ਓਨਟਾਰੀਓ, 23 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਦੀ ਵਿਧਾਨਸਭਾ ਵਿੱਚ ਕੈਫੀਯੇਹ ਉੱਤੇ ਲਾਈ ਗਈ ਪਾਬੰਦੀ ਨੂੰ ਜਾਰੀ ਰੱਖਣ ਦੇ ਪੱਖ ਵਿੱਚ ਓਨਟਾਰੀਓ ਸਰਕਾਰ ਦੇ ਕੁੱਝ ਮੈਂਬਰਾਂ ਨੇ ਮੁੜ ਵੋਟ ਪਾਈ।
ਪ੍ਰਸ਼ਨ ਕਾਲ ਦੌਰਾਨ ਪਬਲਿਕ ਗੈਲਰੀਜ਼ ਤੋਂ ਵਿਧਾਨਸਭਾ ਦੀ ਕਾਰਵਾਈ ਵੇਖਣ ਵਾਲੇ ਕੁੱਝ ਵਿਅਕਤੀਆਂ ਨੇ ਕੈਫੀਯੇਹ(ਸਕਾਰਫ) ਪਾਏ ਹੋਏ ਸਨ।ਵਿਧਾਨਸਭਾ ਦੀ ਸਕਿਊਰਿਟੀ ਨੇ ਅਜਿਹੇ ਮੁਜ਼ਾਹਰਾਕਾਰੀਆਂ ਨੂੰ ਬਾਹਰ ਕੱਢ ਦਿੱਤਾ ਜਿਹੜੇ “ਫਲਸਤੀਨ ਨੂੰ ਆਜ਼ਾਦ ਕਰੋ”ਦੇ ਨਾਅਰੇ ਲਾ ਰਹੇ ਸਨ।
ਜਿ਼ਕਰਯੋਗ ਹੈ ਕਿ ਵਿਧਾਨਸਭਾ ਦੇ ਸਪੀਕਰ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਚੇਂਬਰ ਤੇ ਬਿਲਡਿੰਗ ਵਿੱਚ ਮੌਜੂਦ ਲੋਕ ਕੈਫੀਯੇਹ ਨਹੀਂ ਪਾ ਸਕਦੇ। ਸਪੀਕਰ ਅਨੁਸਾਰ ਇਹ ਕੈਫੀਯੇਹ ਸਿਆਸੀ ਸਮਰਥਨ ਲਈ ਪਾਏ ਜਾ ਰਹੇ ਹਨ। ਪ੍ਰੀਮੀਅਰ ਡੱਗ ਫੋਰਡ ਸਮੇਤ ਵਿਧਾਨਸਭਾ ਵਿੱਚ ਮੌਜੂਦ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਪੀਕਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣ ਲਈ ਵਾਰੀ ਵਾਰੀ ਆਖਿਆ ਜਾ ਚੁੱਕਿਆ ਹੈ।
ਪਰ ਐਨਡੀਪੀ ਵੱਲੋਂ ਇਸ ਫੈਸਲੇ ਨੂੰ ਬਦਲਣ ਲਈ ਅੱਜ ਲਿਆਂਦਾ ਗਿਆ ਮਤਾ ਉਸ ਸਮੇਂ ਫੇਲ੍ਹ ਹੋ ਗਿਆ ਜਦੋ ਸਰਕਾਰ ਦੇ ਕੁੱਝ ਮੈਂਬਰਾਂ ਨੇ ਇਸ ਦੇ ਹੱਕ ਵਿੱਚ ਵੋਟ ਪਾਈ।ਪਿਛਲੇ ਸਾਲ ਐਨਡੀਪੀ ਕਾਕਸ ਵਿੱਚੋਂ ਕੱਢੀ ਗਈ ਸਾਰਾਹ ਜਾਮਾ, ਜੋ ਕਿ ਹੁਣ ਆਜ਼ਾਦ ਮੈਂਬਰ ਵਜੋਂ ਵਿਧਾਨਸਭਾ ਵਿੱਚ ਬੈਠਦੀ ਹੈ, ਨੇ ਮਤਾ ਫੇਲ੍ਹ ਹੋਣ ਤੋਂ ਬਾਅਦ ਕੈਫੀਯੇਹ ਪਾ ਲਿਆ ਪਰ ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਇਸ ਨੂੰ ਹਟਾਉਣ ਲਈ ਨਹੀਂ ਆਖਿਆ ਹੈ।