Welcome to Canadian Punjabi Post
Follow us on

30

June 2024
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ

June 19, 2024 01:15 AM

-ਡਾ. ਸੁਖਦੇਵ ਸਿੰਘ ਝੰਡ ਨੇ ਪੁਸਤਕ ‘ਤੇ ਪੇਪਰ ਪੜ੍ਹਿਆ ਤੇ ਕਈ ਵਿਦਵਾਨਾਂ ਨੇ ਇਸ ਗੋਸ਼ਟੀ ‘ਚ ਲਿਆ ਹਿੱਸਾ

-ਹਰਜੀਤ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ ਤੇ ਕਵੀ-ਦਰਬਾਰ ਵੀ ਹੋਇਆ

ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 21 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇਸ ਮਹੀਨੇ ਦੀ ਇਕੱਤਰਤਾ ਵਿੱਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਵਪ੍ਰਕਾਸ਼ਿਤ ਪੁਸਤਕ ‘ਕੱਚੇ ਪੱਕੇ ਰਾਹ’ ਜੋ ਉਨ੍ਹਾਂ ਦੀ ਸਵੈ-ਜੀਵਨੀ ਨੂੰਵੱਖ-ਵੱਖ ਆਰਟੀਕਲਾਂ ਦੇ ਰੂਪ ਵਿੱਚ ਬਾਖ਼ੂਬੀ ਪੇਸ਼ ਕਰਦੀ ਹੈ, ਉੱਪਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਡਾ. ਭੰਡਾਲ ਦੇ ਨਾਲ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਮੈਡਮ ਹਰਦੀਪ ਕੌਰ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਤੇ ਪੁਸਤਕ ‘ਤੇ ਪੇਪਰ ਪੜ੍ਹਨ ਵਾਲੇ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ।

ਸਮਾਗ਼ਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉੱਘੇ ਕਵੀ ਡਾ. ਮੋਹਨਜੀਤ ਨੂੰ ਯਾਦ ਕਰਦਿਆਂ ਹਾਜ਼ਰੀਨ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਖੜੇ ਹੋ ਕੇ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਅਮਰੀਕਾ ਤੋਂ ਉਚੇਚੇ ਤੌਰ ‘ਤੇ ਬਰੈਂਪਟਨ ਪਹੁੰਚੇ ਡਾ. ਗੁਰਬਖ਼ਸ਼ ਸਿੰਘ ਭੰਡਾਲ, ਸਮੂਹ ਮਹਿਮਾਨਾਂ ਤੇ ਮੈਂਬਰਾਂ ਨੂੰ ‘ਜੀ-ਆਇਆਂ’ ਕਹਿਣ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੂੰ ਪੁਸਤਕ’ਤੇ ਆਪਣਾ ਪੇਪਰ ਪੇਸ਼ ਕਰਨ ਲਈ ਕਿਹਾ ਗਿਆ।

