ਜੰਮੂ, 1 ਅਗਸਤ (ਪੋਸਟ ਬਿਊਰੋ): ਜੰਮੂ-ਕਸ਼ਮੀਰ ਦੇ ਸਾਂਬਾ ਜਿ਼ਲੇ੍ਹ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐੱਸਐੱਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਬੀਐੱਸਐੱਫ ਦੇ ਆਈਜੀ ਡੀਕੇ ਬੂਰਾ ਨੇ ਵੀਰਵਾਰ ਨੂੰ ਦੱਸਿਆ ਕਿ ਘੁਸਪੈਠੀਏ ਨੂੰ ਬੁੱਧਵਾਰ ਰਾਤ ਕਰੀਬ 10 ਵਜੇ ਖੋਰਾ ਪੋਸਟ ਨੇੜੇ ਭਾਰਤੀ ਖੇਤਰ ਵਿੱਚ ਦਾਖਲ ਹੁੰਦੇ ਦੇਖਿਆ ਗਿਆ।
ਬੀਐੱਸਐੱਫ ਦੇ ਜਵਾਨਾਂ ਦੀ ਚਿਤਾਵਨੀ ਦੇ ਬਾਵਜੂਦ ਘੁਸਪੈਠੀਆ ਨਹੀਂ ਰੁਕਿਆ, ਜਿਸ ਤੋਂ ਬਾਅਦ ਗੋਲੀਬਾਰੀ ਵਿੱਚ ਉਹ ਮਾਰਿਆ ਗਿਆ। ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਘੁਸਪੈਠੀਆ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਪਾਰ ਕਰ ਰਿਹਾ ਸੀ, ਜੋਕਿ ਸਰਹੱਦੀ ਪ੍ਰੋਟੋਕੋਲ ਦੀ ਉਲੰਘਣਾ ਸੀ। ਇਸ ਘਟਨਾ ਨੂੰ ਪਾਕਿਸਤਾਨ ਵੱਲੋਂ ਭੜਕਾਉਣ ਦੀ ਕੋਸਿ਼ਸ਼ ਵਜੋਂ ਦੇਖਿਆ ਜਾ ਰਿਹਾ ਹੈ। ਘੁਸਪੈਠੀਏ ਦੀ ਪਹਿਚਾਣ ਅਤੇ ਮੰਛਾ ਦਾ ਪਤਾ ਨਹੀਂ ਹੈ। ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਤੇ ਫੌਜ ਨੇ ਰਾਜੌਰੀ ਜਿ਼ਲ੍ਹੇ ਦੇ ਕਾਲਾਕੋਟ ਇਲਾਕੇ ਵਿੱਚ ਇੱਕ ਸੰਯੁਕਤ ਆਪਰੇਸ਼ਨ ਵਿੱਚ ਇੱਕ ਅੱਤਵਾਦੀ ਠਿਕਾਣੇ ਦਾ ਪਤਾ ਲਗਾਇਆ ਹੈ। ਰਾਤ ਭਰ ਜਾਰੀ ਤਲਾਸ਼ੀ ਮੁਹਿੰਮ ਵਿੱਚ ਇੱਕ ਏਕੇ ਰਾਈਫਲ ਅਤੇ ਹੋਰ ਹਥਿਆਰ ਬਰਾਮਦ ਕੀਤੇ।