ਓਟਵਾ, 11 ਜੁਲਾਈ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰੀਸਟੀਆ ਫਰੀਲੈਂਡ `ਤੇ ਪੂਰਾ ਭਰੋਸਾ ਹੈ, ਪਰ ਉਹ ਫੈਡਰਲ ਰਾਜਨੀਤੀ ਵਿਚ ਪ੍ਰਵੇਸ਼ ਕਰਨ ਬਾਰੇ ਮਾਰਕ ਕਾਰਨੀ ਨਾਲ ਵੀ ਗੱਲ ਕਰ ਰਹੇ ਹਨ।
ਕੈਬਨਿਟ ਵਿੱਚ ਫਰੀਲੈਂਡ ਦੀ ਭੂਮਿਕਾ ਉੱਤੇ ਵਿਚਾਰ ਕੀਤੇ ਜਾਣ ਦੀਆਂ ਖਬਰਾਂ ਵਿਚਕਾਰ ਟਰੂਡੋ ਨੇ ਵੀਰਵਾਰ ਨੂੰ ਵਾਸ਼ਿੰਗਟਨ, ਡੀ. ਸੀ. ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਰੀਲੈਂਡ ਕੈਨੇਡਾ ਲਈ ਅਸਲ ਵਿੱਚ ਵੱਡੇ ਕੰਮ ਕਰਨ ਵਿੱਚ ਇੱਕ ਕਰੀਬੀ ਦੋਸਤ, ਸਹਿਯੋਗੀ ਅਤੇ ਭਾਗੀਦਾਰ ਰਹੇ ਹਨ ਅਤੇ ਅੱਗੇ ਵੀ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਉਨ੍ਹਾਂ ਯੋਗਤਾਵਾਂ ਅਤੇ ਸਾਡੇ ਵੱਲੋਂ ਮਿਲਕੇ ਕੀਤੇ ਜਾਣ ਵਾਲੇ ਕੰਮ `ਤੇ ਪੂਰਾ ਭਰੋਸਾ ਹੈ। ਇਹ ਤੱਦ ਹੋਇਆ ਜਦੋਂ ਮੀਡੀਆ ਵਿਚ ਵੀਰਵਾਰ ਨੂੰ ਅਣਪਛਾਤੇ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਟਰੂਡੋ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀ ਸਫਲ ਆਰਥਿਕ ਸੰਦੇਸ਼ ਦੇਣ ਵਿੱਚ ਫਰੀਲੈਂਡ ਦੀ ਪ੍ਰਭਾਵਸ਼ੀਲਤਾ ਨੂੰ ਲੈ ਕੇ ਚਿੰਤਤ ਹਨ। ਇਹ ਵੀ ਕਿਹਾ ਗਿਆ ਕਿ ਉਪ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿਚਕਾਰ ਸੰਬੰਧ ਤਨਾਅ ਵਾਲੇ ਹੋ ਗਏ ਹਨ। ਇਹ ਵੀ ਚਰਚਾ ਹੈ ਕਿ ਵਿੱਤ ਵਿਭਾਗ ਵਿੱਚ ਫਰੀਲੈਂਡ ਦੇ ਸਥਾਨ `ਤੇ ਲੀਡਰਸਿ਼ਪ ਦੇ ਦਾਅਵੇਦਾਰ ਮਾਰਕ ਕਾਰਨੀ ਨੂੰ ਲਿਆਉਣ ਦੀ ਹੈ।