ਕੋਡਾਗੂ, 28 ਅਕਤੂਬਰ (ਪੋਸਟ ਬਿਊਰੋ): ਕਰਨਾਟਕ ਪੁਲਿਸ ਨੇ ਤੇਲੰਗਾਨਾ ਦੇ ਇੱਕ ਕੌਫੀ ਕਾਰੋਬਾਰੀ ਦੇ ਕਤਲ ਦਾ ਭੇਤ ਸੁਲਝਾ ਲਿਆ ਹੈ। ਰਮੇਸ਼ ਨਾਮ ਦੇ ਇਸ ਵਿਅਕਤੀ ਦੀ ਲਾਸ਼ ਕੋਡਾਗੂ ਦੇ ਇੱਕ ਕੌਫੀ ਅਸਟੇਟ ਵਿੱਚ ਸੜੀ ਹੋਈ ਮਿਲੀ।
ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਚਾਰ ਟੀਮਾਂ ਬਣਾਈਆਂ ਸਨ। ਰਮੇਸ਼ ਦੀ ਦੂਜੀ ਪਤਨੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ 'ਚ ਸਾਹਮਣੇ ਆਇਆ ਕਿ ਔਰਤ ਨੇ 8 ਕਰੋੜ ਦੀ ਜਾਇਦਾਦ ਹੜੱਪਣ ਲਈ ਆਪਣੇ ਪਤੀ ਦਾ ਕਤਲ ਕੀਤਾ ਸੀ। ਫਿਰ ਉਸ ਦੀ ਲਾਸ਼ ਨੂੰ 840 ਕਿਲੋਮੀਟਰ ਦੂਰ ਲਿਜਾਅ ਕੇ ਸਾੜ ਦਿੱਤਾ ਗਿਆ।
ਅਸਲ 'ਚ ਰਮੇਸ਼ ਨੇ ਇਕ ਜਾਇਦਾਦ ਵੇਚੀ ਸੀ, ਜਿਸ 'ਚ 8 ਕਰੋੜ ਰੁਪਏ ਲੈਣ ਲਈ ਉਸ ਦੀ ਪਤਨੀ ਨੇ ਉਸ ਦੇ ਕਤਲ ਦੀ ਸਾਜਿ਼ਸ਼ ਰਚੀ ਸੀ।
ਮ੍ਰਿਤਕ ਦੀ ਪਛਾਣ ਰਮੇਸ਼ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ 54 ਸਾਲ ਸੀ। 8 ਅਕਤੂਬਰ ਨੂੰ ਕੋਡਾਗੂ ਦੇ ਕੌਫੀ ਅਸਟੇਟ 'ਚ ਅੱਧੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ। ਪੁਲਿਸ ਦੀਆਂ ਚਾਰ ਟੀਮਾਂ ਨੇ 500 ਤੋਂ ਵੱਧ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। 10 ਦਿਨਾਂ ਲਈ ਤਕਨੀਕੀ ਡਾਟਾ ਇਕੱਠਾ ਕੀਤਾ।
ਪੁਲਿਸ ਵਾਰਦਾਤ 'ਚ ਵਰਤੀ ਗਈ ਕਾਰ 'ਚ ਰਮੇਸ਼ ਦੇ ਘਰ ਪਹੁੰਚੀ। ਇਸ ਤੋਂ ਬਾਅਦ ਪੁਲਸ ਨੇ ਰਮੇਸ਼ ਦੀ ਦੂਜੀ ਪਤਨੀ ਨਿਹਾਰਿਕਾ ਅਤੇ ਉਸ ਦੇ ਦੋ ਦੋਸਤਾਂ ਡਾਕਟਰ ਨਿਖਿਲ ਅਤੇ ਅੰਕੁਰ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ।
ਨਿਹਾਰਿਕਾ ਨੇ ਪੈਸੇ ਲੈਣ ਲਈ ਕਤਲ ਦੀ ਸਾਜਿ਼ਸ਼ ਰਚੀ। ਉਸ ਨੇ ਆਪਣੇ ਦੋਸਤ ਰਾਣਾ ਨੂੰ 1 ਅਕਤੂਬਰ ਨੂੰ ਹੈਦਰਾਬਾਦ ਆਉਣ ਲਈ ਕਿਹਾ। 3 ਅਕਤੂਬਰ ਨੂੰ ਉਸ ਨੇ ਆਪਣੇ ਪਤੀ ਰਮੇਸ਼ ਕੁਮਾਰ ਨੂੰ ਵੀ ਹੈਦਰਾਬਾਦ ਬੁਲਾਇਆ। ਬਾਅਦ ਵਿੱਚ ਨਿਹਾਰਿਕਾ ਨੇ ਅੰਕੁਰ ਨੂੰ ਛੱਡਣ ਦੀ ਗੱਲ ਆਖੀ ਅਤੇ ਆਪਣੇ ਪਤੀ ਰਮੇਸ਼ ਨਾਲ ਕਾਰ ਵਿੱਚ ਬੈਠ ਗਈ।
ਰਸਤੇ ਵਿੱਚ ਅੰਕੁਰ ਅਤੇ ਨਿਹਾਰਿਕਾ ਨੇ ਰਮੇਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ 'ਚ ਦੋਵੇਂ ਬੇਂਗਲੁਰੂ 'ਚ ਹੋਰਾਮਾਵੂ ਚਲੇ ਗਏ। ਦੋਹਾਂ ਨੇ ਇਕ ਹੋਰ ਦੋਸਤ ਨਿਖਿਲ ਨੂੰ ਦੱਸਿਆ। ਲਾਸ਼ ਦੇ ਨਿਪਟਾਰੇ ਲਈ ਉਹ ਸੁਨਤੀਕੋਪਾ ਸਥਿਤ ਪਾਨੀਆ ਅਸਟੇਟ ਗਏ, ਜਿੱਥੇ ਉਨ੍ਹਾਂ ਨੇ ਲਾਸ਼ ਨੂੰ ਸਾੜ ਦਿੱਤਾ।