ਲਖਨਊ, 7 ਜੂਨ (ਪੋਸਟ ਬਿਊਰੋ): ਉੱਤਰ ਪ੍ਰਦੇਸ਼ ਦੇ ਲਖਨਊ 'ਚ ਗੈਂਗਸਟਰ ਸੰਜੀਵ ਜੀਵਾ ਦੀ ਅਦਾਲਤ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਕਾਤਲ ਵਕੀਲ ਬਣ ਕੇ ਆਏ ਸਨ।ਮ੍ਰਿਤਕ ਗੈਂਗਸਟਰ ਕ੍ਰਿਸ਼ਨਾ ਨੰਦ ਰਾਏ ਕਤਲ ਕਾਂਡ ਦਾ ਮੁਲਜ਼ਮ ਸੀ।ਉਸ ਨੂੰ ਪੱਛਮੀ ਉੱਤਰ ਪ੍ਰਦੇਸ਼ ਦਾ ਖ਼ਤਰਨਾਕ ਅਪਰਾਧੀ ਮੰਨਿਆ ਜਾਂਦਾ ਸੀ।ਪਿਛਲੇ ਸਾਲ ਇਸ ਦੇ ਖਿਲਾਫ ਸ਼ਾਮਲੀ 'ਚ ਵੀ ਮਾਮਲੇ ਦਰਜ ਕੀਤੇ ਗਏ ਸਨ। ਸੰਜੀਵ ਜੀਵਾ 'ਤੇ ਏਕੇ 47 ਵੇਚਣ ਦਾ ਵੀ ਦੋਸ਼ ਸੀ। ਮਾਰੇ ਗਏ ਅਪਰਾਧੀ ਨੂੰ ਅਪਰਾਧ ਦੀ ਦੁਨੀਆ 'ਚ ਡਾਕਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ।ਉਹ ਮੂਲ ਰੂਪ ਤੋਂ ਮੁਜ਼ੱਫਰਨਗਰ ਦਾ ਰਹਿਣ ਵਾਲਾ ਸੀ।
ਇਹ ਕਤਲ ਉੱਤਰ ਪ੍ਰਦੇਸ਼ ਪੁਲਿਸ ਦੀ ਹਿਰਾਸਤ ਵਿੱਚ ਗੈਂਗਸਟਰ ਅਤੀਕ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਦੋ ਮਹੀਨੇ ਬਾਅਦ ਅਦਾਲਤ ਦੇ ਖੇਤਰ ਵਿੱਚ ਹੋਇਆ।ਇਸ ਕਤਲ ਤੋਂ ਬਾਅਦ ਇੱਕ ਵਾਰ ਫਿਰ ਪੁਲਿਸ ਸੁਰੱਖਿਆ 'ਤੇ ਸਵਾਲ ਉੱਠ ਰਹੇ ਹਨ।ਰਿਪੋਰਟਾਂ ਮੁਤਾਬਕ ਹਮਲਾਵਰ ਵਕੀਲ ਦੇ ਭੇਸ 'ਚ ਆਏ ਸਨ।ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਗਿਆ ਹੈ ਕਿ ਕਾਤਲਾਂ ਨੇ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਹੈ।
ਸੰਜੀਵ ਜੀਵਾ ਪੱਛਮੀ ਯੂਪੀ ਦੇ ਸ਼ਾਮਲੀ ਜਿ਼ਲ੍ਹੇ ਦੇ ਪਿੰਡ ਆਦਮਪੁਰ ਦਾ ਰਹਿਣ ਵਾਲਾ ਸੀ।ਉਹ ਪਹਿਲਾਂ ਮੁੰਨਾ ਬਜਰੰਗੀ ਗੈਂਗ ਲਈ ਕੰਮ ਕਰਦਾ ਸੀ।ਬਾਅਦ ਵਿੱਚ ਉਸਨੇ ਮੁਖਤਾਰ ਅੰਸਾਰੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।ਸੰਜੀਵ ਖਿ਼ਲਾਫ਼ ਯੂਪੀ-ਉਤਰਾਖੰਡ ਵਿੱਚ ਕਰੀਬ 50 ਕੇਸ ਦਰਜ ਹਨ। ਸੰਜੀਵ ਦੀ ਪਤਨੀ ਪਾਇਲ ਨੇ ਵੀ ਮੁਜ਼ੱਫਰਨਗਰ ਤੋਂ ਆਰਐਲਡੀ ਦੀ ਟਿਕਟ 'ਤੇ 2017 'ਚ ਵਿਧਾਨ ਸਭਾ ਚੋਣ ਲੜੀ ਸੀ।