ਨਵੀਂ ਦਿੱਲੀ, 7 ਜੂਨ (ਪੋਸਟ ਬਿਊਰੋ): ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪਹਿਲਵਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੂਜੇ ਪਾਸੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਬਿਆਨ ਦਰਜ ਕਰਵਾਉਣ ਵਾਲੀ ਨਾਬਾਲਗ ਮਹਿਲਾ ਪਹਿਲਵਾਨ ਨੇ ਆਪਣਾ ਬਿਆਨ ਬਦਲ ਲਿਆ ਹੈ। ਨਾਬਾਲਗ ਪਹਿਲਵਾਨ ਦੇ ਪਿਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ 7 ਮਹਿਲਾ ਪਹਿਲਵਾਨਾਂ 'ਚੋਂ ਇਕਲੌਤੀ ਨਾਬਾਲਗ ਨੇ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਏ ਆਪਣੇ ਬਿਆਨ ਤੋਂ ਮੂੰਹ ਫੇਰ ਲਿਆ ਹੈ।ਉਸ ਨੇ ਨਵਾਂ ਬਿਆਨ ਦਰਜ ਕਰਵਾਇਆ ਹੈ।ਹੁਣ ਨਾਬਾਲਗ ਦੇ ਪਿਤਾ ਨੇ ਅਦਾਲਤ ਵਿੱਚ ਜਾ ਕੇ ਆਪਣਾ ਬਿਆਨ ਬਦਲਣ ਦੀ ਗੱਲ ਮੰਨ ਲਈ ਹੈ।
ਨਾਬਾਲਗ ਸਿ਼ਕਾਇਤਕਰਤਾ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 2 ਜੂਨ ਨੂੰ ਬੇਟੀ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਜਾ ਕੇ ਨਵਾਂ ਬਿਆਨ ਦਿੱਤਾ ਸੀ।ਅਦਾਲਤ 'ਚ ਉਸ ਨੇ ਪਹਿਲੇ ਬਿਆਨ ਨੂੰ ਦਰੁਸਤ ਕਰਦੇ ਹੋਏ ਕਿਹਾ ਕਿ ਉਹ ਬਾਲਗ ਹੈ।"
ਇਸ ਤੋਂ ਪਹਿਲਾਂ ਲੜਕੀ ਦੇ ਪਿਤਾ ਨਾਲ ਗੱਲਬਾਤ ਦੌਰਾਨ ਇਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਸੀ।ਲੜਕੀ ਦੇ ਪਿਤਾ ਨੇ ਕਿਹਾ ਕਿ ਮੇਰੀ ਲੜਕੀ ਦੀ ਸਿ਼ਕਾਇਤ ਕਾਰਨ ਹੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਬਾਕੀ ਪਹਿਲਵਾਨ ਇਸ ਕਾਰਨ ਲਗਾਤਾਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।ਦੱਸ ਦੇਈਏ ਕਿ ਨਾਬਾਲਗ ਪਹਿਲਵਾਨ ਨੇ 10 ਮਈ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਪਹਿਲਾ ਬਿਆਨ ਦਰਜ ਕਰਵਾਇਆ ਸੀ।