Welcome to Canadian Punjabi Post
Follow us on

02

July 2025
 
ਨਜਰਰੀਆ

ਸੁਫਨੇ ਦਾ ਸਫਰ

December 06, 2021 01:48 AM

-ਹੀਰਾ ਸਿੰਘ ਭੂਪਾਲ
ਮੈਨੂੰ ਡਾਕਟਰ ਬਣਾਉਣਾ ਪਾਪਾ ਦਾ ਸੁਫਨਾ ਸੀ। ਮੇਰੀ ਸਾਰੀ ਪੜ੍ਹਾਈ ਤਕਰੀਬਨ ਸਰਕਾਰੀ ਸਕੂਲ ਵਿੱਚ ਹੋਈ ਹੈ। 12ਵੀਂ ਜਮਾਤ (ਮੈਡੀਕਲ) ਵਿੱਚੋ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿੱਚ ਨਾਂਅ ਦਰਜ ਕਰਾਇਆ ਤਾਂ ਕੁਝ ਲੋਕਾਂ ਦੇ ਮਨਾਂ ਅੰਦਰ ਵੱਸ ਗਿਆ ਕਿ ਭੂਪਾਲ ਵਰਗੇ ਪਛੜੇ ਪਿੰਡ ਦੇ ਮੁੰਡੇ ਦਾ ਤੁੱਕਾ ਲੱਗਾ ਹੈ। ਕਈ ਵੱਡੇ ਕਹਾਉਂਦੇ ਲੋਕਾਂ ਦੇ ਲਾਡਲੇ ਨੰਬਰਾਂ ਵਿੱਚੋਂ ਮੈਥੋਂ ਪੱਛੜ ਗਏ। ਕਈਆਂ ਨੇ ਹੌਸਲਾ ਦੇਣ ਦੀ ਥਾਂ ਵਿਅੰਗ ਨਾਲ ਮੈਨੂੰ ਅਤੇ ਪਾਪਾ ਨੂੰ ਧੁਰ ਅੰਦਰ ਤੱਕ ਠੇਸ ਪਹੁੰਚਾਈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ, ਪਰ ਅਸੀਂ ਆਪਣੀ ਚਾਲ ਚੱਲਦੇ ਰਹੇ, ਕਿਸੇ ਵੀ ਅੜਿੱਕੇ ਜਾਂ ਔਕੜਾਂ ਦੀ ਪ੍ਰਵਾਹ ਕੀਤੇ ਬਿਨਾਂ। ਫਿਰ ਨਿਗੂਣੇ ਨੰਬਰਾਂ ਕਰ ਕੇ ਮੇਰਾ ਐੱਮ ਬੀ ਬੀ ਐੱਸ ਵਿੱਚ ਦਾਖਲਾ ਨਹੀਂ ਹੋ ਸਕਿਆ ਅਤੇ ਬੀ ਡੀ ਐੱਸ ਮੈਂ ਕਰਨਾ ਨਹੀਂ ਸੀ ਚਾਹੁੰਦਾ। ਇਸ ਦਾ ਮੁੱਖ ਕਾਰਨ ਮੈਨੂੰ ਯੋਗ ਨਸੀਹਤ ਅਤੇ ਸੇਧ ਦੀ ਘਾਟ ਜਾਪਦੀ ਹੈ। ਵਿਸ਼ੇਸ਼ ਦਾਖਲਾ ਮੁਕਾਬਲਿਆਂ, ਪ੍ਰੀਖਿਆਵਾਂ ਲਈ ਸਵੈ-ਅਧਿਐਨ ਦੇ ਨਾਲ ਨਾਲ ਹੌਸਲਾ ਅਫਜ਼ਾਈ ਤੇ ਰਾਹ ਦਸੇਰਿਆਂ ਦਾ ਯੋਗਦਾਨ ਵੀ ਤਾਂ ਬਰਾਬਰ ਦਾ ਕਾਰਗਰ ਹੁੰਦਾ ਹੈ।
