Welcome to Canadian Punjabi Post
Follow us on

25

September 2021
 
ਨਜਰਰੀਆ

ਸਰਕਸ ਵਾਲੀ ਪੰਜੀ

July 27, 2021 02:35 AM

-ਇੰਦਰਜੀਤ ਭਲਿਆਣ
ਸ਼ੁਕਰ ਆ ਕਿ ਪਿੰਡ ਨੂੰ ਜਾਣ ਵਾਲੀ ਆਖਰੀ ਬਸ ਅਜੇ ਖੜ੍ਹੀ ਸੀ। ਬੀਬੀ ਮੈਨੂੰ ਬਾਂਹ ਤੋਂ ਘੜੀਸਦੀ ਬਸ ਵਿੱਚ ਚੜ੍ਹ ਗਈ। ਪਿੰਡਾਂ ਨੂੰ ਜਾਂਦੀਆਂ ਬਸਾਂ ਵਿੱਚ ਸੀਟ ਮਿਲਣਾ ਡੀਲਕਸ ਬਸ ਦੀ ਸਵਾਰੀ ਕਰਨ ਸਮਾਨ ਮੰਨਿਆ ਜਾਂਦਾ ਹੈ। ਬਸ ਸਵਾਰੀਆਂ ਨਾਲ ਇਸ ਤਰ੍ਹਾਂ ਖਚਾਖਚ ਭਰ ਜਾਂਦੀ ਕਿ ਸਾਹ ਲੈਣਾ ਔਖਾ ਹੋ ਜਾਂਦਾ। ਚੰਗੇ ਭਾਗਾਂ ਨੂੰ ਸਾਨੂੰ ਸੀਟ ਮਿਲ ਗਈ। ਇੰਨੇ ਨੂੰ ਅਗਲੀ ਤਾਕੀ ਰਾਹੀਂ ਇੱਕ ਬਜ਼ੁਰਗ ਚੜ੍ਹਿਆ ਤੇ ਸੁਰੀਲੀ ਆਵਾਜ਼ ਵਿੱਚ ਗਾਉਣ ਲੱਗਾ, ‘ਦਵਾਈ ਦੀ ਦਵਾਈ ਵੀਰੋ, ਮਠਿਆਈ ਦੀ ਮਠਿਆਈ ਵੀਰੋ। ਨਾਲੇ ਆਪ ਖਾਓ, ਨਾਲੇ ਬੱਚਿਆਂ ਲਈ ਲੈ ਜਾਓ। ਅੰਬਰਧਾਰੇ (ਅੰਮ੍ਰਿਤਧਰਾ) ਦੀਆਂ ਗੋਲੀਆਂ, ਦਸੀ (10 ਪੈਸੇ) ਦਾ ਪੈਕੇਟ।’ ਇਸ ਤੋਂ ਪਹਿਲਾਂ ਕਿ ਉਹ ਆਪਣੀ ਮਨਮੋਹਣੀ ਅਪੀਲ ਦੁਹਰਾਉਂਦਾ, ਸਵਾਰੀਆਂ ਨੇ ‘ਮਠਿਆਈ-ਕਮ-ਦਵਾਈ’ ਲਈ ਹਾਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਸੰਗਤਰੇ ਦੀਆਂ ਗੋਲੀਆਂ ਲੈਣ ਦੀ ਜ਼ਿੱਦ ਨੂੰ ਰੱਦ ਕਰ ਕੇ ਬੀਬੀ ਨੇ ਅੰਬਰਧਾਰੇ ਦੀਆਂ ਗੋਲੀਆਂ ਦਾ ਪੈਕੇਟ ਮੇਰੇ ਹੱਥ ਫੜਾ ਦਿੱਤਾ। ‘‘ਇਹ ਮੂਰਖ ਨੇ ਜਿਹੜੇ ਖਰੀਦ ਰਹੇ ਆ'', ਕਹਿੰਦਿਆਂ ਇੱਕੋ ਝਿੜਕੀ ਨਾਲ ਮੈਨੂੰ ਚੁੱਪ ਕਰਾ ਦਿੱਤਾ।
ਬਹੁਤ ਸਸਤੇ ਵੇਲੇ ਸਨ ਉਹ। ਖੀਸੇ ਵਿੱਚ ਪਿਆ ਇੱਕ ਰੁਪੱਈਆ ਅੱਜ ਦੇ ਸੌ ਦੇ ਨੋਟ ਜਿੰਨਾ ਸੇਕ ਮਾਰਦਾ ਸੀ। ਪਿਤਾ ਜੀ ਫੌਜ ਵਿੱਚ ਸਨ। ਉਹ ਦੋ ਮਹੀਨੇ ਦੀ ਛੁੱਟੀ ਕੱਟ ਡਿਊਟੀ ਉੱਤੇ ਜਾਣ ਲਈ ਕਰੀਬ ਕਰੀਬ ਤਿਆਰ ਹੀ ਸਨ ਕਿ ਬਾਹਰ ਗਲੀ ਵਿੱਚ ਕੁਲਫੀਆਂ ਵਾਲੇ ਨੇ ਟੱਲੀ ਖੜਕਾ ਦਿੱਤੀ ਅਤੇ ਲੰਮੀ ਹੇਕ ਲਾਉਂਦਿਆਂ ‘ਠੰਢੀ ਮਿੱਠੀ ਖੋਏ ਮਲਾਈ ਦੀ ਕੁਲਫੀ ਲੈ ਲਓ ਜੀ ਠੰਢੀ ਮਿੱਠੀ ਕੁਲਫੀ' ਦਾ ਹੋਕਾ ਦੇ ਦਿੱਤਾ। ਅਜੇ ਸੋਚ ਰਹੇ ਸਾਂ ਕਿ ਪਿਤਾ ਜੀ ਨੂੰ ਕੁਲਫੀ ਲਈ ਕਿਵੇਂ ਕਿਹਾ ਜਾਵੇ, ਪਿਤਾ ਜੀ ਨੇ ਜੇਬ ਵਿੱਚੋਂ ਰੁਪੱਈਆ ਕੱਢ ਕੇ ਮੈਨੂੰ ਫੜਾਉਂਦਿਆਂ ਕਿਹਾ, ‘‘ਜਾਓ ਖਾ ਲਓ ਕੁਲਫੀਆਂ, ਪਰ ਖਾਇਓ ਖੋਏ ਆਲੀ।” ਖੋਏ ਵਾਲੀ ਇੱਕ ਆਨੇ ਦੀ ਆਉਂਦੀ ਸੀ ਤੇ ਦੂਜੀ ਬਰਫ ਵਾਲੀ ਤਿੰਨ ਪੈਸੇ ਦੀ ਇੱਕ। ਮੈਂ ਚਚੇਰੇ ਭਰਾ ਨੂੰ ਨਾਲ ਲੈ ਕੁਲਫੀਆਂ ਲੈਣ ਚੱਲ ਪਿਆ। ਅਸੀਂ ਕੁਲਫੀਆਂ ਵੇਚਣ ਵਾਲੇ ਨੂੰ ਇੱਕ ਰੁਪੱਈਆ ਫੜਾ ਕੇ ਖੋਏ ਦੀਆਂ ਕੁਲਫੀਆਂ ਦੇਣ ਦਾ ਹੁਕਮ ਚਾੜ੍ਹ ਦਿੱਤਾ। ਸਾਡੇ ਵਾਂਗ ਕੁਲਫੀਆਂ ਵਾਲੇ ਦਾ ਚਿਹਰਾ ਵੀ ਖਿੜ ਗਿਆ। ਇੱਕੋ ਝੱਟੇ ਸੋਲ੍ਹਾਂ ਕੁਲਫੀਆਂ ਵਿਕਣੀਆਂ, ਉਹ ਵੀ ਖੋਏ ਵਾਲੀਆਂ, ਖੁਸ਼ੀ ਦੀ ਗੱਲ ਤਾਂ ਹੈ ਹੀ ਸੀ। ਭਾਈ ਨੇ ਸਾਨੂੰ ਗਿਣ ਕੇ ਸੋਲ੍ਹਾਂ ਕੁਲਫੀਆਂ ਪਾ ਦਿੱਤੀਆਂ। ਮੈਂ ਕੁਲਫੀਆਂ ਦੀ ਖੇਪ ਲੈ ਕੇ ਤੁਰਨ ਲੱਗਾ ਸੀ ਕਿ ਚਚੇਰੇ ਭਰਾ ਨੇ ਰੱਫੜ ਪਾ ਲਿਆ। ਉਹ ਆਪਣੀ ਥਾਂ ਸੱਚਾ ਸੀ। ਸੋਲ੍ਹਾਂ ਕੁਲਫੀਆਂ ਹੋਏ ਸੋਲ੍ਹਾਂ ਆਨੇ, ਭਾਵ ਛਿਅੱਨਵੇਂ ਪੈਸੇ, ਤੇ ਬਾਕੀ ਚਾਰ ਪੈਸੇ? ਕੁਲਫੀਆਂ ਵਾਲੇ ਨੇ ਬਰਫ ਵਾਲੀ ਕੁਰਫੀ ਦੇ ਕੇ ਜਾਨ ਛੁਡਾਈ।
ਇੱਕ ਦਿਨ ਜ਼ਰੂਰੀ ਸੁਨੇਹਾ ਦੇਣ ਨਾਨਕੇ ਪਿੰਡ ਜਾਣਾ ਪੈ ਗਿਆ। ਘਰਦਿਆਂ ਨੇ ਇੱਕ ਰੁਪਏ ਦਾ ਨੋਟ ਹੱਥ ਫੜਾ ਕੇ ਤਾਕੀਦ ਕੀਤੀ ਕਿ ਪਹਿਲਾਂ ਦਸ ਮੀਲ ਸਾਈਕਲ ਚਲਾ ਕੇ ਸ਼ਹਿਰ ਜਾਹ, ਉਥੋਂ ਬਸ ਚੜ੍ਹ ਕੇ ਨਾਨਕੇ ਚਲਾ ਜਾਈਂ, ਤੇ ਤੀਏ ਪਹਿਰ ਦੀ ਚਾਹ ਤੱਕ ਘਰ ਆ ਜਾਵੀਂ, ਅੱਠ ਆਨੇ ਆਮ ਤੇ ਅੱਠ ਆਨੇ ਜਾਣ ਦਾ ਬਸ ਦਾ ਭਾੜਾ ਲੱਗੇਗਾ, ਖਿਆਲ ਰੱਖੀਂ, ਪੈਸੇ ਕਿਧਰੇ ਗੇਰ ਨਾ ਦੇਈਂ। ਸ਼ਹਿਰ ਜਾ ਕੇ ਸਾਈਕਲ ਕਿਧਰੇ ਖੜ੍ਹਾ ਕਰ ਕੇ ਮੈਂ ਨਾਨਕੇ ਪਿੰਡ ਜਾਣ ਵਾਲੀ ਬਸ ਵਿੱਚ ਬੈਠ ਗਿਆ। ਕੰਡਕਟਰ ਨੇ ਟਿਕਟ ਦੇ ਨਾਲ ਜਿਹੜੇ ਅੱਠ ਆਨੇ ਮੋੜੇ, ਉਹ ਮੈਨੂੰ ਖੋਟੇ ਲੱਗੇ। ਕੰਡਕਟਰ ਨੂੰ ਅੱਠ ਆਨੇ ਬਦਲਣ ਲਈ ਕਿਹਾ, ਪਰ ਉਹ ਨਾ ਮੰਨਿਆ। ਬੱਚਾ ਸਾਂ, ਚੁੱਪ ਕਰ ਗਿਆ, ਪਰ ਵਾਪਸੀ ਦਾ ਫਿਕਰ ਪੈ ਗਿਆ। ਜੇ ਅਗਲੀ ਬਸ ਦੇ ਕੰਡਕਟਰ ਨੇ ਖੋਟੇ ਪੈਸੇ ਕਹਿ ਕੇ ਬਸ ਤੋਂ ਉਤਾਰ ਦਿੱਤਾ, ਫਿਰ ਕੀ ਬਣੂ। ਇਨ੍ਹਾਂ ਫਿਕਰਾਂ ਵਿੱਚ ਨਾਨਕੇ ਘਰ ਪੁੱਜ ਗਿਆ। ਖੋਟਾ ਸਿੱਕਾ ਚੈਨ ਨਹੀਂ ਸੀ ਲੈਣ ਦੇ ਰਿਹਾ। ਆਖਿਰ ਸਾਰੀ ਗੱਲ ਨਾਨੀ ਨੂੰ ਸੁਣਾਈ। ਨਾਨੀ ਨੇ ਸਿੱਕਾ ਦੇਖ ਕੇ ਕਹਿ ਦਿੱਤਾ, ਇਹ ਤਾਂ ਠੀਕ ਆ, ਕੌਣ ਕਹਿ ਦੂ ਖੋਟਾ। ਨਾਨੀ ਨੇ ਇੱਕ ਰੁਪੱਈਆ ਮੇਰੇ ਹੱਥ ਦਿੰਦਿਆਂ ਕਹਿਾ, ‘‘ਲੈ ਜੇ ਨਾ ਚੱਲਿਆ ਤਾਂ ਇਹ ਚਲਾ ਲੀਂ।” ਵਾਪਸੀ ਉੱਤੇ ਪਹਿਲੀ ਅਠਿਆਨੀ ਵੀ ਚੱਲ ਗਈ ਤੇ ਨਾਨੀ ਦੇ ਰੁਪੱਈਏ ਨਾਲ ਮੌਜਾਂ ਅੱਡ ਲੁੱਟੀਆਂ।
ਸਾਡੇ ਨੇੜਲੇ ਸ਼ਹਿਰ ਗ੍ਰੇਟ ਰੋਮਨ ਸਰਕਸ (ਸ਼ਾਇਦ ਇਹੀ ਨਾਂਅ ਸੀ) ਆ ਗਈ। ਦੇਖਣ ਨੂੰ ਦਿਲ ਤਾਂ ਕਰਦਾ, ਪਰ ਕੋਈ ਸਬੱਬ ਨਾ ਬਣਿਆ। ਨਾ ਪੈਸਿਆਂ ਦਾ ਜੁਗਾੜ ਹੋਇਆ, ਨਾ ਜਾਣ ਦਾ। ਇੱਕ ਦਿਨ ਪਿੰਡ ਦਾ ਟਰੱਕ ਮਾਲਕ ਟਰੱਕ ਲੈ ਕੇ ਆ ਗਿਆ ਤੇ ਪਿੰਡ ਵਿੱਚ ਕਹਾ ਦਿੱਤਾ ਕਿ ਜੀਹਨੇ ਸਰਕਸ ਦੇਖਣ ਜਾਣਾ, ਆ ਜੋ ਟਰੱਕ ਚੱਲਿਆ, ਪਰ ਸਰਕਸ ਦੀ ਟਿਕਟ ਦਾ ਸਵਾ ਰੁਪੱਈਆ ਕੋਲ ਹੋਵੇ। ਸ਼ੋਅ ਦੇਖਣ ਘਰ ਦੇ ਸਾਰੇ ਜੀਅ ਜਾਣਾ ਚਾਹੁੰਦੇ ਸਨ, ਪਰ ਟਿਕਟ ਦੇ ਪੈਸਿਆਂ ਦਾ ਪ੍ਰਬੰਧ ਸਿਰਫ ਮੇਰੇ ਲਈ ਹੋ ਸਕਿਆ। ਬੀਬੀ ਨੇ ਇੱਕ ਰੁਪਏ ਦਾ ਨੋਟ ਤੇ ਤਿੰਨ ਦਸੀਆਂ ਦਿੰਦਿਆਂ ਕਿਹਾ, ‘‘ਸਵਾ ਰੁਪਏ ਦਾ ਟਿਕਟ ਲੈ ਲੀਂ ਤੇ ਜਿਹੜੀ ਪੰਜੀ ਬਚੂੰਗੀ, ਉਸ ਦਾ ਕੁਝ ਖਾ ਲੀਂ।” ਸਰਕਸ ਦੇ ਨੇੜੇ ਪਹੁੰਚ ਕੇ ਟਰੱਕ ਡਰਾਈਵਰ ਨੇ ਸਾਰਿਆਂ ਤੋਂ ਪੈਸੇ ਇਕੱਠੇ ਕੀਤੇ ਤੇ ਸਾਨੂੰ ਟਿਕਟ ਲਿਆ ਕੇ ਦੇ ਦਿੱਤੇ। ਟਿਕਟ ਤਾਂ ਮੈਨੂੰ ਮਿਲ ਗਿਆ, ਪਰ ਪੰਜੀ ਨਹੀਂ ਮਿਲੀ। ਟਰੱਕ ਵਾਲੇ ਤੋਂ ਪੰਜੀ ਮੰਗਣ ਗਿਆ ਤਾਂ ਉਹ ਅੱਗਿਓਂ ਟੁੱਟ ਕੇ ਪਿਆ। ਭੁੱਖਣ ਭਾਣੇ ਹੀ ਸਰਕਸ ਦੇਖਣੀ ਪਈ।
ਪਿਛਲੇ ਦਿਨੀਂ ਕਰਿਆਨੇ ਦੀ ਵੱਡੀ ਦੁਕਾਨ ਉੱਤੇ ਸੌਦੇ ਲੈਣ ਗਿਆ ਤਾਂ ਉਹੀ ਪੁਰਾਣੀਆਂ ਗੋਲੀਆਂ-ਮੱਛੀਆਂ ਦੀ ਥੈਲੀ ਪਈ ਦਿਸੀ। ਪੁੱਛਣ ਉੱਤੇ ਦੁਕਾਨਦਾਰ ਨੇ ਦੱਸਿਆ ਕਿ ਅੰਬਰਧਾਰੇ ਦੀਆਂ ਗੋਲੀਆਂ, ਵੀਹ ਰੁਪਏ ਦਾ ਪੈਕੇਟ। ‘‘ਹੈਂ ਵੀਹ ਰੁਪਏ। ਐਨਾ ਮਹਿੰਗਾ।” ਮੈਂ ਸੱਚੀ ਹੈਰਾਨ ਸਾਂ। ਦੁਕਾਨਦਾਰ ਨੂੰ ਮੇਰੀ ਟਿੱਪਣੀ ਜਚੀ ਨਹੀਂ, ‘‘ਕੀ ਗੱਲ ਕਰਦੇ ਹੋ ਸਰਦਾਰ ਜੀ, ਸਸਤਾ ਕੀ ਰਹਿ ਗਿਆ? ਸਰ੍ਹੋਂ ਦਾ ਤੇਲ ਦੇਖੋ, ਦਾਲਾਂ ਦੇਖੋ, ਪੈਟਰੋਲ ਡੀਜ਼ਲ ਦੇਖੋ, ਚੀਨੀ ਦੇਖੋ...ਹਰ ਚੀਜ਼ ਨੂੰ ਅੱਗ ਲੱਗੀ ਪਈ ਆ, ਲੁੱਟ ਕੇ ਖਾ ਗੀਆਂ ਸਰਕਾਰਾਂ ਗਰੀਬ ਨੂੰ।” ਆਖ ਕੇ ਬੁੜ ਬੁੜ ਕਰਦਾ ਸੌਦੇ ਤੌਲਣ ਲੱਗ ਪਿਆ।

 
Have something to say? Post your comment