ਦਰਹਾਮ, 7 ਫਰਵਰੀ (ਪੋਸਟ ਬਿਊਰੋ) : ਚੱਲਦੀ ਗੱਡੀ ਦੀ ਵਿੰਡਸ਼ੀਲਡ ਰਾਹੀਂ ਕੋਈ ਚੀਜ਼ ਸੁੱਟ ਕੇ ਮਹਿਲਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਵਾਲੇ ਮਸ਼ਕੂਕ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਜਾਂਚਕਾਰਾਂ ਨੇ ਦੱਸਿਆ ਕਿ ਇਹ ਘਟਨਾ 27 ਜਨਵਰੀ ਦੀ ਸ਼ਾਮ ਨੂੰ ਬ੍ਰੌਕ ਟਾਊਨਸਿ਼ਪ ਵਿੱਚ ਇੱਕ ਕਮਿਊਨਿਟੀ ਟਾਊਨ ਆਫ ਕੈਨਿੰਗਟਨ ਵਿੱਚ ਵਾਪਰੀ। ਜਿਹੜੀ ਮਹਿਲਾ ਜ਼ਖ਼ਮੀ ਹੋਈ ਉਹ ਗੱਡੀ ਦੀ ਪੈਸੈਂਜਰ ਸੀਟ ਉੱਤੇ ਬੈਠੀ ਸੀ।ਗੱਡੀ ਰਾਤੀਂ 8:00 ਵਜੇ ਤੋਂ ਪਹਿਲਾਂ ਕੈਮਰੂਨ ਤੇ ਐਲਬਰਟ ਸਟਰੀਟ ਤੋਂ ਲੰਘ ਰਹੀ ਸੀ ਜਦੋਂ ਵਿੰਡਸ਼ੀਲਡ ਨੂੰ ਤੋੜਦੀ ਹੋਈ ਇੱਕ ਭਾਰੀ ਵਸਤੂ ਮਹਿਲਾ ਦੇ ਸਿਰ ਵਿੱਚ ਆ ਵੱਜੀ।
ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟੋਰਾਂਟੋ ਦੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮਹਿਲਾ ਦੇ ਜ਼ਖ਼ਮ ਐਨੇ ਗੰਭੀਰ ਹਨ ਕਿ ਉਸ ਨੂੰ ਸਾਰੀ ਉਮਰ ਲਈ ਵੱਡਾ ਨੁਕਸਾਨ ਪਹੁੰਚ ਸਕਦਾ ਹੈ।ਇਹ ਵੀ ਆਖਿਆ ਜਾ ਰਿਹਾ ਹੈ ਕਿ ਮਹਿਲਾ ਮਰਦੀ ਮਰਦੀ ਮਸ੍ਹਾਂ ਬਚੀ ਹੈ।ਜਾਂਚਕਾਰਾਂ ਕੋਲ ਉਹ ਵਸਤੂ ਹੈ ਜਿਹੜੀ ਵਿੰਡਸ਼ੀਲਡ ਰਾਹੀਂ ਅੰਦਰ ਸੁੱਟੀ ਗਈ ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਸ ਨੇ ਸੁੱਟੀ।