ਜਦ ਪਹਿਲੀ ਵਾਰ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਇਆ ਤਾਂ ਜਾਪਿਆ ਜਿਵੇਂ ਕੋਈ ਸਕੂਨ ਮਿਲ ਗਿਆ ਹੋਵੇ, ਜਿਵੇਂ ਰੁੱਖ, ਬੂਟੇ ਬਾਹਾਂ ਖੋਲ੍ਹ ਕੇ ਮੇਰਾ ਸੁਆਗਤ ਕਰ ਰਹੇ ਹੋਣ। ਆਖਰ ਇੱਥੇ ਮੇਰਾ ਦਾਖਲਾ ਹੋ ਗਿਆ ਸੀ। ਸੋਹਣੇ ਹੋਸਟਲ, ਖੁੱਲ੍ਹਾ ਵਾਤਾਵਰਣ, ਕੋਲਿਆਂ ਦੀ ਅੱਗ ਉੱਤੇ ਸੇਕੀਆਂ ਤੇ ਸਵਾਹ ਨਾਲ ਲਿਬੜੀਆਂ ਰੋਟੀਆਂ ਦੇ ਨਾਲ ਰਾਤ ਨੂੰ ਸਵੀਟ ਡਿਸ਼ ਮਿਲਿਆ ਕਰੇ। ਇਸ ਮਾਹੌਲ ਨੇ ਮੈਨੂੰ ਮਾਂ ਵਾਂਗ ਕਲਾਵੇ ਵਿੱਚ ਲੈ ਲਿਆ। ਪਹਿਲੇ ਦਿਨ ਤੋਂ ਮੈੱਸ ਦੇ ਕਾਮੇ ਵਿਦਿਆਰਥੀਆਂ ਨੂੰ ‘ਡਾਕਟਰ ਸਾਬ੍ਹ’ ਕਹਿ ਕੇ ਪੁਕਾਰਿਆ ਕਰਨ, ਜੋ ਕੁਦਰਤੀ ਤੌਰ ਉੱਤੇ ਡੋਪਾਮਾਈਨ ਤੇ ਸੇਰੋਟੋਨਿਨ ਵੱਧ ਦਿੰਦੇ ਤੇ ਵੱਖਰਾ ਜਿਹਾ ਸੁਆਦ ਆਉਣ ਲੱਗਾ। ਮਾਪਿਆਂ ਰੂਪੀ ਸਲਾਹਕਾਰ ਅਤੇ ਪ੍ਰੋਫੈਸਰ ਵੀ ਵਧੀਆ ਮਿਲੇ।
ਗੱਡੀ ਅਜੇ ਲੀਹ ਉਤੇ ਆਈ ਸੀ ਕਿ ਕਿਸੇ ਸ਼ਖਸ ਨੇ ਪਾਪਾ ਨੂੰ ਸਲਾਹ ਦਿੱਤੀ ਕਿ ‘ਤੇਰਾ ਮੁੰਡਾ ਲਾਇਕ ਆ, ਉਸ ਨੂੰ ਕਿਸੇ ਹੋਰ ਲਾਈਨ ਵਿੱਚ ਪਾ, ਜਿੱਥੇ ਨੌਕਰੀ ਦੇ ਅਵਸਰ ਵੱਧ ਹੋਣ।’ ਉਹ ਸ਼ਖਸ ਮੇਰੀ ਜ਼ਿੰਦਗੀ ਵਿੱਚ ਸਾੜ੍ਹਸਤੀ ਵਾਂਗ ਆਇਆ। ਫਰਮਾਨ ਹੋਇਆ ਕਿ ਤੂੰ ਦਸਵੀਂ ਪੱਧਰ ਦਾ ਵੈਟਰਨਰੀ ਡਿਪਲੋਮਾ ਕਰੇਂਗਾ, ਨਾਲੇ ਵਿਚਾਰ ਇਹ ਬਣਾਇਆ ਕਿ ਤੂੰ ਐੱਮ ਬੀ ਬੀ ਐੱਸ ਦਾ ਪੇਪਰ ਇੱਕ ਵਾਰ ਫਿਰ ਦੇ ਦੇਈਂ। ਉਸ ਵਿੱਚ ਲੋਕਾਂ ਦੇ ਤਾਅਨਿਆਂ ਦੀਆਂ ਆਵਾਜ਼ਾਂ ਅਜੇ ਤੱਕ ਪਾਪਾ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ, ਜੋ ਅਕਸਰ ਰਾਤਾਂ ਦੀ ਨੀਂਦ ਉਡਾ ਦਿੰਦੀਆਂ। ਮੈਂ ਅੱਧੇ ਮਨ ਨਾਲ ਯੂਨੀਵਰਸਿਟੀ ਦੇ ਪਹਿਲੇ ਸਮੈਸਟਰ ਦੇ ਪੇਪਰ ਦੇ ਗਿਆ ਤੇ ਨਾਲ ਛੁੱਟੀਆਂ ਹੋਣ ਨਾਲ ਹੋਸਟਲ ਖਾਲੀ ਕਰ ਕੇ ਝੋਲਾ ਚੁੱਕ ਕੇ ਪਿੰਡ ਅੱਪੜ ਗਿਆ। ਮੈਂ ਯੂਨੀਵਰਸਿਟੀ ਨਹੀਂ ਸੀ ਛੱਡਣਾ ਚਾਹੁੰਦਾ, ਪਰ ਅਗਲੇ ਸਮੈਸਟਰ ਦੀ ਨਾ ਰਜਿਟੇਰਸ਼ਨ ਕਰਵਾਈ ਤੇ ਨਾ ਫੀਸ ਭਰੀ। ਡਿਪਲੋਮੇ ਦੇ ਦਾਖਲੇ ਦੀ ਲਿਸਟ ਦੇਖੀ ਤਾਂ ਮੇਰਾ ਕਿਤੇ ਨਾਂਅ ਥੇਹ ਨਾ। ਕਿਸੇ ਪਾਸੇ ਜੋਗਾ ਨਾ ਰਿਹਾ। ਅਸਹਿ ਸਦਮਾ ਲੱਗਿਆ। ਫਿਰ ਖੁਦ ਨਾਲ ਜੂਝਦਿਆਂ ਇੱਕ ਦਿਨ ਯੂਨੀਵਰਸਿਟੀ ਚਲਾ ਗਿਆ। ਉਦੋਂ ਮੋਬਾਈਲ ਵਰਗੀ ਸ਼ੈਅ ਨਹੀਂ ਸੀ ਕਿ ਅੱਜ ਵਾਂਗ ਤੁਰੰਤ ਸੰਪਰਕ ਬਣ ਜਾਂਦਾ। ਅਕਾਦਮਿਕ ਸ਼ਾਖਾ ਜਾ ਕੇ ਕਲਰਕ ਜਸਵੀਰ ਸਿੰਘ ਨੂੰ ਮਿਲਿਆ। ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਹ ਕਹਿਣ ਕਿ ‘ਡੀਨ ਸਾਹਿਬ ਹੀ ਕੁਝ ਕਰ ਸਕਦੇ ਨੇ।’
ਖੈਰ, ਉਨ੍ਹਾਂ ਮੇਰੇ ਲਈ ਤਰੱਦਦ ਕੀਤਾ ਅਤੇ ਡੀਨ ਨੂੰ ਮਿਲੇ। ਉਸ ਵਕਤ ਡਾਕਟਰ ਪਾਲ ਸਿੰਘ ਸਿੱਧੂ ਡੀਨ ਸਨ, ਜੋ ਕੌਮਾਂਤਰੀ ਪੱਧਰ ਦੇ ਭੂਮੀ ਵਿਗਿਆਨੀ ਅਤੇ ਸਰਬੋਤਮ ਅਧਿਆਪਕ ਵੀ ਸਨ। ਕੁਝ ਦੇਰ ਬਾਅਦ ਡਾਕਟਰ ਸਿੱਧੂ ਨੇ ਅੰਦਰ ਬੁਲਾਇਆ ਅਤੇ ਇਸ਼ਾਰੇ ਨਾਲ ਬੈਠਣ ਲਈ ਕਿਹਾ। ਫਿਰ ਸਭ ਨੂੰ ਬਾਹਰ ਭੇਜ ਕੇ ਗੱਲ ਸ਼ੁਰੂ ਕੀਤੀ ਕਿ ਸੇਵਾਦਰ ਫਾਈਲ ਲੈ ਕੇ ਆਇਆ, ਜੋ ਜਸਵੀਰ ਸਿੰਘ ਨੇ ਦਿੱਤੀ ਸੀ। ਗਹੁ ਨਾਲ ਉਨ੍ਹਾਂ ਸਾਰੇ ਪੰਨੇ ਦੇਖੇ, ਫੋਲਾ-ਫਾਲੀ ਕਰਦਿਆਂ ਪੁੱਛਿਆ, ‘ਤੂੰ ਪਿੰਡ ਵਿੱਚ ਰਹਿ ਕੇ ਪੜ੍ਹਿਆ ਹੈਂ?’ ਮੈਂ ‘ਹਾਂ’ ਵਿੱਚ ਸਿਰ ਹਿਲਾਇਆ। ਇੱਕ ਪੰਨੇ ਉਤੇ ਆ ਕੇ ਉਹ ਅਚਾਨਕ ਰੁਕੇ। ਉਨ੍ਹਾਂ ਦੇ ਸਰੀਰਕ ਹਾਵ-ਭਾਵ ਵਿੱਚ ਕੁਝ ਤਬਦੀਲੀ ਦਿੱਸੀ। ਇਹ ਮੇਰਾ 12ਵੀਂ ਦਾ ਸਰਟੀਫਿਕੇਟ ਸੀ। ਫਾਈਲ ਬੰਦ ਕਰ ਕੇ ਉਨ੍ਹਾਂ ਪਰੇ ਰੱਖੀ, ‘ਹਰ ਜਮਾਤ ਵਿੱਚੋਂ ਬਹੁਤ ਵਧੀਆ ਨੰਬਰ ਨੇ’, ਨਾਲ ਕਹਿਣ ਲੱਗੇ, ‘‘ਤੇਰੇ ਕੋਲ ਕੀ ਬਦਲ ਹੈ?”
