ਓਟਵਾ, 7 ਜੂਨ (ਪੋਸਟ ਬਿਊਰੋ) : ਬੁੱਧਵਾਰ ਨੂੰ ਇੱਕ ਵਾਰੀ ਫਿਰ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ 25 ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਗਿਆ। ਇਸ ਨਾਲ ਵਿਆਜ਼ ਦਰ ਹੁਣ 4·75 ਫੀ ਸਦੀ ਤੱਕ ਪਹੁੰਚ ਗਈ ਹੈ। ਜਨਵਰੀ ਵਿੱਚ ਇਨ੍ਹਾਂ ਦਰਾਂ ਵਿੱਚ ਵਾਧੇ ਉੱਤੇ ਰੋਕ ਲਾਏ ਜਾਣ ਤੋਂ ਬਾਅਦ ਬੈਂਕ ਵੱਲੋਂ ਇਹ ਪਹਿਲਾ ਵਾਧਾ ਕੀਤਾ ਗਿਆ ਹੈ। ਅਪਰੈਲ 2001 ਤੋਂ ਲੈ ਕੇ ਹੁਣ ਤੱਕ ਸੈਂਟਰਲ ਬੈਂਕ ਦੀਆਂ ਵਿਆਜ਼ ਦਰਾਂ ਵਿੱਚ ਐਨਾ ਵਾਧਾ ਕਦੇ ਨਹੀਂ ਸੀ ਹੋਇਆ।
ਕੈਨੇਡਾ ਦੇ ਆਰਥਿਕ ਵਿਕਾਸ ਸਮੇਤ ਕਈ ਹੋਰ ਕਾਰਨ ਹਨ ਜਿਨ੍ਹਾਂ ਕਰਕੇ ਬੈਂਕ ਵੱਲੋਂ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਾਲ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ 3·1 ਫੀ ਸਦੀ ਤੱਕ ਅੱਪੜ ਗਿਆ। ਬੈਂਕ ਨੇ ਆਖਿਆ ਕਿ ਕੰਜਿ਼ਊਮਰਜ਼ ਵੱਲੋਂ ਕੀਤੇ ਜਾ ਰਹੇ ਖਰਚੇ ਕਾਰਨ ਅਰਥਚਾਰੇ ਵਿੱਚ ਡਿਮਾਂਡ ਵਿੱਚ ਮੁੜ ਉਛਾਲ ਆਇਆ ਹੈ। ਹਾਊਸਿੰਗ ਮਾਰਕਿਟ ਵਿੱਚ ਸਰਗਰਮੀ ਮੁੜ ਵਧੀ ਹੈ ਤੇ ਕੈਨੇਡੀਅਨ ਲੇਬਰ ਮਾਰਕਿਟ ਅਜੇ ਵੀ ਟਾਈਟ ਚੱਲ ਰਹੀ ਹੈ।
ਅਪਰੈਲ ਦੇ ਮਹੀਨੇ 10 ਮਹੀਨਿਆਂ ਵਿੱਚ ਪਹਿਲੀ ਵਾਰੀ ਮਹਿੰਗਾਈ 4·4 ਫੀ ਸਦੀ ਤੱਕ ਅੱਪੜ ਗਈ।ਬੈਂਕ ਨੂੰ ਅਜੇ ਵੀ ਆਸ ਹੈ ਕਿ ਗਰਮੀਆਂ ਵਿੱਚ ਮਹਿੰਗਾਈ 3 ਫੀ ਸਦੀ ਤੱਕ ਘੱਟ ਸਕਦੀ ਹੈ। ਪਰ ਇਹ ਚਿੰਤਾ ਵੀ ਬਣੀ ਹੋਈ ਹੈ ਕਿ ਕਿਤੇ ਮਹਿੰਗਾਈ 2 ਫੀ ਸਦੀ ਦੇ ਟੀਚੇ ਤੋਂ ਉੱਤੇ ਹੀ ਨਾ ਅੜ ਜਾਵੇ।
ਇਸ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡਾ ਨੇ ਅਰਥਭਰਪੂਰ ਢੰਗ ਨਾਲ ਤਰੱਕੀ ਕੀਤੀ ਹੈ, ਪਿਛਲੇ ਸਾਲ ਮਹਿੰਗਾਈ 8·1 ਫੀ ਸਦੀ ਨਾਲੋਂ ਇਸ ਸਾਲ ਅਪਰੈਲ ਵਿੱਚ 4·4 ਫੀ ਸਦੀ ਤੱਕ ਅੱਪੜ ਗਈ।ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਅਸੀਂ ਇਸ ਔਖੇ ਵੇਲੇ ਦੇ ਖ਼ਤਮ ਹੋਣ ਦੇ ਕਾਫੀ ਨੇੜੇ ਹਾਂ ਤੇ ਫਿਰ ਅਸੀਂ ਮੱਠੀ ਪਰ ਸਥਿਰ ਮਹਿੰਗਾਈ ਤੇ ਮਜ਼ਬੂਤ ਵਿਕਾਸ ਵੱਲ ਮੁੜਾਂਗੇ।ਵਿਰੋਧੀ ਧਿਰ ਵੱਲੋਂ ਵਿੱਤੀ ਖਰਚਿਆਂ ਦੇ ਮਾਮਲੇ ਵਿੱਚ ਫੈਡਰਲ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ ਗਈ।