 ‘ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ-ਪੱਕੇ ਰਾਹਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਆਪਣਾ ਪੇਪਰ ਆਰੰਭ ਕਰਦਿਆਂ ਡਾ. ਝੰਡ ਨੇ ਕਿਹਾ ਕਿ ਡਾ. ਗੁਰਬਖ਼ਸ਼ ਭੰਡਾਲ ਕੱਚੇ ਤੇ ਪੱਕੇ ਦੋਹਾਂ ਤਰ੍ਹਾਂ ਦੇ ਰਾਹਾਂ ਦਾ ਲੰਮਾਂ ਪਾਂਧੀ ਹੈ। ਉਸ ਦਾ ਇਹ ਸਫ਼ਰ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਭੰਡਾਲ ਬੇਟ ਤੋਂ ਆਰੰਭ ਹੋ ਕੇ ਧਾਲੀਵਾਲ ਬੇਟ, ਕਪੂਰਥਲਾ, ਜਲੰਧਰ, ਗੁਰੂਸਰ ਸੁਧਾਰ, ਗੁਰੂ ਕੀ  ਕਾਂਸ਼ੀ ਦਾ ‘ਕੱਚਾ ਰਸਤਾ’ ਤੈਅ ਕਰਕੇ ਹੁਸ਼ਿਆਰਪੁਰ ਦੀ ‘ਪੱਕੀ ਸੜਕ’ ਤੋਂ ਹੁੰਦਾ ਹੋਇਆਮੁੜ ਕਪੂਰਥਲਾ ਜਿੱਥੇ ਉਹ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੋਂ ਲੈ ਕੇ ਬੀ.ਐੱਸ.ਸੀ. ਤੱਕ ਵਿਦਿਆਰਥੀ ਰਿਹਾ ਸੀ, ਵਿੱਚ ਵਿਦਿਆਰਥੀਆਂ ਨੂੰ ਫਿਜ਼ਿਕਸ ਪੜ੍ਹਾਉਣ ਤੋਂ ਬਾਅਦ ਕੈਨੇਡਾ ਦਾ ‘ਹਵਾਈ ਮਾਰਗ’ ਫੜ੍ਹਦਾ ਹੈ। ਬਰੈਂਪਟਨ ਦੀਆਂ ਅਖ਼ਬਾਰਾਂ ‘ਪਰਵਾਸੀ’ਤੇ ‘ਕੈਨੇਡੀਅਨ ਪੰਜਾਬੀ ਪੋਸਟ’ ਵਿੱਚ ਕੁਝ ਸਾਲ ਕੰਮ ਕਰਕੇ ਥੋੜ੍ਹਾ ਜਿਹਾ ਸਾਹ ਲੈਣ ਤੋਂ ਬਾਅਦ ਲੰਮੇਂ ਸਫ਼ਰ ਦਾ ਇਹ ਪਾਂਧੀ 2015 ਵਿੱਚ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਨੂੰ ਚੱਲ ਪੈਂਦਾ ਹੈ ਜਿੱਥੇ ਉਸ ਨੂੰ ਉਡੀਕ ਰਹੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿੱਚ 40 ਸਾਲ ਬਾਅਦ ਕਿਸੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਫਿਜ਼ਿਕਸ ਪੜ੍ਹਾਉਣ ਦਾ ਆਪਣਾ ਸੁਪਨਾ ਪੂਰਾ ਕਰਦਾ ਹੈ।

ਡਾ. ਝੰਡ ਨੇ ਦੱਸਿਆ ਕਿ ਇਸ ਪੁਸਤਕ ਤੋਂ ਪਹਿਲਾਂ ਡਾ. ਭੰਡਾਲ ਦੀਆਂ 5 ਕਾਵਿ-ਪੁਸਤਕਾਂ, 14 ਵਾਰਤਕ ਪੁਸਤਕਾਂ ਤੇ ਇੱਕ ਸਫ਼ਰਨਾਮਾ ‘ਸੁਪਨਿਆਂ ਦੀ ਜੂਹ ਕਨੇਡਾ’ ਆ ਚੁੱਕੀਆਂ ਹਨ ਅਤੇ ਵਿਗਿਆਨ ਸਬੰਧੀ ਦੋ ਪੁਸਤਕਾਂ ਡਾ. ਕੁਲਵੰਤ ਸਿੰਘ ਥਿੰਦ ਨਾਲ ਸਾਂਝੀਆਂ ਛਪੀਆਂ ਹਨ। ਵਿਗਿਆਨ ਨਾਲ ਸਬੰਧਿਤ ਉਸ ਦੀ ਇੱਕ ਹੋਰ ਪੁਸਤਕ ‘ਨਿਊਕਲੀਅਰ ਬੰਬ ਤੇ ਨਿਊਕਲੀਅਰ ਦਵਾਈਆਂ’ ਵੀ ਜਲਦੀ ਹੀ ਛਪ ਰਹੀ ਹੈ। ਡਾ. ਭੰਡਾਲ ਅਤੀ ਸੰਵੇਦਨਸ਼ੀਲ ਲੇਖਕ ਹੈ ਅਤੇ ਇਹ ਸੰਵੇਦਨਸ਼ੀਲਤਾ ਉਸ ਦੀਆਂ ਇਨ੍ਹਾਂ ਪੁਸਤਕਾਂ ਵਿੱਚੋਂ ਬਾਖ਼ੂਬੀ ਝਲਕਦੀ ਹੈ।

