ਮੁੰਬਈ, 11 ਫਰਵਰੀ (ਪੋਸਟ ਬਿਊਰੋ): ਭਾਰਤੀ ਰੇਲਵੇ ਨੂੰ ਦੇਸ਼ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ। ਲੱਖਾਂ ਲੋਕ ਰੇਲਵੇ ਦੀ ਮਦਦ ਨਾਲ ਆਪਣੀ ਮੰਜ਼ਲ 'ਤੇ ਪਹੁੰਚਦੇ ਹਨ। ਜੇਕਰ ਇੱਥੇ ਇੱਕ ਦਿਨ ਵੀ ਲੋਕਲ ਟਰੇਨਾਂ ਨੂੰ ਰੋਕ ਦਿੱਤਾ ਗਿਆ ਤਾਂ ਪੂਰਾ ਮੁੰਬਈ ਠੱਪ ਹੋ ਜਾਵੇਗਾ। ਸ਼ਨੀਵਾਰ ਨੂੰ ਵੀ ਕੁਝ ਅਜਿਹਾ ਹੀ ਹੋਇਆ। ਰੇਲਵੇ ਨੂੰ ਕਈ ਲੋਕਲ ਟਰੇਨਾਂ ਸਮੇਤ 147 ਟਰੇਨਾਂ ਰੱਦ ਕਰਨੀਆਂ ਪਈਆਂ। ਇਸ ਦੇ ਨਾਲ ਹੀ ਕਈ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਚੱਲੀਆਂ। ਇਸਦੇ ਪਿੱਛੇ ਇੱਕ ਹੀ ਕਾਰਨ ਸੀ। ਦਰਅਸਲ ਸ਼ਨੀਵਾਰ ਨੂੰ ਸਾਰੇ ਰੇਲਵੇ ਕਰਮਚਾਰੀ ਆਪਣੇ ਇਕ ਸਾਥੀ ਕਰਮਚਾਰੀ ਦੀ ਅੰਤਮ ਯਾਤਰਾ 'ਚ ਸ਼ਾਮਲ ਹੋਣ ਲਈ ਗਏ ਸਨ। ਇਸ ਕਾਰਨ ਮੁੰਬਈ ਵਿੱਚ ਰੇਲ ਗੱਡੀਆਂ ਦੇ ਪਹੀਏ ਰੁਕ ਗਏ।
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਕਈ ਮੋਟਰਮੈਨ ਆਪਣੇ ਸਾਥੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਸ਼ਮਸ਼ਾਨਘਾਟ ਗਏ ਸਨ, ਜਿਸ ਕਾਰਨ ਬਾਈਕਲਾ ਅਤੇ ਸੈਂਡਹਰਸਟ ਸਟੇਸ਼ਨਾਂ ਵਿਚਾਲੇ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਕਾਰਨ ਸੀਐਸਐਮਟੀ ਸਮੇਤ ਕਈ ਸਟੇਸ਼ਨਾਂ ’ਤੇ ਹਜ਼ਾਰਾਂ ਯਾਤਰੀ ਫਸ ਗਏ। ਜਦੋਂ ਯਾਤਰੀਆਂ ਨੇ ਰੇਲ ਗੱਡੀਆਂ ਨਾ ਚੱਲਣ ਦਾ ਕਾਰਨ ਪੁੱਛਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਕਈ ਮੋਟਰਮੈਨ ਆਪਣੇ ਸਾਥੀ ਦੇ ਅੰਤਿਮ ਸੰਸਕਾਰ ਲਈ ਕਲਿਆਣ ਗਏ ਸਨ।