ਇਟਾਵਾ, 16 ਨਵੰਬਰ (ਪੋਸਟ ਬਿਊਰੋ): ਇਟਾਵਾ ਜ਼ਿਲੇ 'ਚ ਬੀਤੀ ਦੇਰ ਰਾਤ ਦਿੱਲੀ-ਸਹਿਰਸਾ ਵੈਸ਼ਾਲੀ ਐਕਸਪ੍ਰੈੱਸ ਦੇ ਇਕ ਡੱਬੇ 'ਚ ਅੱਗ ਲੱਗ ਗਈ, ਜਿਸ ਕਾਰਨ ਪ੍ਰਭਾਵਿਤ 21 ਯਾਤਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਧੂੰਏਂ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋਈ। ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ 12 ਘੰਟਿਆਂ ਦੇ ਅੰਦਰ ਰੇਲ ਦੇ ਡੱਬੇ ਵਿੱਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਉੱਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਰੇਲਗੱਡੀ ਦੇ ਕੁੱਲ 21 ਯਾਤਰੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਧੂੰਏਂ ਕਾਰਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਕੁਝ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ।
ਇਟਾਵਾ ਦੇ ਪੁਲਿਸ ਸੁਪਰਡੈਂਟ (ਐਸਪੀ) ਸੰਜੇ ਕੁਮਾਰ ਨੇ ਕਿਹਾ, “ਅੱਗ ਤੜਕੇ ਕਰੀਬ 2:40 ਵਜੇ ਲੱਗੀ ਜਦੋਂ ਟਰੇਨ ਫ੍ਰੈਂਡਜ਼ ਕਾਲੋਨੀ ਥਾਣਾ ਖੇਤਰ ਵਿੱਚ ਸੀ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ।ਉੱਤਰੀ ਮੱਧ ਰੇਲਵੇ ਦੇ ਅਧਿਕਾਰੀਆਂ ਮੁਤਾਬਕ ਅੱਗ ਮਾਮੂਲੀ ਸੀ ਪਰ ਡੱਬਾ ਧੂੰਏਂ ਨਾਲ ਭਰ ਗਿਆ ਅਤੇ ਕੁਝ ਯਾਤਰੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।