ਹਥਲੀ ਪੁਸਤਕ ਬਾਰੇ ਉਸ ਦਾ ਕਹਿਣਾ ਸੀ ਕਿ ਇਸ ਦੇ ਮੁੱਢਲੇ ਦੋ ਅਧਿਆਇ ਡਾ. ਭੰਡਾਲ ਵੱਲੋਂ ਆਪਣੇ ਮਾਂ-ਬਾਪ ਦੀ ਨਿੱਘੀ ਯਾਦ ਨੂੰ ਸਮੱਰਪਿਤ ਕੀਤੇ ਗਏ ਹਨ ਅਤੇ ਇਸ ਦੇ ਅਗਲੇ ਅਧਿਆਵਾਂ ਵਿਚ ਉਹ ਆਪਣੇ ਪਿੰਡ, ਆਪਣੇ ਘਰ ਤੇ ਉਸ ਦੇ ਚੁਬਾਰੇ, ਆਪਣੇ ਸਕੂਲਾਂ ਤੇ ਉਨ੍ਹਾਂ ਵਿੱਚ ਪੜ੍ਹਾਉਂਦੇ ਰਹੇ ਆਪਣੇ ਮਿਹਨਤੀ ਅਧਿਆਪਕਾਂ ਨੂੰ ਯਾਦ ਕਰਦਾ ਹੈ। ਰਣਧੀਰ ਕਾਲਜ ਕਪੂਰਥਲਾ ਵਿੱਚ ਪੜ੍ਹਦਿਆਂ ‘ਪਰੈੱਪ’ (ਨਾਨ-ਮੈਡੀਕਲ) ਵਿੱਚ ਫੇਲ੍ਹ ਹੋ ਜਾਣ ਨੂੰ ਡਾ. ਭੰਡਾਲ ‘ਫੇਲ੍ਹ ਹੋਣ ਦਾ ਵਰਦਾਨ’ ਕਹਿੰਦਾ ਹੈ ਜਿਸ ਤੋਂ ਅੱਗੇ ਸਖ਼ਤ ਮਿਹਨਤ ਕਰਕੇ ਉਹ ਮੈਰਿਟ ਸਕਾਲਰਸ਼ਿਪ ਲੈ ਕੇ ਬੀ.ਐੱਸ.ਸੀ. ਤੇ ਐੱਮ.ਐੱਸ.ਸੀ. ਕਰਦਾ ਹੈ। ਪੀਐੱਚ.ਡੀ. ਉਹ ‘ਪਾਰਟ-ਟਾਈਮ ਰੀਸਰਚ ਸਕਾਲਰ’ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਰਦਾ ਹੈ। 2003 ਵਿਚ ਉਸਦਾ ਕੈਨੇਡਾ ਆਉਣ ਅਤੇ ਫਿਰ 12 ਸਾਲ ਬਾਅਦਇੱਥੋਂ2015 ਵਿਚ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਜਾਣ ਦਾ ਪ੍ਰੋਗਰਾਮ ਬਣਦਾ ਹੈ। ਇੰਜ, ਕੱਚੇ ਪੱਕੇ ਰਾਹਾਂ ‘ਤੇ ਚੱਲਦਿਆਂ ਡਾ. ਭੰਡਾਲ ਆਪਣੀ ‘ਜੀਵਨ-ਗੱਡੀ’ ਅੱਜਕੱਲ੍ਹ ਬਾਖ਼ੂਬੀ ਦੌੜਾਅ ਰਿਹਾ ਹੈ।

