-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦਾ ਜ਼ਿਕਰ ਉਦੋਂ ਤੋਂ ਹੁੰਦਾ ਆਇਆ ਹੈ, ਜਦੋਂ ਰੇਲ ਗੱਡੀਆਂ ਬਹੁਤ ਘੱਟ ਹੁੰਦੀਆਂ ਸਨ। ਬਹੁਤ ਘੱਟ ਰੂਟਾਂ ਉਪਰ ਵਿਰਲੀਆਂ-ਟਾਵੀਆਂ ਰੇਲ ਗੱਡੀਆਂ ਦਿਨ ਵਿੱਚ ਇੱਕ-ਦੋ ਵਾਰ ਆਉਂਦੀਆਂ ਸਨ। ਪਿੰਡਾਂ ਦੇ ਲੋਕ ਦੂਰ-ਦੁਰਾਡੇ ਜਾਂ ਕਈ ਹਾਲਤਾਂ ਵਿੱਚ ਨੇੜਲੇ ਪਿੰਡ, ਕਸਬੇ ਜਾਂ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਗੱਡੀ ਉੱਤੇ ਸਵਾਰ ਹੁੰਦੇ ਸਨ। ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦੀ ਚਰਚਾ ਆਵਾਜਾਈ ਦੇ ਬਾਕੀ ਸਾਧਨਾਂ ਤੋਂ ਵੱਧ ਹੁੰਦੀ ਹੈ। ਰੇਲ ਗੱਡੀ ਉਪਰ ਪੰਜਾਬੀ ਲੋਕ ਕਾਵਿ ਨੇ ਬਹੁਤ ਲੰਮਾ ਪੰਧ ਤੈਅ ਕੀਤਾ ਹੈ ਤੇ ਇਸ ਦੇ ਅਨੁਭਵ ਵੀ ਬਹੁਤ ਨਿਰਾਲੇ ਹਨ:
* ਕੰਮ ਸਰਕਾਰੀ ਸ਼ੁਰੂ ਹੋ ਗਿਆ ਪੱਕੀ ਸੜਕ ਬਣਾਈ
ਪਹਿਲਾਂ ਸੜਕ ਉੱਤੇ ਸਿੱਟ ਲਏ ਬਾਲੇ
ਪਿੱਛੋਂ ਲੈਨ ਟਿਕਾਈ
ਵੇਖੋ ਰੇਲ ਗੱਡੀ ਆ ਗਈ ਲੈਨ ਉੱਤੇ
ਇੰਜਣ ਨੇ ਸੀਟੀ ਵਜਾਈ
ਰਸਤਾ ਛੋੜ ਦਿਓ,
ਹੀਰ ਮਜਾਜਣ ਆਈ..
ਰਸਤਾ ਛੋੜ ਦਿਓ..
* ਗੱਡੀ ਆ ਗਈ `ਟੇਸ਼ਣ ਉੱਤੇ
ਪਰ੍ਹਾਂ ਹੋ ਜਾ ਵੇ ਬਾਬੂ
ਸਾਨੂੰ ਮਾਹੀਏ ਨੂੰ ਵੇਖਣ ਦੇ..
ਭਾਰਤੀ ਰੇਲ ਦਾ ਆਰੰਭ 19ਵੀਂ ਸਦੀ ਦੇ ਅੱਧ ਵਿੱਚ ਹੁੰਦਾ ਹੈ। ਰੇਲ ਗੱਡੀ ਦੀ ਸਵਾਰੀ ਮਨੁੱਖ ਲਈ ਅਚੰਭੇ ਭਰਪੂਰ ਬਣ ਕੇ, ਉਤਸ਼ਾਹ ਪੂਰਵਕ ਅਤੇ ਹੁਲਾਰਾ ਦੇਣ ਵਾਲਾ ਅਨੁਭਵ ਬਣ ਜਾਂਦੀ ਹੈ। ਲੋਕ ਰੇਲ ਗੱਡੀ ਦੀ ਸਵਾਰੀ ਦਾ ਭਰਵਾਂ ਤੇ ਭਰਪੂਰ ਸਵਾਗਤ ਕਰਦੇ ਹਨ। ਕੋਇਲੇ (ਭਾਫ਼ ਇੰਜਣ) ਨਾਲ ਚੱਲਣ ਵਾਲੀ ਮੁੱਢਲੇ ਦੌਰ ਦੀ ਯਾਤਰੂ ਰੇਲ ਗੱਡੀ ਦੀਆਂ ਮੀਲਾਂ ਵਿੱਚ ਨਾਪਣ ਵਾਲੀਆਂ ਦੂਰੀਆਂ ਵਧਦੀਆਂ ਗਈਆਂ ਤੇ ਰੇਲ ਸਫ਼ਰ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਿੱਚ ਵਾਧਾ ਹੁੰਦਾ ਗਿਆ। ਹੌਲੀ-ਹੌਲੀ ਭਾਫ਼ ਇੰਜਣ ਰੇਲ ਗੱਡੀ ਦੇ ਡੀਜ਼ਲ ਇੰਜਣ ਵਿੱਚ ਬਦਲ ਹੋ ਜਾਂਦਾ ਤੇ ਬਿਹਤਰ ਨਤੀਜੇ ਦੇਣੇ ਸ਼ੁਰੂ ਕਰਦਾ ਹੈ। ਫਿਰ ਬਿਜਲੀ ਨਾਲ ਚੱਲਣ ਵਾਲਾ ਰੇਲ ਇੰਜਣ ਰੇਲਵੇ ਦੇ ਇਤਿਹਾਸ ਵਿੱਚ ਵੱਡਾ ਪਰਿਵਰਤਨ ਲੈ ਕੇ ਆਉਂਦਾ ਹੈ। ਰੇਲ ਗੱਡੀ ਦੇ ਸਫ਼ਰ ਦੇ ਦਿਸਹੱਦੇ ਹੋਰ ਵਿਸਥਾਰ ਕਰਦੇ ਜਾਂਦੇ ਹਨ।
* ਗੱਡੀ ਚੱਲਦੀ ਖਲੋ ਗਈ ਏ
ਜੀਹਨੂੰ ਖੜ੍ਹੀ ਤੂੰ `ਡੀਕਦੀ
ਉਹਦੀ ਬਦਲੀ ਹੋ ਗਈ ਏ..
* ਗੱਡੀ ਚੱਲਦੀ ਏ ਤਾਰਾਂ ਉੱਤੇ
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਕਰਾਰਾਂ ਉੱਤੇ..
* ਗੱਡੀ ਚੱਲਦੀ ਏ ਗਾਡਰ ਉੱਤੇ..
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਸਾਹਬ ਦੇ ਆਡਰ ਉੱਤੇ..
* ਗੱਡੀ ਚੱਲਦੀ ਏ ਸੰਗਲਾਂ ਉੱਤੇ..
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਏ ਮੰਗਲਾਂ ਉੱਤੇ..
ਖੋਜਾਂ ਹੁੰਦੀਆਂ ਗਈਆਂ ਤਾਂ ਰੇਲ ਗੱਡੀ ਮੈਟਰੋ ਰੇਲ, ਮੋਨੋ ਰੇਲ, ਬੁਲੇਟ ਰੇਲ ਦੇ ਪੜਾਅ ਤੱਕ ਪਹੰੁਚ ਗਈ ਤੇ ਤੇਜ਼ ਰਫ਼ਤਾਰ ਨਾਲ ਚੱਲਦੀਆਂ ਰੇਲ ਗੱਡੀਆਂ ਵਿੱਚ ਸਫਰ ਕਰਨ ਦੀ ਸਹੂਲਤ ਦਾ ਲਾਭ ਵੀ ਭਾਰਤੀ ਯਾਤਰੂ ਉਠਾ ਰਿਹਾ ਹੈ।
* ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ
ਟਿਕਟਾਂ ਦੋ ਲੈ ਲਈਂ..
* ਗੱਡੀ ਚੜ੍ਹ ਤੇਰੇ ਘਰ ਆਵਾਂ
ਚਿੱਠੀ ਤੀਏ ਦਿਨ ਮਿਲਣੀ..
ਪੰਜਾਬੀ ਦੇ ਇੱਕ ਲੋਕ ਗੀਤ ਵਿੱਚ ਧੀ ਅਤੇ ਮਾਂ ਵਿਚਾਲੇ ਸੰਵਾਦ ਚੱਲਦਾ ਹੈ। ਧੀ ਨੇ ਬੜੇ ਚਾਵਾਂ ਨਾਲ ਵੰਨ-ਸੁਵੰਨੇ ਨਵੇਂ ਗਹਿਣੇ ਘੜਵਾਏ ਹਨ। ਉਸ ਨੇ ਰੇਲ ਗੱਡੀ ਵਿੱਚ ਸਵਾਰ ਹੋ ਕੇ ਕਿਧਰੇ ਜਾਣਾ-ਆਉਣਾ ਹੈ। ਉਹ ਆਪਣੀ ਮਾਂ ਅੱਗੇ ਵਾਸਤੇ ਪਾਉਂਦੀ ਹੈ ਕਿ ਉਹ ਉਸ ਨੂੰ ਰੇਲ ਗੱਡੀ ਦੇ `ਟੇਸ਼ਣ ਉੱਤੇ ਆ ਕੇ ਮਿਲੇ-
* ਕੰਗਣ ਘੜਾਏ, ਮੋਤੀਆਂ ਜੜਤ ਜੜਾਈ
ਕਿਤੇ ਮਿਲ ਨੀਂ ਮਾਏਂ, ਗੱਡੀ `ਟੇਸ਼ਣ ਉੱਤੇ ਆਈ..
ਕੈਂਠਾ ਘੜਾਇਆ, ਮੋਤੀਆਂ ਜੜਤ ਜੜਾਈ
ਕਿਤੇ ਮਿਲ ਨੀਂ ਮਾਏਂ, ਗੱਡੀ `ਟੇਸ਼ਣ ਉੱਤੇ ਆਈ..
* ਗੱਡੀ ਆਉਂਦੀ ਨੂੰ ਲੁੱਕ ਲਾਵਾਂ
ਅੱਜ ਮੇਰੇ ਮਾਹੀ ਆਵਣਾ
ਸਿਰ ਵਾਹ ਕੇ ਕਲਿੱਪ ਲਾਵਾਂ..
ਜਿਨਾਂ ਨਵ-ਵਿਆਹੀਆਂ ਦੇ ਕੰਤ ਰੇਲ ਗੱਡੀ ਵਿੱਚ ਚੜ੍ਹ ਕੇ ਲੰਮੀਆਂ ਔਖੀਆਂ ਲੜਾਈਆਂ ਲੜਨ ਲਈ ਦੇਸ਼ ਦੀਆਂ ਸਰਹੱਦਾਂ ਉੱਤੇ ਚਲੇ ਜਾਂਦੇ ਹਨ, ਉਨ੍ਹਾਂ ਦੇ ਦਰਦ ਦੀ ਤਰਜ਼ਮਾਨੀ ਪੰਜਾਬੀ ਲੋਕ ਗੀਤਾਂ ਵਿੱਚ ਕੀਤੀ ਗਈ ਮਿਲਦੀ ਹੈ:
* ਟੁੱਟ ਜਾਵੇਂ ਰੇਲ ਗੱਡੀਏ
ਮੇਰੇ ਮਾਹੀ ਦਾ ਵਿਛੋੜਾ ਪਾਇਆ..
