ਪਟਨਾ, 28 ਅਕਤੂਬਰ (ਪੋਸਟ ਬਿਊਰੋ): ਬਿਹਾਰ ਦੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਵਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਪੱਪੂ ਯਾਦਵ ਨੂੰ ਸਲਮਾਨ ਖਾਨ ਮਾਮਲੇ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ ਹੈ। ਉਸ ਨੇ ਕਾਲ 'ਤੇ ਕਿਹਾ ਕਿ ਸਲਮਾਨ ਦੇ ਮਾਮਲੇ ਤੋਂ ਦੂਰ ਰਹੋ, ਅਸੀਂ ਕਰਮ ਅਤੇ ਕਾਂਡ ਦੋਵੇਂ ਕਰਦੇ ਹਾਂ।
ਧਮਕੀ ਦੇਣ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ 'ਲਾਰੈਂਸ ਬਿਸ਼ਨੋਈ 1 ਲੱਖ ਰੁਪਏ ਪ੍ਰਤੀ ਘੰਟਾ ਦੇ ਕੇ ਜੇਲ੍ਹ 'ਚ ਜੈਮਰ ਬੰਦ ਕਰਵਾ ਕੇ ਪੱਪੂ ਯਾਦਵ ਨਾਲ ਗੱਲ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ ਪਰ ਪੱਪੂ ਯਾਦਵ ਫ਼ੋਨ ਨਹੀਂ ਚੁੱਕ ਰਿਹਾ।
ਦਰਅਸਲ 12 ਅਕਤੂਬਰ ਨੂੰ ਮੁੰਬਈ 'ਚ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜਿ਼ੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਤੋਂ ਬਾਅਦ ਪੂਰਨੀਆ ਦੇ ਸੰਸਦ ਮੈਂਬਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਲਾਰੈਂਸ ਗੈਂਗ ਨੂੰ 24 ਘੰਟਿਆਂ ਦੇ ਅੰਦਰ ਖਤਮ ਕਰ ਦਿੱਤਾ ਜਾਵੇਗਾ।
ਪਿਛਲੇ ਵੀਰਵਾਰ ਨੂੰ ਪੱਪੂ ਯਾਦਵ ਨੇ ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਨਾਲ ਮੁੰਬਈ ਵਿੱਚ ਮੁਲਾਕਾਤ ਕੀਤੀ। ਉਹ ਆਪਣੇ ਰੁਝੇਵਿਆਂ ਕਾਰਨ ਅਦਾਕਾਰ ਸਲਮਾਨ ਖਾਨ ਨੂੰ ਨਹੀਂ ਮਿਲ ਸਕੇ ਸਨ। ਪਰ ਸਾਂਸਦ ਨੇ ਆਪਣੀ ਪੋਸਟ ਰਾਹੀਂ ਕਿਹਾ ਸੀ ਕਿ ਉਹ ਹਰ ਹਾਲਤ 'ਚ ਸਲਮਾਨ ਖਾਨ ਦੇ ਨਾਲ ਹਨ।
ਇਸ ਮਾਮਲੇ 'ਚ ਪੂਰਨੀਆ ਦੇ ਐੱਸਪੀ ਕਾਰਤੀਕੇਯ ਸ਼ਰਮਾ ਨੇ ਕਿਹਾ ਕਿ ਐੱਮਪੀ ਨੂੰ ਧਮਕੀ ਦੀ ਸੂਚਨਾ ਮਿਲੀ ਹੈ। ਅਸੀਂ ਜਾਂਚ ਕਰ ਰਹੇ ਹਾਂ। ਉਹ ਪਹਿਲਾਂ ਹੀ ਵਾਈ ਸੁਰੱਖਿਆ ਦੇ ਘੇਰੇ ਵਿੱਚ ਹੈ। ਫਿਲਹਾਲ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।
ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਪੱਪੂ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਪੱਤਰ ਰਾਹੀਂ ਉਨ੍ਹਾਂ ਨੇ ਵਾਈ ਸ਼੍ਰੇਣੀ ਦੀ ਸੁਰੱਖਿਆ ਅਤੇ ਜ਼ੈੱਡ ਸੁਰੱਖਿਆ ਹਟਾਉਣ ਦੀ ਮੰਗ ਕੀਤੀ ਸੀ। ਪੱਪੂ ਯਾਦਵ ਨੇ ਚਿੱਠੀ 'ਚ ਲਾਰੈਂਸ ਬਿਸ਼ਨੋਈ ਗੈਂਗ ਦਾ ਜਿ਼ਕਰ ਕੀਤਾ ਸੀ।