ਟੋਰਾਂਟੋ, 14 ਜੂਨ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਏਟੋਬਿਕੋਕ ਵਿੱਚ ਟੀਟੀਸੀ ਬਸ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ ਸ਼ਾਮਿਲ 15 ਸਾਲਾ ਲੜਕਾ ਚਾਕੂ ਲੈ ਕੇ ਜਾ ਰਿਹਾ ਸੀ। ਸ਼ਾਮ 6 ਵਜੇ ਤੋਂ ਕੁੱਝ ਪਹਿਲਾਂ, ਅਧਿਕਾਰੀਆਂ ਨੇ ਕਵੀਂਸਵੇ ਦੇ ਉਤਰ ਵਿੱਚ ਬੇਰੀ ਅਤੇ ਪਾਰਕ ਲਾਨ ਰੋਡ ਕੋਲ ਇੱਕ ਬਸ ਵਿੱਚ ਚਾਕੂ ਨਾਲ ਇੱਕ ਵਿਅਕਤੀ ਦੇ ਹੋਣ ਦੀ ਸੂਚਨਾ ਮਿਲਣ `ਤੇ ਕਾਰਵਾਈ ਕੀਤੀ। ਪੁਲਿਸ ਨੇ ਕਿਹਾ ਕਿ ਇੱਕ ਟੀਨਏਜ਼ਰ ਲੜਕਾ ਬਸ ਵਿੱਚ ਚੜ੍ਹਿਆ ਅਤੇ ਪਿੱਛੇ ਵੱਲ ਚਲਿਆ ਗਿਆ, ਜਿੱਥੇ ਇੱਕ ਹੋਰ ਟੀਨਏਜ਼ਰ ਬੈਠਾ ਸੀ। ਪੁਲਿਸ ਨੇ ਕਿਹਾ ਕਿ ਇਸ ਦੌਰਾਨ ਦੋਨਾਂ ਵਿਚਕਾਰ ਜ਼ਬਾਨੀ ਅਤੇ ਸਰੀਰਕ ਝੜਪ ਹੋਈ। ਲੜਾਈ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਲੁਕੋਇਆ ਹੋਇਆ ਚਾਕੂ ਕੱਢਿਆ ਅਤੇ ਵਾਰ ਕਰ ਦਿੱਤਾ।
ਅਧਿਕਾਰੀ ਜ਼ਖਮੀ ਟੀਨਏਜ਼ਰ ਨੂੰ ਕੋਲ ਪਹੁੰਚੇ, ਜਦੋਂਕਿ ਦੂਜੇ ਨੇ ਘਟਨਾ ਸਥਾਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਛੇਤੀ ਹੀ ਉਸਨੂੰ ਫੜ੍ਹ ਲਿਆ ਗਿਆ। ਪੁਲਿਸ ਨੇ ਕਿਹਾ ਕਿ ਦੋਨਾਂ ਲੜਕਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਜਾਨਲੇਵਾ ਸੱਟਾਂ ਨਹੀਂ ਹਨ। ਬਸ ਆਪਰੇਟਰ ਨੂੰ ਘਟਨਾ ਦੌਰਾਨ ਮਾਮੂਲੀ ਸੱਟਾਂ ਲੱਗੀਆਂ। ਵੀਰਵਾਰ ਨੂੰ ਪੁਲਿਸ ਨੇ ਦੱਸਿਆ ਕਿ ਦੋਨਾਂ 15 ਸਾਲਾ ਲੜਕਿਆਂ `ਤੇ ਹਥਿਆਰ ਨਾਲ ਹਮਲੇ ਤਹਿਤ ਚਾਰਜ ਲਾਇਆ ਗਿਆ ਹੈ।
ਉਨ੍ਹਾਂ ਵਿਚੋਂ ਇੱਕ ਉੱਤੇ ਹਥਿਆਰ ਲਿਜਾਣ, ਅਪਰਾਧ ਕਰਨ ਲਈ ਹਥਿਆਰ ਰੱਖਣ ਅਤੇ ਰਿਹਾਈ ਹੁਕਮ ਦਾ ਪਾਲਣ ਨਾ ਕਰਨ ਤੋਂ ਇਲਾਵਾ ਚਾਰਜਿਜ਼ ਵੀ ਹਨ।