਗਿਆ ਸੀ।