ਇਟੋਬੀਕੋ, 29 ਫਰਵਰੀ (ਪੋਸਟ ਬਿਊਰੋ) : ਇਟੋਬੀਕੋ ਵਿੱਚ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਇੱਕ ਗੱਡੀ ਵਿੱਚ ਸਵਾਰ ਲੋਕਾਂ ਵੱਲੋਂ ਦੂਜੀ ਗੱਡੀ ਉੱਤੇ ਗੋਲੀਆਂ ਚਲਾਉਣ ਦੀਆਂ ਖਬਰਾਂ ਦੇ ਕੇ ਵੀਰਵਾਰ ਨੂੰ ਦੁਪਹਿਰੇ 12:30 ਵਜੇ ਤੋਂ ਬਾਅਦ ਟੋਰਾਂਟੋ ਪੁਲਿਸ ਨੂੰ ਫਿੰਚ ਐਵਨਿਊ ਵੈਸਟ ਤੇ ਵੈਸਟਰਮ ਡਰਾਈਵ ਇਲਾਕੇ ਵਿੱਚ ਸੱਦਿਆ ਗਿਆ। ਜਦੋਂ ਜਾਂਚਕਾਰ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਇੱਕ ਗੱਡੀ ਵਿੱਚ ਮਿਲਿਆ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ੂਟਿੰਗ ਸਮੇਂ ਗੱਡੀ ਵਿੱਚ ਕੋਈ ਹੋਰ ਸ਼ਖਸ ਵੀ ਮੌਜੂਦ ਸੀ।
ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਯੂਨਿਟ ਦੇ ਡਿਟੈਕਟਿਵ ਅਲ ਬਾਰਟਲੈਟ ਨੇ ਦੱਸਿਆ ਕਿ ਮਸ਼ਕੂਕਾਂ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਹੌਂਡਾ ਵਿੱਚ ਫਿੰਚ ਐਵਨਿਊ ਉੱਤੇ ਪੱਛਮ ਵੱਲ ਜਾਂਦਿਆਂ ਵੇਖਿਆ ਗਿਆ। ਬਾਰਟਲੈਟ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਗੱਡੀ ਦੇ ਪਿਛਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਮਸ਼ਕੂਕਾਂ ਸਬੰਧੀ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਪਰ ਬਾਰਟਲੈਟ ਦਾ ਕਹਿਣਾ ਹੈ ਕਿ ਉਨ੍ਹਾਂ ਮੁਤਾਬਕ ਦੋ ਮਸ਼ਕੂਕ ਇਸ ਸਾਰੇ ਘਟਨਾਕ੍ਰਮ ਵਿੱਚ ਸ਼ਾਮਲ ਸਨ।