ਓਟਵਾ, 19 ਨਵੰਬਰ (ਪੋਸਟ ਬਿਊਰੋ) : ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਮੰਗਲਵਾਰ ਨੂੰ ਵਿੱਤੀ ਅਪਡੇਟ ਜਾਰੀ ਕਰਨਗੇ। ਇਸ ਅਪਡੇਟ ਵਿੱਚ ਬਹੁਤਾ ਜਿ਼ਕਰ ਹਾਊਸਿੰਗ ਤੇ ਅਫੋਰਡੇਬਿਲਿਟੀ ਵਰਗੇ ਮੁੱਦਿਆਂ ਉੱਤੇ ਕੇਂਦਰਿਤ ਕੀਤਾ ਜਾਵੇਗਾ।
ਲਿਬਰਲ ਸਰਕਾਰ ਹੁਣ ਕੈਨੇਡੀਅਨਜ਼ ਨਾਲ ਇੱਕ ਵਾਰੀ ਫਿਰ ਆਪਣੇ ਵਿਗੜੇ ਰਿਸ਼ਤਿਆਂ ਨੂੰ ਸੁਧਾਰਨਾ ਚਾਹੁੰਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜੂਨ ਗੁਜ਼ਾਰਾ ਕਰਨਾ ਕੈਨੇਡੀਅਨਜ਼ ਲਈ ਔਖਾ ਹੋਇਆ ਪਿਆ ਹੈ ਤੇ ਕੌਸਟ ਆਫ ਲਿਵਿੰਗ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕੈਨੇਡੀਅਨਜ਼ ਲਿਬਰਲਾਂ ਤੋਂ ਖਫਾ ਹਨ।
ਸਰਕਾਰ ਕੋਲ ਵੀ ਖਰਚਣ ਲਈ ਬਹੁਤਾ ਪੈਸਾ ਤਾਂ ਹੈ ਨਹੀਂ ਪਰ ਫਰੀਲੈਂਡ ਕਿਸੇ ਤਰ੍ਹਾਂ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਦੀ ਕੋਸਿ਼ਸ਼ ਕਰੇਗੀ। ਟੋਰਾਂਟੋ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਉਹ ਨਿਵੇਸ਼ ਤੇ ਮਦਦ ਕਰ ਸਕੀਏ ਜਿਸ ਦੀ ਕੈਨੇਡੀਅਨਜ਼ ਨੂੰ ਲੋੜ ਹੈ। ਪਰ ਅਸੀਂ ਇਹ ਸੱਭ ਕੁੱਝ ਜਿ਼ੰਮਵਰਾਨਾਂ ਢੰਗ ਨਾਲ ਵਿੱਤੀ ਫਰੇਮਵਰਕ ਵਿੱਚ ਰਹਿ ਕੇ ਹੀ ਕਰ ਸਕਦੇ ਹਾਂ।
ਉਨ੍ਹਾਂ ਇਹ ਤਾਂ ਨਹੀਂ ਦੱਸਿਆ ਕਿ ਇਸ ਵਿੱਤੀ ਅਪਡੇਟ ਦਾ ਮਸੌਦਾ ਕੀ ਹੋਵੇਗਾ ਪਰ ਉਨ੍ਹਾਂ ਇਹ ਸੰਕੇਤ ਜ਼ਰੂਰ ਦਿੱਤਾ ਕਿ ਇਸ ਦੌਰਾਨ ਹਾਊਸਿੰਗ ਤੇ ਅਫੋਰਡੇਬਿਲਿਟੀ ਵਰਗੇ ਮੁੱਦਿਆਂ ਦਾ ਖਿਆਲ ਰੱਖਿਆ ਜਾਵੇਗਾ। ਕੰਜ਼ਰਵੇਟਿਵਾਂ ਦੀ ਚੜ੍ਹਾਈ ਨੂੰ ਵੇਖਦਿਆਂ ਹੋਇਆਂ ਤੇ ਆਪਣੀ ਸਾਖ਼ ਨੂੰ ਬਚਾਉਣ ਲਈ ਸਤੰਬਰ ਵਿੱਚ ਲੰਡਨ, ਓਨਟਾਰੀਓ ਵਿੱਚ ਹੋਈ ਲਿਬਰਲ ਕਾਕਸ ਦੀ ਰਟਰੀਟ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਨਤਕ ਤੌਰ ਉੱਤੇ ਇਨ੍ਹਾਂ ਦੋ ਮੁੱਖ ਮੁੱਦਿਆਂ ਉੱਤੇ ਆਪਣਾ ਧਿਆਨ ਕੇਂਦਰਿਤ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।