ਨਵੀਂ ਦਿੱਲੀ, 1 ਅਗਸਤ (ਪੋਸਟ ਬਿਊਰੋ): ਦਿੱਲੀ 'ਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕੁਝ ਘੰਟਿਆਂ ਤੱਕ ਭਾਰੀ ਮੀਂਹ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਨੂੰ ਮੀਂਹ ਦੌਰਾਨ ਕਰੰਟ ਲੱਗਣ ਨਾਲ 12 ਸਾਲਾ ਮੁਦਿਤ ਦੀ ਦਰਦਨਾਕ ਮੌਤ ਹੋ ਗਈ। ਬੱਚਾ ਟਿਊਸ਼ਨ ਤੋਂ ਬਾਅਦ ਘਰ ਪਰਤ ਰਿਹਾ ਸੀ ਜਦੋਂ ਉਹ ਇਸ ਹਾਦਸੇ ਦਾ ਸਿ਼ਕਾਰ ਹੋ ਗਿਆ।
ਇਹ ਘਟਨਾ ਦਵਾਰਕਾ ਦੇ ਬਿੰਦਾਪੁਰ ਇਲਾਕੇ ਦੇ ਡੀਡੀਏ ਫਲੈਟਾਂ ਵਿੱਚ ਵਾਪਰੀ ਜਿੱਥੇ ਮੀਂਹ ਕਾਰਨ ਬੀਐੱਸਈਐੱਸ ਬਿਜਲੀ ਦੀਆਂ ਤਾਰਾਂ ਜ਼ਮੀਨ `ਤੇ ਡਿੱਗ ਗਈਆਂ ਸਨ। ਇਸ ਕਾਰਨ ਸੜਕ ’ਤੇ ਪਾਣੀ ਭਰ ਜਾਣ ਕਾਰਨ ਨਾਬਾਲਿਗ ਤਾਰਾਂ ਨੂੰ ਦੇਖ ਨਹੀਂ ਸਕਿਆ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ’ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮੁਦਿਤ ਦੀ ਮੌਤ ਹੋ ਗਈ। ਇਹ ਘਟਨਾ ਕੱਲ੍ਹ ਸ਼ਾਮ 7 ਵਜੇ ਦੀ ਹੈ।
ਦਿੱਲੀ ਪੁਲਿਸ ਨੇ ਅਣਗਹਿਲੀ ਕਾਰਨ ਹੋਈ ਮੌਤ ਦਾ ਮਾਮਲਾ ਦਰਜ ਕਰਕੇ ਬਿਜਲੀ ਵਿਭਾਗ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 106 (1) ਤਹਿਤ ਕੇਸ ਦਰਜ ਕੀਤਾ ਗਿਆ ਹੈ।