ਨਵੀਂ ਦਿੱਲੀ, 24 ਅਕਤੂਬਰ (ਪੋਸਟ ਬਿਊਰੋ): 2016 ਵਿੱਚ ਰਿਲੀਜ਼ ਹੋਈ ਆਮਿਰ ਖਾਨ ਸਟਾਰਰ ਫਿ਼ਲਮ ਦੰਗਲ ਨੇ ਪਹਿਲਵਾਨ-ਰਾਜਨੇਤਾ ਬਬੀਤਾ ਫੋਗਾਟ ਨੂੰ ਘਰ-ਘਰ ਵਿਚ ਮਸ਼ਹੂਰ ਬਣਾ ਦਿੱਤਾ ਸੀ। ਇਸ ਫਿ਼ਲਮ ਨੇ ਦੁਨੀਆਂ ਭਰ 'ਚ 2 ਹਜ਼ਾਰ 160 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ, ਫੋਗਾਟ ਪਰਿਵਾਰ ਜਿਸ ਤੋਂ ਇਹ ਕਹਾਣੀ ਪ੍ਰੇਰਿਤ ਹੋਈ ਸੀ, ਨੂੰ ਨਿਰਮਾਤਾਵਾਂ ਨੇ ਸਿਰਫ 1 ਕਰੋੜ ਰੁਪਏ ਦਿੱਤੇ ਸਨ।
ਬਬੀਤਾ ਨੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਗੱਲ ਕੀਤੀ। ਜਦੋਂ ਬਬੀਤਾ ਤੋਂ ਪੁੱਛਿਆ ਗਿਆ ਕਿ 'ਦੰਗਲ' ਦੇ ਮੇਕਰਜ਼ ਨੇ ਫੋਗਾਟ ਪਰਿਵਾਰ ਨੂੰ ਕਿੰਨੇ ਪੈਸੇ ਦਿੱਤੇ ਹਨ ਤਾਂ ਬਬੀਤਾ ਨੇ ਕਿਹਾ ਕਿ ਸਾਨੂੰ ਜੋ ਪੈਸਾ ਮਿਲਿਆ ਉਹ ਫਿ਼ਲਮ ਦੀ ਪੂਰੀ ਕਮਾਈ ਦਾ 1% ਤੋਂ ਵੀ ਘੱਟ ਸੀ।
ਅੱਗੇ ਪੁੱਛੇ ਜਾਣ `ਤੇ ਕਿ ਕੀ ਮੇਕਰਜ਼ ਨੇ ਫੋਗਾਟ ਪਰਿਵਾਰ ਨੂੰ 20 ਕਰੋੜ ਰੁਪਏ ਦਿੱਤੇ ਸਨ? ਇਸ ਦੇ ਜਵਾਬ 'ਚ ਬਬੀਤਾ ਨੇ ਕਿਹਾ ਕਿ ਇਹ ਵੀ 10 ਫੀਸਦੀ ਦਾ ਅੱਧਾ, ਲਗਭਗ 1 ਕਰੋੜ ਰੁਪਏ ਸੀ। ਇਸ ਡੀਲ ਨੂੰ ਆਮਿਰ ਖਾਨ ਦੇ ਨਿਰਮਾਤਾ ਦੇ ਤੌਰ 'ਤੇ ਆਉਣ ਤੋਂ ਬਹੁਤ ਪਹਿਲਾਂ ਅੰਤਿਮ ਰੂਪ ਦਿੱਤਾ ਗਿਆ ਸੀ, ਜਦੋਂ ਨਿਰਦੇਸ਼ਕ ਨਿਤੀਸ਼ ਤਿਵਾਰੀ ਦੀ ਟੀਮ ਸਕ੍ਰਿਪਟਿੰਗ ਪ੍ਰਕਿਰਿਆ ਵਿੱਚ ਸੀ।
ਬਬੀਤਾ ਨੇ ਅੱਗੇ ਕਿਹਾ ਕਿ ਪਾਪਾ (ਮਹਾਵੀਰ ਸਿੰਘ ਫੋਗਾਟ) ਨੇ ਮੇਕਰਜ਼ ਨੂੰ ਸਿਰਫ ਇਕ ਗੱਲ ਕਹੀ ਸੀ। ਸਾਨੂੰ ਲੋਕਾਂ ਦੇ ਪਿਆਰ ਅਤੇ ਸਤਿਕਾਰ ਦੀ ਲੋੜ ਹੈ। ਬਾਕੀ ਸਭ ਛੱਡੋ।
ਪਹਿਲਵਾਨ ਨੇ ਇਹ ਵੀ ਦੱਸਿਆ ਕਿ ਜਦੋਂ ਆਮਿਰ ਖਾਨ ਫਿ਼ਲਮ ਲਈ ਬੋਰਡ 'ਤੇ ਆਏ ਤਾਂ ਉਨ੍ਹਾਂ ਨੇ ਮੇਕਰਜ਼ ਨੂੰ ਕਿਰਦਾਰਾਂ ਦੇ ਨਾਂ ਬਦਲਣ ਦਾ ਸੁਝਾਅ ਦਿੱਤਾ ਸੀ ਪਰ ਸਾਡੇ ਪਿਤਾ ਇਸ ਲਈ ਤਿਆਰ ਨਹੀਂ ਸਨ। ਜਦੋਂ ਫਿਲਮ ਹਿੱਟ ਹੋਈ ਤਾਂ ਪਾਪਾ ਨੇ ਆਮਿਰ ਦੀ ਟੀਮ ਨੂੰ ਹਰਿਆਣਾ 'ਚ ਰੈਸਲਿੰਗ ਅਕੈਡਮੀ ਖੋਲ੍ਹਣ ਦਾ ਸੁਝਾਅ ਦਿੱਤਾ ਸੀ। ਪਰ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਵਿਚਾਰ ਦਾ ਜਵਾਬ ਨਹੀਂ ਦਿੱਤਾ।