Welcome to Canadian Punjabi Post
Follow us on

21

October 2021
 
ਨਜਰਰੀਆ

ਵਿਅੰਗ: ਇਹੀ ਮੈਂ ਸਿੱਖਿਆ ਹੈ

September 15, 2021 02:21 AM

-ਡਾ: ਸੁਰੇਸ਼ ਕੁਮਾਰ ਮਿਸ਼ਰਾ ‘ਉਰਤਿ੍ਰਪਤ’
ਭਜਨ ਖਬਰੀ ਰਿਟਾਇਰ ਹੋ ਕੇ ਜ਼ਿੰਦਗੀ ਦੀ ਸ਼ਾਮ ਵਿੱਚ ਆਪਣੇ ਅਨੁਭਵਾਂ ਦੀ ਲਾਲੀ ਦੇਖਣ ਲਈ ਜੱਦੀ ਪਿੰਡ ਆ ਚੁੱਕਾ ਸੀ। ਉਸ ਦੇ ਪਿੰਡ ਵਿਕਾਸ ਦੀਆਂ ਕਿਰਨਾਂ ਤਾਂ ਦੂਰ, ਸੂਰਜ ਦੀਆਂ ਕਿਰਨਾਂ ਵੀ ਬੜੀ ਮੁਸ਼ਕਲ ਨਾਲ ਪੁੱਜਦੀਆਂ ਸਨ। ਇਸ ਲਈ ਨੇੜੇ ਦੇ ਸ਼ਹਿਰ ਵਿੱਚ ਰਹਿ ਕੇ ਇਕਲੌਤੇ ਬੇਟੇ ਨੂੰ ਇੰਨੀ ਉੱਚੀ ਸਿੱਖਿਆ ਦਿੱਤੀ ਕਿ ਉਸ ਨੂੰ ਅਸਮਾਨ ਦੇ ਸਿਵਾਏ ਕੁਝ ਦਿੱਸਦਾ ਹੀ ਨਹੀਂ ਸੀ। ਸੁਣਿਆ ਸੀ ਕਿ ਸਿੱਖਿਆ ਲੋਕਾਂ ਨੂੰ ਉੱਚਾ ਚੁੱਕਦੀ ਹੈ, ਪਰ ਇੰਨਾ ਕੁ ਉੱਚਾ ਉਠਾ ਦੇਵੇਗੀ, ਪਿਤਾ ਨੇ ਸੁਫਨੇ ਵਿੱਚ ਵੀ ਕਦੇ ਨਹੀਂ ਸੋਚਿਆ ਸੀ। ਇੱਕ ਦਿਨ ਬੇਟਾ ਉੱਚੀ ਉਡਾਣ ਉੱਡ ਕੇ ਸੱਤ ਸਮੁੰਦਰ ਪਾਰ ਅਮਰੀਕਾ ਪਹੁੰਚ ਗਿਆ। ਫਿਰ ਉਹ ਉਸ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ ਲੱਗਾ, ਸ਼ਾਇਦ ਆਪਣੀ ਖਾਦ ਨਾਲ ਗੁਆਂਢੀ ਦੀ ਖੇਤੀ ਕਰਨਾ ਇਸੇ ਨੂੰ ਕਹਿੰਦੇ ਹਨ।
ਲੜਕਾ ਬੜਾ ਚਲਾਕ ਹੈ। ਉਂਗਲੀ ਫੜਾਉਣ ਉੱਤੇ ਮੋਢੇ ਚੜ੍ਹਨਾ ਬਾਖੂਬੀ ਜਾਣਦਾ ਸੀ। ਆਪਣੀ ਜ਼ਿੰਦਗੀ ਨੰ ਹੋਰ ਹਰਾ ਬਣਾਉਣ ਲਈ ਉਥੇ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ। ਹੱਥ ਵਿੱਚ ਹਰਿਆਲੀ ਦਾ ਗ੍ਰੀਨ ਕਾਰਡ ਲੱਗ ਗਿਆ। ਵਿਆਹ ਇੰਨੀ ਕਾਹਲੀ ਵਿੱਚ ਹੋਇਆ ਕਿ ਮਾਤਾ-ਪਿਤਾ ਨੂੰ ਵੀ ਬੁਲਾ ਨਾ ਸਕਿਆ। ਵ੍ਹਾਟਸਆਪ ਉੱਤੇ ਵਿਆਹ ਦਾ ਕਾਰਡ, ਵੀਡੀਓ ਕਲਿਪਸ ਭੇਜ ਕੇ ਮਾਤਾ-ਪਿਤਾ ਨੂੰ ਓਨੀ ਹੀ ਖੁਸ਼ੀ ਦਿੱਤੀ, ਜਿੰਨੀ ਯੂ-ਟਿਊਬ ਵਿੱਚ ਛੱਪਨ ਭੋਗ ਦੇਖ ਕੇ ਘਰ ਵਿੱਚ ਪੱਕਿਆ ਦਾਲ-ਫੁਲਕਾ ਖਾਣ ਵਾਲੇ ਨੂੰ ਆਉਂਦੀ ਹੈ। ਵਿਆਹ ਦੇ ਪੂਰੇ ਇੱਕ ਸਾਲ ਬਾਅਦ ਲੜਕਾ ਮਾਤਾ-ਪਿਤਾ ਨੂੰ ਆਪਣੇ ਨਾਲ ਅਮਰੀਕਾ ਲਿਜਾਣ ਲਈ ਪਿੰਡ ਆਇਆ ਸੀ, ਪਰ ਮਾਤਾ-ਪਿਤਾ ਪਿੰਡ ਛੱਡ ਕੇ ਜਾਣਾ ਨਹੀਂ ਚਾਹੁੰਦੇ ਸਨ। ਲੜਕਾ ਘੁਮੰਡੀ ਹੋ ਚੱਲਿਆ ਸੀ। ਉਸ ਨੇ ਕਿਹਾ, ‘ਦੁਨੀਆ ਸਮਾਰਟ ਹੋ ਚੱਲੀ ਹੈ ਅਤੇ ਤੁਸੀਂ ਇਸ ਪਛੜੇ ਪਿੰਡ ਰਹਿਣ ਦੀ ਜ਼ਿੱਦ ਉੱਤੇ ਅੜੇ ਹੋ। ਇਹ ਪਿੰਡਾਂ ਦਾ ਦੇਸ਼ ਸੀ, ਹੈ ਅਤੇ ਰਹੇਗਾ। ਇਸ ਦਾ ਭਲਾ ਹੋਣ ਵਾਲਾ ਨਹੀਂ ਹੈ।’
ਇੰਨਾ ਸੁਣਨਾ ਸੀ ਕਿ ਪਿਤਾ ਨੇ ਉਠ ਕੇ ਕਿਹਾ, ‘ਇਹ ਪਿੰਡ ਨਹੀਂ, ਸਾਡੀ ਜ਼ਿੰਦਗੀ ਦਾ ਧੁਰਾ ਹੈ। ਇਥੋਂ ਦੇ ਖੇਤਾਂ ਦੇ ਬੰਨਿਆਂ ਉੱਤੇ ਚੱਲ ਕੇ ਅਸੀਂ ਸੰਤੁਲਿਤ ਰਹਿਣਾ ਅਤੇ ਸ਼ਹਿਰਾਂ ਦੀ ਨਕਲੀ ਚਕਾਚੌਂਧ ਦਾ ਸਾਹਮਣਾ ਕਰਨਾ ਸਿੱਖਿਆ ਹੈ।’
ਪਿਤਾ ਅੱਗੇ ਬੋਲੇ, ‘ਬੇਵਕਤੇ ਮੀਂਹ, ਤੂਫਾਨੀ ਹਵਾਵਾਂ ਨਾਲ ਬਰਬਾਦ ਹੁੰਦੀਆਂ ਫਸਲਾਂ ਵਿਚਾਲੇ ਤਸੱਲੀ ਬਖਸ਼ ਹਾਲਤਾਂ ਨੂੰ ਗਲੇ ਲਾਉਣਾ ਸਿੱਖਿਆ ਹੈ। ਨਹਿਰਾਂ ਤੋਂ ਖੇਤਾਂ ਤੱਕ ਪਾਣੀ ਲਿਜਾਣ ਦੀ ਕਲਾ ਸਿੱਖੀ ਹੈ। ਫਲਾਂ ਦੀ ਭਾਲ ਵਿੱਚ ਰੱੱਤਾਂ ਤੋਂ ਡਿੱਗਣਾ ਤੇ ਚੜ੍ਹਨਾ ਸਿੱਖਿਆ ਹੈ। ਇਸ ਨਾਲ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਝੱਲਣ ਦਾ ਸਾਹਸ ਮਿਲਦਾ ਹੈ। ਹੋਰ ਬਹੁਤ ਕੁਝ ਸਿੱਖਿਆ ਹੈ ਇਸ ਮਿੱਟੀ ਤੋਂ। ਫਸਲ ਉਗਾ ਕੇ ਅਨਾਜ ਵੇਚ ਕੇ ਕਮਾਏ ਇੱਕ ਇੱਕ ਪੈਸੇ ਵਿੱਚ ਮਿਹਨਤ ਦੀ ਸੁਗੰਧ ਦਾ ਆਨੰਦ ਲੈਣਾ ਸਿੱਖਿਆ ਹੈ। ਗਊਆਂ, ਮੱਾਝਾ, ਮੁਰਗੀਆਂ ਨਾਲ ਦੋਸਤੀ ਕਰ ਕੇ ਮੂਕ ਪ੍ਰਾਣੀਆਂ ਦੇ ਪ੍ਰਤੀ ਅਟੁੱਟ ਸੰਬੰਧ ਸਥਾਪਤ ਕਰ ਕੇ ਪ੍ਰੇਮ ਦਾ ਮਹੱਤਵ ਸਮਝਿਆ ਹੈ। ਲੱਕੜੀ ਦੀਆਂ ਛੋਟੀਆਂ-ਮੋਟੀਆਂ ਤੀਲੀਆਂ ਅਤੇ ਮਿੱਟੀ ਨਾਲ ਪਹੀਆ ਬਣਾਉਣ ਦੇ ਬਹਾਨੇ ਸਿਰਜਣਸ਼ੀਲ ਬਣਨਾ ਸਿੱਖਿਆ ਹੈ। ਖੂਹਾਂ ਕੋਲ ਰੁੱਖਾਂ ਉੱਤੇ ਲਟਕਦੇ ਬਿਜੜੇ ਪੰਛੀ ਦੇ ਬਣਾਏ ਆਲ੍ਹਣਿਆਂ ਤੋਂ ਸਿਵਲ ਇੰਜੀਨੀਅਰਿੰਗ ਦਾ ਆਦਰਸ਼ ਰੂਪ ਸਿੱਖਿਆ ਹੈ।’
ਹੰਕਾਰੀ ਬੇਟੇ ਦੇ ਪਿਤਾ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਅੱਗੇ ਕਿਹਾ, ‘ਤਿਉਹਾਰਾਂ ਦੇ ਦਿਨ ਮਾਲਾ ਬਣਾਉਣ ਲਈ ਫੁੱਲ ਚੁਣਨ ਦੇ ਬਹਾਨੇ ਕੋਮਲਤਾ ਸਿੱਖੀ ਹੈ। ਖੇਤੀ ਦੇ ਕੰਮ ਵਿੱਚ ਹਮੇਸ਼ਾ ਲੱਗਣ ਵਾਲੀਆਂ ਛੋਟੀਆਂ-ਮੋਟੀਆਂ ਸੱਟਾਂ ਨੂੰ ਸਹਿਣਾ ਸਿੱਖਿਆ ਹੈ। ਵੈਦ ਕੋਲ ਗਏ ਬਿਨਾਂ ਰੁੱਖਾਂ ਦੀਆਂ ਫੁੱਲਾਂ-ਪੱਤੀਆਂ ਨਾਲ ਦਵਾਈ ਬਣਾਉਣਾ ਤੇ ਵਰਤੋਂ ਕਰਨਾ ਸਿੱਖਿਆ ਹੈ। ਰੁੱਖ ਉੱਤੇ ਲਟਕਦੇ ਫਲ ਨੂੰ ਤੋੜਨ ਲਈ ਨਿਸ਼ਾਨਾ ਲਾਉਣਾ ਸਿੱਖਿਆ ਹੈ। ਪਾਣੀ ਨਾਲ ਭਰੇ ਘੜੇ ਸਿਰ ਉੱਤੇ ਰੱਖ ਲੈ ਜਾਣ ਦੀ ਕਲਾ ਨਾਲ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕਣਾ ਸਿੱਖਿਆ ਹੈ। ਮੌਸਮ ਭਾਵੇਂ ਕਿਹੋ ਜਿਹਾ ਵੀ ਹੋਵੇ, ਉਸ ਦਾ ਸਾਹਮਣਾ ਕਰਨ ਦਾ ਸਦਾ ਬਹਾਰ ਹੁਨਰ ਸਿੱਖਿਆ ਹੈ। ਘਰ ਆਉਣ ਵਾਲੇ ਮਹਿਮਾਨਾਂ ਵਿੱਚ ਭਗਵਾਨ ਨੂੰ ਪਛਾਣਨ ਦਾ ਗੁਰ ਸਿੱਖਿਆ ਹੈ। ਬਚੇ-ਖੁਚੇ ਨਾਲ ਜ਼ਿੰਦਗੀ ਬਿਤਾਉਣਾ ਅਤੇ ਲਾਲਚ ਤੋਂ ਬਚਣਾ ਸਿੱਖਿਆ ਹੈ। ਮਿੱਟੀ ਦੇ ਘਰੌਂਦੇ ਬਣਾ ਕੇ ਘਰ ਦਾ ਅਸਲੀ ਮੁੱਲ ਸਿੱਖਿਆ ਹੈ। ਪੱਤਲਾਂ ਵਿੱਚ ਭੋਜਨ ਕਰਨ, ਭੋਜਨ ਦਾ ਬਰਬਾਦੀ ਤੋਂ ਬਚਣ ਦਾ ਗੁਣ ਸਿੱਖਿਆ ਹੈ। ਖਰੀਦ ਕੇ ਲਿਆਂਦੀ ਇੱਕ ਟੌਫੀ ਨੂੰ ਕਮੀਜ਼ ਨਾਲ ਢੱਕ ਕੇ ਕੱਟਣਾ, ਵੰਡਣਾ ਤੇ ਮਿਲ ਕੇ ਖਾਣਾ ਸਿੱਖਿਆ ਹੈ। ਮਾਤਾ-ਪਿਤਾ, ਦਾਦਾ-ਦਾਦੀ, ਚਾਚਾ-ਚਾਚੀ, ਭਰਾ-ਭੈਣਾਂ ਵਿੱਚ ਰਹਿ ਕੇ ਸੱਚੇ ਪ੍ਰੇਮ ਦਾ ਲੁਤਫ ਲੈਣਾ ਸਿੱਖਿਆ ਹੈ। ਪਿੰਡ ਸਿਰਫ ਪਿੰਡ ਨਹੀਂ ਵਸੂਧੈਵ ਕਟੁੰਬਕਮ ਦੀ ਭਾਵਨਾ ਨਾਲ ਸਰਾਬੋਰ ਪੂਰਾ ਪਰਵਾਰ ਹੈ, ਅਜਿਹੇ ਪਰਵਾਰ ਨੂੰ ਅਪਣਾਉਣਾ ਸਿੱਖਿਆ ਹੈ।’
ਇੰਨਾ ਉਪਦੇਸ਼ ਦੇ ਕੇ ਭਜਨ ਖਬਰੀ ਨੇ ਆਪਣੇ ਪੁੱਤਰ ਦਾ ਅਮਰੀਕੀ ਪ੍ਰਸਤਾਵ ਠੁਕਰਾ ਦਿੱਤਾ। ਹੰਕਾਰੀ ਬੇਟਾ ਆਪਣਾ ਜਿਹਾ ਮੂੰਹ ਲਈ ਅਮਰੀਕਾ ਮੁੜ ਗਿਆ। ਗਰਭਵਤੀ ਪਤਨੀ ਨੂੰ ਘਰ ਦੇ ਕੰਮ ਵਿੱਚ ਮਦਦ ਦੇਣ ਤੇ ਬੱਚਾ ਪੈਦਾ ਹੋਣ ਉੱਤੇ ਉਸ ਦੀ ਦੇਖਭਾਲ ਲਈ ਮੁਫਤ ਦੇ ਨੌਕਰ ਇੰਡੀਆ ਤੋਂ ਅਮਰੀਕਾ ਲਿਆਉਣ ਦੀ ਯੋਜਨਾ ਧਰੀ ਰਹਿ ਗਈ।

 
Have something to say? Post your comment