ਕੁਝ ਦੇਰ ਦੀ ਚੁੱਪ ਤੋਂ ਬਾਅਦ ਮੈਂ ਸਾਰੀ ਗੱਲ ਦੱਸ ਦਿੱਤੀ। ਪਹਿਲੇ ਸਮੈਸਟਰ ਦੇ ਪੇਪਰ ਮੈਂ ਭਾਵੇਂ ਪੂਰੀ ਸੰਜੀਦਗੀ ਨਾਲ ਨਹੀਂ ਦਿੱਤੇ ਸੀ, ਫਿਰ ਵੀ ਮੈਂ ਕਲਾਸ ਦੇ ਪਹਿਲੇ ਕੁਝ ਵਿਦਿਆਰਥੀਆਂ ਵਿੱਚੋਂ ਸੀ। ਡਾਕਟਰ ਸਿੱਧੂ ਨੇ ਮੈਨੂੰ ਹਰ ਪੱਖ ਤੋਂ ਪਰਖਿਆ ਤੇ ਫਿਰ ਸੁਪਰਡੈਂਟ ਨੂੰ ਹੁਕਮ ਦਿੱਤਾ, ‘‘ਇਸ ਮੁੰਡੇ ਦਾ ਦਾਖਲਾ ਹੋਣਾ ਚਾਹੀਦਾ ਹੈ, ਜਿਵੇਂ ਮਰਜ਼ੀ ਕਰੋ।” ਤੇ ਮੈਨੂੰ ਬਾਹਰ ਬੈਠਣ ਲਈ ਕਿਹਾ। ਦਿਲ ਧੱਕ ਧੱਕ ਕਰੀ ਜਾਵੇ ਤੇ ਉੱਤੋਂ ਭੁੱਖਾ ਢਿੱਡ, ਪਰ ਪੂਰੀ ਕਾਇਨਾਤ ਮੇਰੇ ਨਾਲ ਸੀ। ਪ੍ਰਸ਼ਾਸਕੀ ਹੱਲ ਕੱਢ ਕੇ ਮੈਨੂੰ ਇੱਕ ਵਾਰ ਫਿਰ ਬੁਲਾਇਆ ਅਤੇ ਕਿਹਾ, ‘‘ਇੱਕੋ ਸ਼ਰਤ ਉਤੇ ਤੈਨੂੰ ਦਾਖਲਾ ਮਿਲੂ, ਜੇ ਤੂੰ ਇਸੇ ਤਰ੍ਹਾਂ ਮਿਹਨਤ ਕਰੇਂਗਾ ਤੇ ਪੀ ਐਚ ਡੀ ਤੱਕ ਪੜ੍ਹੇਂਗਾ, ਤੇਰੇ ਕੋਲ ਕੱਲ੍ਹ ਦੁਪਹਿਰ ਤੱਕ ਦਾ ਵਕਤ ਹੈ ਰਜਿਸਟਰੇਸ਼ਨ ਅਤੇ ਫੀਸ ਲਈ ਪੈਸੇ ਹੈਗੇ ਨੇ?” ਮੈਂ ‘ਹਾਂ’ ਵਿੱਚ ਡੋਲੂ ਵਾਂਗ ਸਿਰ ਹਿਲਾ ਦਿੱਤਾ। ਇੱਕ ਦੋ ਸੀਨੀਅਰ ਮੁੰਡਿਆਂ ਨੇ ਫੀਸ ਦਾ ਪ੍ਰਬੰਧ ਕਰ ਦਿੱਤਾ। ਭੱਜ-ਨੱਠ ਨਾਲ ਦੂਜੇ ਦਿਨ ਸ਼ਾਮ ਤੱਕ ਰਜਿਸਟਰੇਸ਼ਨ ਹੋ ਗਈ ਅਤੇ ਸੁੱਖ ਦਾ ਸਾਹ ਆਇਆ। ਥੱਕ ਟੁੱਟ ਕੇ ਹੋਸਟਲ ਦੇ ਮੰਜੇ ਉੱਤੇ ਲੰਮੇ ਪਏ ਦੇ ਆਪ ਮੁਹਾਰੇ ਹੰਝੂ ਨਿਕਲ ਆ ਗਏ।
ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਡਾਕਟਰ ਸਿੱਧੂ ਸੰਸਾਰ ਬੈਂਕ ਵਿੱਚ ਉੱਚੇ ਅਹੁਦੇ ਲਈ ਨਾਮਜ਼ਦ ਹੋ ਗਏ ਹਨ। ਅਥਾਹ ਖੁਸ਼ੀ ਹੋਈ। ਅਜਿਹੀਆਂ ਸ਼ਖਸੀਅਤਾਂ ਹੀ ਸਮਾਜ ਦੇ ਰਾਹ ਮੋਕਲੇ ਕਰਦੀਆਂ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!