ਨਵੀਂ ਦਿੱਲੀ, 28 ਅਕਤੂਬਰ (ਪੋਸਟ ਬਿਊਰੋ): ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੂਜਾ ਯੂਕਰੇਨ ਸ਼ਾਂਤੀ ਸੰਮੇਲਨ ਨਵੀਂ ਦਿੱਲੀ ਵਿੱਚ ਹੋਵੇ। ਮੋਦੀ ਚਾਹੁਣ ਤਾਂ ਅਜਿਹਾ ਕਰ ਸਕਦੇ ਹਨ।
ਜ਼ੇਲੇਂਸਕੀ ਨੇ ਕਿਹਾ ਕਿ ਮੋਦੀ ਆਬਾਦੀ ਅਤੇ ਆਰਥਿਕਤਾ ਦੇ ਲਿਹਾਜ਼ ਨਾਲ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਭਾਰਤ ਅਤੇ ਮੋਦੀ ਕਿਸੇ ਵੀ ਟਕਰਾਅ ਨੂੰ ਰੋਕਣ ਵਿੱਚ ਵੱਡਾ ਪ੍ਰਭਾਵ ਪਾ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਯੂਕਰੇਨ ਅਤੇ ਰੂਸ ਵਿਚਾਲੇ ਗੱਲਬਾਤ ਦੀ ਸੰਭਾਵਨਾ 'ਤੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਅਜਿਹਾ ਕਰ ਸਕਦੇ ਹਨ।
ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਬ੍ਰਿਕਸ ਸੰਮੇਲਨ ਅਸਫਲ ਰਿਹਾ। ਇਸ ਵਿੱਚ ਏਕਤਾ ਦੀ ਘਾਟ ਸੀ। ਬ੍ਰਾਜ਼ੀਲ ਦੇ ਨੇਤਾ ਸੰਮੇਲਨ ਵਿਚ ਸ਼ਾਮਿਲ ਨਹੀਂ ਹੋਏ। ਬ੍ਰਿਕਸ ਸੰਮੇਲਨ 'ਚ ਕਈ ਦੇਸ਼ਾਂ ਦੇ ਨੇਤਾ ਮੌਜੂਦ ਸਨ ਪਰ ਉਨ੍ਹਾਂ 'ਚੋਂ ਜਿ਼ਆਦਾਤਰ ਉਹ ਸਨ, ਜਿਨ੍ਹਾਂ 'ਤੇ ਪੁਤਿਨ ਨੂੰ ਭਰੋਸਾ ਨਹੀਂ ਹੈ।
ਸਾਊਦੀ ਅਰਬ ਨੂੰ ਸੰਗਠਨ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ, ਪਰ ਸ਼ਾਮਿਲ ਨਹੀਂ ਹੋਇਆ। ਪੁਤਿਨ ਇਸ ਸੰਮੇਲਨ ਰਾਹੀਂ ਦੁਨੀਆਂ ਦੇ ਵੱਡੇ ਹਿੱਸੇ ਨੂੰ ਆਪਣੇ ਪਾਸੇ ਲਿਆਉਣਾ ਚਾਹੁੰਦੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ।