ਓਂਟਾਰੀਓ, 25 ਜੂਨ (ਪੋਸਟ ਬਿਊਰੋ): ਓਂਟਾਰੀਓ ਸਾਇੰਸ ਸੈਂਟਰ ਵਿੱਚ ਛਾਂਟੀ ਸ਼ੁਰੂ ਹੋ ਗਈ ਹੈ।ਓਂਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਵਿੱਚ 50 ਤੋਂ ਵੱਧ ਫੂਡ ਸਰਵਿਸ ਕਰਮਚਾਰੀਆਂ ਨੂੰ ਕੱਢਿਆ ਜਾਵੇਗਾ। ਯੂਨੀਅਨ ਦਾ ਕਹਿਣਾ ਹੈ ਕਿ ਕਰਮਚਾਰੀ ਲੇਵੀ ਕੈਨੇਡਾ ਨਾਮਕ ਬਾਹਰੀ ਠੇਕੇਦਾਰ ਵੱਲੋਂ ਤੈਨਾਤ ਹਨ।
ਸੂਬੇ ਨੇ ਪਿਛਲੇ ਸ਼ੁੱਕਰਵਾਰ ਦੁਪਹਿਰ ਨੂੰ ਅਚਾਨਕ ਸਾਇੰਸ ਸੈਂਟਰ ਨੂੰ ਬੰਦ ਕਰਨ ਦਾ ਐਲਾਨ ਕੀਤਾ।
ਇੰਫ੍ਰਾਸਟਰਕਚਰ ਓਂਟਾਰੀਓ ਦਾ ਕਹਿਣਾ ਹੈ ਕਿ ਛੱਤ ਦੇ ਕੁੱਝ ਹਿੱਸਿਆਂ ਵਿੱਚ ਢਾਂਚੇ ਦੀਆਂ ਸਮੱਸਿਆਵਾਂ ਸਨ, ਜਿਸ ਕਾਰਨ ਇਮਾਰਤ ਨੂੰ ਲੋਕਾਂ ਲਈ ਅਚਾਨਕ ਬੰਦ ਕਰਨਾ ਪਿਆ।
ਇਮਾਰਤ ਨੂੰ ਬੰਦ ਕਰਨ ਨਲ ਸਥਾਨਲ ਨਿਵਾਸੀਆਂ, ਵਿਗਿਆਨ ਪ੍ਰੇਮੀਆਂ ਅਤੇ ਇਮਾਰਤ ਨੂੰ ਡਿਜ਼ਾਇਨ ਕਰਨ ਵਾਲੀ ਆਰਕੀਟੇਕਚਰਲ ਫਰਮ ਵਿੱਚ ਕਾਫ਼ੀ ਨਰਾਜ਼ਗੀ ਹੈ।
ਯੂਨੀਅਨ ਦੇ ਪ੍ਰਧਾਨ ਜੇ. ਪੀ. ਹਾਰਨਿਕ ਨੇ ਕਿਹਾ ਕਿ ਇਹ ਸਰਕਾਰ ਸਪੱਸ਼ਟ ਰੂਪ ਨਾਲ ਇਸ ਖੂਬਸੂਰਤ, ਇਤਿਹਾਸਿਕ ਇਮਾਰਤ ਨੂੰ ਬੰਦ ਕਰਨ ਦੇ ਬਹਾਨੇ ਲੱਭ ਰਹੀ ਹੈ। ਪਰ ਉਨ੍ਹਾਂ ਨੇ ਇਸ ਗੱਲ `ਤੇ ਧਿਆਨ ਨਹੀਂ ਦਿੱਤਾ ਕਿ ਓਂਟਾਰੀਓ ਵਿੱਚ ਕਿੰਨੇ ਲੋਕ ਸਾਇੰਸ ਸੈਂਟਰ ਨੂੰ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਇਹ ਜਿੱਥੇ ਹੈ, ਉਥੇ ਹੀ ਖੁੱਲ੍ਹਿਆ ਰਹੇ।
ਸੂਬੇ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਵਿਗਿਆਨ ਕੇਂਦਰ ਨੂੰ ਨਵੇਂ ਓਂਟਾਰੀਓ ਪਲੇਸ ਵਿੱਚ ਤਬਦੀਲ ਕੀਤਾ ਜਾਵੇਗਾ, ਜੋ ਨਿਰਮਾਣ ਦੇ ਸ਼ੁਰੂਆਤੀ ਪੜਾਅ ਵਿੱਚ ਹੈ, ਜਿੱਥੇ ਇਹ ਇੱਕ ਵੱਡੇ ਸਪਾ, ਮੁੜਸੁਰਜੀਤ ਕੀਤੇ ਸੰਗੀਤ ਸਮਾਰੋਹ ਸਥਾਨ ਅਤੇ ਇੱਕ ਨਵੇਂ ਮਰੀਨਾ ਨਾਲ ਜੁੜ ਜਾਵੇਗਾ।