ਓਟਵਾ, 30 ਨਵੰਬਰ (ਪੋਸਟ ਬਿਊਰੋ) : ਆਪਣੇ ਉਮਰਦਰਾਜ਼ ਹੋ ਚੁੱਕੇ ਸੀਪੀ-140 ਅਰੋਰਾ ਫਲੀਟ ਨੂੰ ਬਦਲਣ ਲਈ ਫੈਡਰਲ ਸਰਕਾਰ ਅਮਰੀਕਾ ਤੋਂ 14 ਬੋਇੰਗ ਸਰਵੇਲੈਂਸ ਜਹਾਜ਼ ਖਰੀਦਣ ਜਾ ਰਹੀ ਹੈ।
ਇਸ ਡੀਲ ਉੱਤੇ 10·3 ਬਿਲੀਅਨ ਡਾਲਰ ਦਾ ਕੁੱਲ ਖਰਚਾ ਆਵੇਗਾ, ਜਿਨ੍ਹਾਂ ਵਿੱਚੋਂ 5·9 ਬਿਲੀਅਨ ਡਾਲਰ ਦੇ ਤਾਂ ਜੈੱਟ ਹੀ ਹੋਣਗੇ। ਇਹ ਜਹਾਜ਼ ਕੈਨੇਡਾ ਨੂੰ 2026 ਤੇ 2027 ਵਿੱਚ ਮਿਲ ਜਾਣਗੇ। ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਬਿੱਲ ਬਲੇਅਰ ਨੇ ਆਖਿਆ ਕਿ ਇਹ ਏਅਰਕ੍ਰਾਫਟ ਮਾਮੂਲੀ ਜਹਾਜ਼ ਨਹੀਂ ਹੋਣਗੇ। ਇਨ੍ਹਾਂ ਦਾ ਗੁੰਝਲਦਾਰ ਵੈਪਨਜ਼ ਸਿਸਟਮ ਹੋਵੇਗਾ ਤੇ ਇਨ੍ਹਾਂ ਦੀ ਸਫਲਤਾ ਦਾ ਟਰੈਕ ਰਿਕਾਰਡ ਵੀ ਬਹੁਤ ਚੰਗਾ ਹੈ।
ਕੈਨੇਡਾ ਦਾ ਅਰੋਰਾ ਫਲੀਟ, ਪਹਿਲਾਂ ਹੀ ਚਾਰ ਦਹਾਕੇ ਪੁਰਾਣਾ ਹੈ ਤੇ 2030 ਵਿੱਚ ਇਹ ਜਹਾਜ਼਼ ਆਪਣੀ ਰਿਟਾਇਰਮੈਂਟ ਦੀ ਉਮਰ ਵਿੱਚ ਪਹੁੰਚ ਜਾਣਗੇ। ਬਲੇਅਰ ਨੇ ਆਖਿਆ ਕਿ ਇਨ੍ਹਾਂ ਜਹਾਜ਼ਾਂ ਨੂੰ ਉਸ ਤੋਂ ਪਹਿਲਾਂ ਹੀ ਬਦਲਣਾ ਬੇਹੱਦ ਜ਼ਰੂਰੀ ਹੋ ਗਿਆ ਸੀ। ਬਲੇਅਰ ਨੇ ਆਖਿਆ ਕਿ ਸਾਡੇ ਕੋਲ ਇਹ ਸਹੀ ਚੋਣ ਨਹੀਂ ਸੀ ਸਗੋਂ ਸਿਰਫ ਇਹੋ ਬਦਲ ਮੌਜੂਦ ਸੀ।