ਡਾ. ਭੰਡਾਲ ਨੂੰ ‘ਮੰਡ ਦਾ ਮੋਤੀ’ ਕਰਾਰ ਦਿੰਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਬੜਾ ਮਿਹਨਤੀ ਤੇ ਸੰਵੇਦਨਸ਼ੀਲ ਲੇਖਕ ਕਿਹਾ। ਡਾ. ਭੰਡਾਲ ਬਾਰੇ ਲਿਖੇ ਗਏ ਆਪਣੇ ਇੱਕ ਲੇਖ ਦਾ ਹਵਾਲਾ ਦਿੰਦਿਆਂ ਉਨ੍ਹਾਂ ਉਸ ਦੇ ਵਿੱਚੋਂ ਕੁਝ ਟੂਕਾਂ ਵੀ ਸਰੋਤਿਆਂ ਦੇ ਸਨਮੁੱਖਪੇਸ਼ ਕੀਤੀਆਂ। ਡਾ. ਭੰਡਾਲ ਦੀ ਵਾਰਤਕ ਅਤੇ ਕਵਿਤਾ ਦੇ ਬਾਖ਼ੂਬੀ ਸੁਮੇਲ ਬਾਰੇ ਗੱਲ ਕਰਦਿਆਂ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਕਈ ਵਾਰ ਇਨ੍ਹਾਂ ਦਾ ਨਿਖੇੜਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਡਾ. ਭੰਡਾਲ ਦੀ ਸ਼ਬਦਾਵਲੀ ਦੇ ਭੰਡਾਰ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਸ ਦੇ ਸ਼ਬਦ ਬੀਜਾਂ ਦੇ ‘ਕੇਰੇ’ ਵਾਂਗ ਕਿਰਦੇ ਹਨ। ਇਸ ਦੌਰਾਨ ਸਤਪਾਲ ਜੌਹਲ, ਕਵਿੱਤਰੀ ਸੁਰਜੀਤ ਕੌਰ, ਡਾ. ਸੁਰਿੰਦਰਜੀਤ ਕੌਰ, ਸੁਖਚਰਨਜੀਤ ਗਿੱਲ ਅਤੇ ਬਲਰਾਜ ਚੀਮਾਵੱਲੋਂ ਵੀ ਇਸ ਵਿਚਾਰ-ਚਰਚਾ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।

ਡਾ. ਭੰਡਾਲ ਨੇ ਆਪਣੀ ਇਸਮੌਕੇ ਬੋਲਦਿਆਂ ਕਿਹਾ ਕਿ ਇਹ ਉਸ ਦੀ ਸਵੈ-ਜੀਵਨੀ ਨਹੀਂ ਹੈ, ਸਗੋਂ ਇਹ ਤਾਂ ਉਸ ਦੇ ਜੀਵਨ ਦੇਖ਼ਾਮੋਸ਼ ਪਲਾਂ ਦੀ ਦਾਸਤਾਨ ਹੈ। ਉਸ ਨੇਦੱਸਿਆ ਕਿ ਉਹ ਜੀਵਨ ਵਿੱਚ ਪਹਿਲੀ ਵਾਰ ਉਦੋਂ ਖ਼ਾਮੋਸ਼ ਹੋਇਆ ਸੀ ਜਦੋਂ ਉਹ ਗਿਆਰਵੀਂ ਜਮਾਤ ਵਿੱਚੋਂ ਫੇਲ੍ਹ ਹੋਇਆ ਸੀ। ਫਿਰ ਇਹ ਖ਼ਾਮੋਸੀ ਉਸ ਦੇ ਜੀਵਨ ਵਿੱਚ ਉਦੋਂ ਵਰਤੀ ਸੀ ਜਦੋਂ ਪਹਿਲਾਂ ਉਸ ਦੀ ਮਾਂ ਤੇ ਫਿਰ ਬਾਪ ਵਾਰੀ-ਵਾਰੀ ਇਸ ਸੰਸਾਰ ਤੋਂ ਗਏ। ਇਹ ਖ਼ਾਮੋਸ਼ੀ ਉਦੋਂ ਹੋਰ ਵੀ ਸ਼ਿੱਦਤ ਨਾਲ ਦਿਲ-ਦਿਮਾਗ਼ ‘ਤੇ ਛਾਈ ਜਦੋਂ ਉਸ ਨੇ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿੱਚ 60 ਗੋਰੇ ਵਿਦਿਆਰਥੀਆਂ ਦੇ ਸਾਹਮਣੇ ਪਹਿਲੇ ਦਿਨ ਪੜ੍ਹਾਉਣ ਲਈ ਉਨ੍ਹਾਂ ਦੇ ਰੂ-ਬ-ਰੂ ਹੋਣਾ ਸੀ ਪਰ ਇਸ ਖ਼ਾਮੋਸੀ ਦੀ ਫ਼ਿਤਰਤ ਪਹਿਲੀਆਂ ਖ਼ਾਮੋਸ਼ੀਆਂ ਨਾਲੋਂ ਬਿਲਕੁਲ ਵੱਖਰੀ ਸੀ।ਹੌਲੀ-ਹੌਲੀ ਖ਼ਾਮੋਸ਼ੀ ਉਸ ਦੇ ਜੀਵਨ ਵਿਚੋਂ ਮਨਫ਼ੀ ਹੁੰਦੀ ਗਈ ਤੇ ਜ਼ਿੰਦਗੀ ਰਵਾਂ ਹੋਣ ਲੱਗੀ।

ਸਮਾਗ਼ਮ ਦੇ ਇਸ ਸੈਸ਼ਨ ਵਿਚ ਜਲੰਧਰ ਤੋਂ ਰੋਜ਼ਾਨਾ ਛਪਦੇ ਅਖ਼ਬਾਰ ‘ਅਜੀਤ’ ਦੇ ਟੋਰਾਂਟੋ ਏਰੀਏ ਦੇ ਸੀਨੀਅਰ ਪੱਤਰਕਾਰ, ਕਵੀ ਤੇ ਗੀਤਕਾਰ ਤੇ ਕਵੀ ਹਰਜੀਤ ਬਾਜਵਾ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਬਹੁ-ਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵੱਲੋਂ ਸਨਮਾਨ-ਪੱਤਰ ਤੇ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੀ ਸੁਪਤਨੀ ਵਿਨੀਤ ਬਾਜਵਾ ਨੂੰ ਸ਼ਾਨਦਾਰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਸਰੋਤਿਆਂ ਨਾਲ ਹਰਜੀਤ ਬਾਜਵਾ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ।

ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਹੋਏ ਕਵੀ-ਦਰਬਾਰ ਵਿੱਚ ਇਸ ਦੇ ਸੰਚਾਲਕ ਪਰਮਜੀਤ ਢਿੱਲੋਂ ਵੱਲੋਂ ਕਵੀਆਂ ਤੇ ਗਾਇਕਾਂ ਨੂੰ ਤਰਤੀਬਵਾਰ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚ ਸੱਭ ਤੋਂ ਪਹਿਲਾਂ ਗਾਇਕ ਹੈਰੀ ਸੰਧੂ ਨੇ ਆਪਣਾ ਗੀਤ ਸੁਣਾਇਆ ਅਤੇ ਫਿਰ ਵਾਰੋਵਾਰੀ ਨਵਰਾਜ ਬੈਨੀਪਾਲ, ਮਕਸੂਦ ਚੌਧਰੀ, ਕਰਨ ਅਜਾਇਬ ਸੰਘਾ, ਮਲਵਿੰਦਰ, ਪ੍ਰੀਤਮ ਧੰਜਲ, ਜਗੀਰ ਸਿੰਘ ਕਾਹਲੋਂ,ਡਾ. ਬਲਜਿੰਦਰ ਸੇਖੋਂ, ਨੀਟਾ ਬਲਵਿੰਦਰ, ਸੁਰਿੰਦਰਜੀਤ ਕੌਰ, ਸੁਖਚਰਨਜੀਤ ਗਿੱਲ, ਕੁਲਵੰਤ ਕੌਰ ਗੈਦੂ, ਇਕਬਾਲ ਬਰਾੜ, ਹਰਮੇਸ਼ ਜੀਂਦੋਵਾਲ, ਸੁਰਿੰਦਰ ਸ਼ਰਮਾ, ਮਲੇਰਕੋਟਲਾ ਤੋਂ ਪਿਛਲੇ ਦਿਨੀਂ ਆਏ ਜਨਾਬ ਨੂਰ ਮੁਹੰਮਦ ਨੂਰ, ਜੱਸੀ ਭੁੱਲਰ, ਹਰਦਿਆਲ ਝੀਤਾ ਤੇ ਕਈ ਹੋਰਨਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਜਨਾਬ ਨੂਰ ਮੁਹੰਮਦ ਨੂਰ, ਸਤਪਾਲ ਜੌਹਲ, ਨੀਟਾ ਬਲਵਿੰਦਰ, ਬਲਰਾਜ ਚੀਮਾ ਅਤੇ ਸਿਕੰਦਰ ਸਿੰਘ ਗਿੱਲਬਿਰਾਜਮਾਨ ਸਨ।

ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਬੜੇ ਸੰਖੇਪ ਤੇ ਖ਼ੂਬਸੂਰਤ ਸ਼ਬਦਾਂ ਵਿੱਚ ਸਮਾਗ਼ਮ ਦੀ ਸਮੁੱਚੀ ਕਾਰਵਾਈ ਨੂੰ ਸਮੇਟਿਆ ਗਿਆ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰੋਤਿਆਂ ਵਿਚ ਕ੍ਰਿਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਦਲਜੀਤ ਸਿੰਘ ਗੈਦੂ, ਕਰਨੈਲ ਸਿੰਘ ਮਰਵਾਹਾ, ਹੁਨਰ ਕਾਹਲੋਂ, ਸ਼ਮਸ਼ੇਰ ਸਿੰਘ, ਸੁਰਿੰਦਰਪਾਲ, ਪਰਮਜੀਤ ਦਿਓਲ, ਰਮਿੰਦਰ ਵਾਲੀਆ, ਗੁਰੰਜਲ ਕੌਰ, ਨਿਰਮਲ ਕੌਰ, ਜਗਦੀਸ਼ ਕੌਰ ਕਾਹਲੋਂ, ਸਰਬਜੀਤ ਕਾਹਲੋਂ, ਜਗਦੀਸ਼ ਕੌਰ ਝੰਡ, ਵਿਨੀਤ ਬਾਜਵਾ, ਰਿੰਟੂ ਭਾਟੀਆ ਤੇ ਕਈ ਹੋਰ ਸ਼ਾਮਲ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਨੇਡਾ ਦਿਵਸ ਦੇ ਲੌਂਗ ਵੀਕੈਂਡ ਮੌਕੇ ਓਂਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਪੀਲ ਪੁਲਿਸ ਨੂੰ ਜਾਂਚ ਦੌਰਾਨ ਲੋਡਿਡ ਰਿਵਾਲਵਰ ਮਿਲਿਆ ਟੋਰਾਂਟੋ ਉਪ ਚੋਣ ਵਿੱਚ ਹੈਰਾਨੀਜਨਕ ਹਾਰ ਦੇ ਬਾਵਜੂਦ ਵੀ ਬਰੈਂਪਟਨ ਦੇ ਸੰਸਦਾਂ ਨੇ ਪ੍ਰਧਾਨ ਮੰਤਰੀ ਟਰੂਡੋ ਦਾ ਕੀਤਾ ਸਮਰਥਨ ਫੋਰਡ ਨੇ ਪਿਅਰਸਨ ਵਿੱਚ ਪੇਸ਼ੀ ਦੇ ਦੌਰਾਨ ਓਂਟਾਰੀਓ ਸਾਇੰਸ ਸੈਂਟਰ ਦੇ ਬੰਦ ਹੋਣ ਬਾਰੇ ਵਿੱਚ ਸਵਾਲਾਂ ਤੋਂ ਵੱਟਿਆ ਪਾਸਾ ਸਕਾਈਡੌਮ ਗਰੁੱਪ ਆਫ਼ ਕੰਪਨੀਜ਼ ਟੋਰਾਂਟੋ ਨੇ ਕਰਵਾਇਆ ਆਪਣਾ 27ਵਾਂ ਸਲਾਨਾ ਮੇਲਾ ਜੇਨ ਸਬਵੇਅ ਸਟੇਸ਼ਨ ਦੇ ਬਾਹਰ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੌਤ ਜੇਨ ਸਟਰੀਟ ਕੋਲ ਹਾਈਵੇ 401 `ਤੇ ਹਾਦਸੇ ਵਿੱਚ ਨੌਜਵਾਨ ਦੀ ਮੌਤ ਸਕਾਰਬੋਰੋ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਓਂਟਾਰੀਓ ਸਾਇੰਸ ਸੈਂਟਰ 50 ਤੋਂ ਵੱਧ ਕਰਮਚਾਰੀਆਂ ਦੀ ਕਰੇਗਾ ਛਾਂਟੀ ਬਰੈਂਪਟਨ ਦੇ ਚਿੰਗੁਆਕੌਸੀ ਪਾਰਕ ਵਿੱਚ ਮਨਾਇਆ ਜਾਵੇਗਾ ਕੈਨੇਡਾ ਦਿਵਸ