ਗੱਡੀਏ ਨੀਂ ਤੇਰੇ ਪਹੀਏ ਟੁੱਟ ਜਾਣ
ਨਾਲੇ ਟੁੱਟਣ ਬਾਹੀਆਂ
ਗੱਭਰੂ ਤੰੂ ਢੋਅ ਲਏ, ਨਾਰਾਂ ਦੇਣ ਦੁਹਾਈਆਂ..
ਰੇਲ ਗੱਡੀ ਦੇ ਹਵਾਲੇ ਨਾਲ ਕਈ ਸਮਾਜਿਕ ਰਿਸ਼ਤਿਆਂ ਦੀ ਗੱਲ ਬੜੀ ਸ਼ਿੱਦਤ ਨਾਲ ਹੁੰਦੀ ਹੈ। ਧੀ ਵੱਲੋਂ ਆਪਣੇ ਬਾਬਲ ਨੂੰ, ਭੈਣ ਵੱਲੋਂ ਆਪਣੇ ਵੀਰ ਨੂੰ ਅਤੇ ਪਤਨੀ ਵੱਲੋਂ ਆਪਣੇ ਪਤੀ ਨੂੰ ਕਿਸੇ ਵਿਸ਼ੇਸ਼ ਗੱਡੀ ਉੱਤੇ ਚੜ੍ਹ ਕੇ ਆਉਣ ਲਈ ਦਿੱਤੀ ਜਾਂਦੀ ਸਲਾਹ ਵੇਖਣ ਯੋਗ ਹੈ-
* ਓਸ ਗੱਡੀ ਆਈਂ ਬਾਬਲਾ
ਜਿਹੜੀ ਧੀਆਂ ਦੇ ਦੇਸ ਨੂੰ ਜਾਵੇ..
* ਗੱਡੀ ਕਰਾ ਦੇ ਚੀਕਣੀ,
ਅਸੀਂ ਚੜ੍ਹ ਕੇ ਜਾਣਾ ਪੇਕੜੇ
ਗੱਡੀਓ ਉਤਰਦੇ ਯਾਰ ਦੇ ਸਵਾਗਤ ਲਈ ਜਾ ਰਹੀ ਇੱਕ ਨਾਰ ਕੁਝ ਇਸ ਤਰ੍ਹਾਂ ਕਹਿੰਦੀ ਸੁਣਦੀ ਹੈ:
* ਝਰਨਾ ਝਰਨਾ ਝਰਨਾ,
ਲੁੱਦੇਹਾਣਾ ਮੈਂ ਵੇਖਿਆ
ਜਿੱਥੇ ਰੇਲ ਗੱਡੀ ਨੇ ਖੜ੍ਹਨਾ
ਪਿੱਛੇ ਹਟ ਵੇ ਖਸਮਾ,
ਮੈਂ ਯਾਰ ਗੁੱਸੇ ਨੀਂ ਕਰਨਾ..
* ਛਾਲ ਗੱਡੀ ਵਿੱਚੋਂ ਮਾਰੀ
ਮਿੱਤਰਾਂ ਦਾ ਬੋਲ ਸੁਣ ਕੇ..
