ਕੋਲਕਾਤਾ, 17 ਸਤੰਬਰ (ਪੋਸਟ ਬਿਊਰੋ): ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 9 ਅਗਸਤ ਨੂੰ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਮੰਗਲਵਾਰ (17 ਸਤੰਬਰ) ਨੂੰ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਬੰਗਾਲ ਸਰਕਾਰ ਨੂੰ ਰਤੀਰੇਰ ਸਾਥੀ ਯੋਜਨਾ ਤਹਿਤ ਮਹਿਲਾ ਡਾਕਟਰਾਂ ਦੀ ਰਾਤ ਦੀ ਡਿਊਟੀ ਖ਼ਤਮ ਕਰਨ ਦੇ ਫ਼ੈਸਲੇ 'ਤੇ ਫਟਕਾਰ ਲਗਾਈ ਹੈ।
ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਔਰਤਾਂ ਰਾਤ ਨੂੰ ਕੰਮ ਨਹੀਂ ਕਰ ਸਕਦੀਆਂ? ਉਹ ਕੋਈ ਰਿਆਇਤ ਨਹੀਂ ਚਾਹੁੰਦੇ। ਸਰਕਾਰ ਦਾ ਕੰਮ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ, ਪਾਇਲਟ, ਫੌਜ ਵਰਗੇ ਸਾਰੇ ਪੇਸਿ਼ਆਂ ਵਿੱਚ ਔਰਤਾਂ ਰਾਤ ਨੂੰ ਕੰਮ ਕਰਦੀਆਂ ਹਨ।
ਅਦਾਲਤ ਨੇ ਵਿਕੀਪੀਡੀਆ ਤੋਂ ਮ੍ਰਿਤਕ ਸਿਖਿਆਰਥੀ ਡਾਕਟਰ ਦਾ ਨਾਂ ਅਤੇ ਫੋਟੋ ਹਟਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਬਲਾਤਕਾਰ ਪੀੜਤਾ ਦੀ ਪਹਿਚਾਣ ਦਾ ਖੁਲਾਸਾ ਨਾ ਕੀਤਾ ਜਾਵੇ। ਪੀੜਤਾ ਦੇ ਮਾਪਿਆਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਵਿਕੀਪੀਡੀਆ ਨੇ ਨਾਮ ਅਤੇ ਫੋਟੋ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸਾਈਟ ਕਹਿੰਦੀ ਹੈ ਕਿ ਇਸ ਨੂੰ ਸੈਂਸਰ ਨਹੀਂ ਕੀਤਾ ਜਾ ਸਕਦਾ।