ਲੰਮੇ ਪੈਂਡੇ ਤੈਅ ਕਰਨ ਵਾਲੀ ਰੇਲ ਗੱਡੀ ਆਪਣਿਆਂ ਨੂੰ ਮਿਲਾਉਂਦੀ ਹੈ, ਵਿਛੋੜੇ ਵੀ ਪਾਉਂਦੀ ਹੈ। ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦੇ ਨਾਲ ਗਾਰਡ, ਬਾਬੂ, `ਟੇਸ਼ਣ, ਟਿਕਟਾਂ, ਰੇਲ ਗੱਡੀ ਦੇ ਇੰਜਣ, ਉਸਦੀ ਆਵਾਜ਼, ਰੇਲ ਗੱਡੀ ਦੀਆਂ ਲਾਈਨਾਂ, ਮੁਸਾਫ਼ਰਾਂ, ਸ਼ਹਿਰਾਂ ਦੇ ਨਾਵਾਂ, ਧਰਤੀ ਦੇ ਦਿ੍ਰਸ਼ਾਂ, ਗੱਡੀ ਦੇ ਆਉਣ ਜਾਣ ਦੇ ਸਮੇਂ, ਗੱਡੀ ਵਿੱਚ ਚੜ੍ਹਨ ਦੇ ਚਾਅ, ਗੱਡੀ ਦੀ ਉਡੀਕ, ਰੇਲ ਗੱਡੀ ਦੇ ਸਫ਼ਰ ਆਦਿ ਦਾ ਜ਼ਿਕਰ ਬੜੀ ਬੇਬਾਕੀ ਨਾਲ ਹੁੰਦਾ ਹੈ:
* ਖੱਟ ਖੱਟ ਕੇ ਲਿਆਂਦਾ ਰਾਅ ਜਾਮਨੂੰ
ਵੇ ਸਵੇਰੇ ਗੱਡੀ ਮੋੜ
ਘਰ ਆ ਜਾ ਸ਼ਾਮ ਨੂੰ,
* ਏਸ ਡਾਕ ਨੇ ਬਠਿੰਡੇ ਜਾਣਾ
ਮੋੜ ਉਤੇ ਘਰ ਯਾਰ ਦਾ..
* ਗੱਡੀ ਲਾਈਨ ਉੱਤੇ ਆਈ ਏ
ਜਾਨ ਸਾਡੀ ਕੱਢਣ ਲਈ
ਮਹਿੰਦੀ ਹੱਥਾਂ ਉਤੇ ਲਾਈ ਏ..
* ਗੱਡੀ ਚੜ੍ਹਦੀ ਭਨਾ ਲਏ ਗੋਡੇ
ਚਾਅ ਮੁਕਲਾਵੇ ਦਾ..
ਰੇਲ ਗੱਡੀ ਦਾ ਸਫ਼ਰ ਅਮੁੱਕ ਹੈ। ਇਸ ਸਫ਼ਰ ਦੌਰਾਨ ਪੰਜਾਬੀ ਲੋਕ ਗੀਤ ਰੇਲ ਗੱਡੀ ਦੇ ਨਾਲ-ਨਾਲ ਪੰਧ ਗਾਹੁੰਦੇ ਆਏ ਹਨ। ਇੱਕ ਸਫ਼ਰ ਚੁੱਪ ਦਾ ਸਫ਼ਰ ਹੁੰਦਾ ਹੈ। ਇੱਕ ਸਫ਼ਰ ਸ਼ੋਰ ਦਾ ਸਫ਼ਰ ਹੁੰਦਾ ਹੈ। ਇੱਕ ਸਫ਼ਰ ਖੁਸ਼ੀਆਂ ਖੇੜਿਆਂ ਦਾ ਹੁੰਦਾ ਹੈ। ਇੱਕ ਸਫ਼ਰ ਬੇਚੈਨੀ ਦਾ ਹੁੰਦਾ ਹੈ। ਪੰਜਾਬੀ ਲੋਕ ਗੀਤ ਮਨੁੱਖ ਦੇ ਹਰੇਕ ਸਫ਼ਰ ਦੇ ਨਾਲ ਉਸ ਦੇ ਅੰਗ-ਸੰਗ ਰਹੇ ਹਨ। ਸ਼ਾਲਾ! ਖ਼ੁਸ਼ੀਆਂ ਸਾਂਝੀਆਂ ਕਰਨ ਵਾਲੇ ਮਨੁੱਖ ਦਾ ਰੇਲ ਗੱਡੀ ਦਾ ਸਫ਼ਰ ਜਾਰੀ ਰਹੇ। ਰੇਲ ਗੱਡੀ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਂਦੀ ਰਹੇ।