Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸੰਦੂਕ ਦੀ ਮਾਲਕਣ

July 19, 2021 02:56 AM

-ਸ਼ਵਿੰਦਰ ਕੌਰ
ਆਪਣੇ ਘਰ ਵੱਡੀ ਸਬਾਤ ਵਿੱਚ ਇੱਕ ਪਾਸੇ ਤਿੰਨ ਸੰਦੂਕ ਪਏ ਹੁੰਦੇ ਸਨ। ਸਭ ਤੋਂ ਛੋਟਾ ਸੰਦੂਕ ਦਾਦੀ ਮਾਂ ਦਾ ਸੀ। ਅਗਲਾ, ਜਿਸ ਉੱਤੇ ਫੱਟੀ ਲਾ ਕੇ ਡੱਬੇ ਪਾਏ ਹੋਏ ਸਨ ਤੇ ਡੱਬਿਆਂ ਵਿੱਚ ਪਿੱਤਲ ਦੀਆਂ ਫੁੱਲੀਆਂ ਲੱਗੀਆਂ ਸਨ, ਮੇਰੀ ਮਾਂ ਦਾ ਸੀ। ਤੀਜੇ ਸੰਦੂਕ ਉੱਤੇ ਡੱਬੇ ਸਨ, ਪਰ ਦੋ ਡੱਬੇ, ਜਿਨ੍ਹਾਂ ਵਿੱਚ ਸ਼ੀਸ਼ੇ ਲੱਗੇ ਸਨ, ਨੂੰ ਛੱਡ ਕੇ ਬਾਕੀ ਸਭ ਖਾਲੀ ਸਨ। ਇਸ ਸੰਦੂਕ ਨੂੰ ਅਸੀਂ ਹਮੇਸ਼ਾ ਬੰਦ ਹੀ ਦੇਖਦੇ। ਜਦੋਂ ਵੀ ਘਰ ਵਿੱਚ ਇਸ ਸੰਦੂਕ ਬਾਰੇ ਗੱਲ ਹੁੰਦੀ ਤਾਂ ਇਸ ਨੂੰ ਗਨੀ ਕਾ ਦਾ ਸੰਦੂਕ ਕਿਹਾ ਜਾਂਦਾ। ਮੈਂ ਅਤੇ ਮੇਰੀਆਂ ਭੈਣਾਂ ਜੇ ਕਦੇ ਇਸ ਨੂੰ ਖੋਲ੍ਹਣ ਲੱਗਦੀਆਂ ਤਾਂ ਦਾਦੀ ਮਨ੍ਹਾ ਕਰ ਦਿੰਦੀ। ਅਸੀਂ ਕਾਰਨ ਪੁੱਛਦੀਆਂ ਤਾਂ ਉਹ ਇਹ ਕਹਿ ਕੇ ਗੱਲ ਨਿਬੇੜ ਦਿੰਦੀ, ਇਹ ਪੁੱਤ ਬੇਗਾਨੀ ਅਮਾਨਤ ਹੈ। ਮੈਂ ਚਾਹੁੰਦੀ ਹਾਂ, ਜਦੋਂ ਇਹਦੀ ਮਾਲਕਣ ਇਹਨੂੰ ਲੈਣ ਆਵੇ ਤਾਂ ਉਸ ਨੂੰ ਉਸੇ ਤਰ੍ਹਾਂ ਪਿਆ ਮਿਲੇ, ਜਿਸ ਤਰ੍ਹਾਂ ਉਹ ਰੱਖ ਕੇ ਗਈ ਸੀ।
ਮਨ ਵਿੱਚ ਆਉਂਦਾ, ਇਸ ਦੀ ਮਾਲਕਣ ਕੌਣ ਹੈ? ਉਹ ਇੱਥੇ ਕਿਉਂ ਰੱਖ ਗਈ? ਬੇਪਰਵਾਹ ਬਚਪਨ! ਛੇਤੀ ਹੀ ਸਭ ਕੁਝ ਵਿਸਰ ਜਾਂਦਾ। ਵੱਡੇ ਹੁੰਦੇ ਗਏ ਤਾਂ ਵੰਡ ਬਾਰੇ, ਪੰਜਾਬੀਆਂ ਨਾਲ ਵਰਤੇ ਅਸਹਿ, ਅਕਹਿ ਕਹਿਰ ਬਾਰੇ ਜਾਨਣ ਦਾ ਮੌਕਾ ਮਿਲਿਆ। ਇਹ ਸਮਝ ਵੀ ਆਈ ਕਿ ਸੰਦੂਕ ਇੱਥੇ ਕਿਸੇ ਨੇ ਕਿਉਂ ਰੱਖਿਆ। ਇਸ ਦੀ ਮਾਲਕਣ ਇਸ ਨੂੰ ਲੈਣ ਕਦੇ ਨਹੀਂ ਆਵੇਗੀ। ਜਦੋਂ ਦਾਦੀ ਨੂੰ ਇਹ ਗੱਲ ਦੱਸਣੀ ਤਾਂ ਉਸ ਦਾ ਵਿਸ਼ਵਾਸ ਕਦੇ ਨਾ ਡੋਲਦਾ, ਸਗੋਂ ਉਹਨੇ ਸਾਨੂੰ ਗੁੱਸੇ ਹੋਣ ਲੱਗ ਪੈਣਾ-ਦੋ ਅੱਖਰ ਪੜ੍ਹ ਕੇ ਤੁਹਾਡੀ ਮੱਤ ਮਾਰੀ ਗਈ ਹੈ। ਸਾਡੇ ਨਾਲ ਵੱਸਦੇ ਹਮ-ਸਾਏ ਬਿਗਾਨੇ ਕਿਵੇਂ ਹੋ ਗਏ। ਇਸੇ ਪਿੰਡ ਵਿੱਚ ਜੰਮੇ ਜਾਏ, ਵੱਡੇ ਹੋਏ, ਉਨ੍ਹਾਂ ਨੂੰ ਆਪਣੇ ਪਿੰਡ ਆਪਣੇ ਘਰ ਆਉਣ ਤੋਂ ਭਲਾ ਕੌਣ ਰੋਕ ਸਕਦਾ? ਭੋਲੀ ਦਾਦੀ ਸਿਆਸਤ ਦੀਆਂ ਖੇਡਾਂ ਬਾਰੇ ਕੀ ਜਾਣਦੀ ਸੀ।
ਸੰਦੂਕ ਤੱਕ ਕੇ ਮਨ ਵਿੱਚ ਕਈ ਕੁਝ ਘੁੰਮਦਾ ਰਹਿੰਦਾ। ਕਿੰਨੀਆਂ ਰੀਝਾਂ ਅਤੇ ਚਾਵਾਂ ਨਾਲ ਮਾਪਿਆਂ ਨੇ ਆਪਣੀ ਧੀ ਨੂੰ ਸੰਦੂਕ ਬਣਾ ਕੇ ਦਿੱਤਾ ਹੋਵੇਗਾ। ਸਹੁਰੇ ਘਰ ਨਵੀਂ ਆਈ ਉਸ ਮੁਟਿਆਰ ਨੂੰ ਅਣਜਾਣ ਪਰਵਾਰ ਵਿੱਚ ਇਹ ਸੰਦੂਕ ਹੀ ਆਪਣੇਪਣ ਦਾ ਧਰਵਾਸ ਦਿੰਦਾ ਹੋਵੇਗਾ। ਜਦੋਂ ਉਸ ਨੇ ਇਸ ਦੇ ਸ਼ੀਸ਼ਿਆਂ ਸਾਹਮਣੇ ਖੜ੍ਹ ਕੇ ਆਖਰੀ ਦਿਨ ਸਿਰ ਵਾਹੁੰਦੀ ਨੇ ਆਪਣਾ ਸੰਧੂਰੀ ਚਿਹਰਾ ਤੱਕਿਆ ਹੋਵੇਗਾ, ਉਸ ਨੂੰ ਕੀ ਪਤਾ ਸੀ ਕਿ ਉਹ ਇਸ ਰਿਸ਼ਤੇ ਦਾ ਆਖਰੀ ਦਿਨ ਹੈ। ਜਦੋਂ ਉਸ ਦਾ ਪਰਵਾਰ ਸੰਦੂਕ ਸਾਡੇ ਘਰ ਰੱਖਣ ਆਇਆ ਹੋਵੇਗਾ ਤਾਂ ਭਰੇ ਗਲੇ ਅਤੇ ਸਿਲ੍ਹੀਆਂ ਅੱਖਾਂ ਨਾਲ ਉਹ ਇਸ ਵੱਲ ਕਿਵੇਂ ਤੱਕ ਰਹੀ ਹੋਵੇਗੀ। ਕਦੇ ਅੱਖਾਂ ਸਾਹਮਣੇ ਉਹ ਦਿ੍ਰਸ਼ ਆ ਜਾਂਦਾ, ਜਦੋਂ ਲੋਕ ਲੋੜੀਂਦੀਆਂ ਵਸਤਾਂ ਦੀ ਗੱਠੜੀ ਬੰਨ੍ਹ ਕੇ ਘਰਾਂ ਦੀ ਦਹਿਲੀਜ਼ ਟੱਪਣ ਲੱਗੇ ਹੋਣਗੇ, ਜਿਨ੍ਹਾਂ ਵਿੱਚ ਉਨ੍ਹਾਂ ਦਾ ਦਿਲ ਧੜਕਦਾ ਸੀ। ਪਤਾ ਨਹੀਂ ਕਿੰਨੀ ਕੁ ਵਾਰ ਭਰੇ ਮਨਾਂ ਨਾਲ ਪਿਛਾਂਹ ਮੁੜ ਮੁੜ ਘਰ ਵੱਲ ਤੱਕਿਆ ਹੋਵੇਗਾ। ਫਿਰ ਲੀਹੋਂ ਥਿੜਕੀ ਜ਼ਿੰਦਗੀ ਨੂੰ ਮੁੜ ਤਰਤੀਬ ਦੇਣ ਲਈ ਪਤਾ ਨਹੀਂ ਉਨ੍ਹਾਂ ਨੂੰ ਕਿੰਨੇ ਕੁ ਜ਼ਫਰ ਜਾਲਣੇ ਪਏ ਹੋਣਗੇ।
ਸਮਾਂ ਬੀਤਦਾ ਗਿਆ। ਦਾਦੀ ਸੰਦੂਕ ਦੀ ਮਾਲਕਣ ਦਾ ਰਾਹ ਤੱਕਦੀ ਜਹਾਨ ਤੋਂ ਤੁਰ ਗਈ। ਪੇਟੀਆਂ, ਅਲਮਾਰੀਆਂ ਦੇ ਮੋਹ ਅੱਗੇ ਸੰਦੂਕਾਂ ਦੀ ਵੁੱਕਤ ਘਟਦੀ ਗਈ। ਸੰਭਾਲ ਖੁਣੋਂ ਉਨ੍ਹਾਂ ਨੂੰ ਸਿਉਂਕ ਖਾ ਗਈ। ਆਪੋ ਆਪਣੀ ਗ੍ਰਹਿਸਥ ਵਿੱਚ ਖੁਭ ਕੇ ਸੰਦੂਕ ਚੇਤਿਆਂ ਵਿੱਚੋਂ ਵਿਸਰ ਗਿਆ।
ਕੁਝ ਕੁ ਦਿਨ ਪਹਿਲਾਂ ਮਿਸੀਗਾਗਾ (ਕੈਨੇਡਾ) ਤੋਂ ਚਾਚਾ ਜੀ ਨੇ ਫੋਨ ਕਰ ਕੇ ਦੱਸਿਆ ਕਿ ਆਪਣੇ ਨਾਲ ਦੇ ਪਿੰਡ ਬਾਰੇ ਕੋਈ ਵੀਡੀਓ ਫੇਸਬੁਕ ਉੱਤੇ ਘੁੰਮ ਰਹੀ ਹੈ ਜਿਸ ਵਿੱਚ ਪੱਛਮੀ ਪੰਜਾਬ ਤੋਂ ਕੋਈ ਬਜ਼ੁਰਗ ਉਸ ਪਿੰਡ ਨੂੰ ਯਾਦ ਕਰ ਕੇ ਉਸ ਬਾਰੇ ਗੱਲਾਂ ਕਰਦਾ ਹੈ। ਹੋ ਸਕਦਾ, ਆਪਣੇ ਪਿੰਡ ਤੋਂ ਵੀ ਜੋ ਪਰਵਾਰ ਗਏ ਸਨ, ਉਨ੍ਹਾਂ ਵਿੱਚੋਂ ਵੀ ਕੋਈ ਬਜ਼ੁਰਗ ਸਲਾਮਤ ਹੋਵੇ। ਮੈਂ ਉਨ੍ਹਾਂ ਨੂੰ ਅਖਬਾਰ ਵਿੱਚੋਂ ਲੱਭ ਕੇ ਸਾਂਵਲ ਧਾਮੀ ਦਾ ਫੋਨ ਦੇ ਦਿੱਤਾ ਕਿ ਇਹ ਸ਼ਖਸ ਵੰਡ ਵੇਲੇ ਦੀਆਂ ਘਟਨਾਵਾਂ ਬਾਰੇ ਲਿਖਦਾ ਹੈ। ਉਨ੍ਹਾਂ ਫੋਨ ਕੀਤਾ ਤਾਂ ਉਹ ਨੇ ਯਾਸਰ ਡੋਗਰ ਦਾ ਫੋਨ ਦਿੱਤਾ। ਯਾਸਰ ਡੋਗਰ ਪੱਛਮੀ ਪੰਜਾਬ ਵਿੱਚੋਂ ਇਧਰੋਂ ਗਏ ਪਰਵਾਰਾਂ ਦੀਆਂ ਵੀਡੀਓਜ਼ ਬਣਾ ਕੇ ਸੰਬੰਧਤ ਲੋਕਾਂ ਨੂੰ ਭੇਜਦਾ ਰਹਿੰਦਾ ਹੈ। ਚਾਚਾ ਜੀ ਨੇ ਉਸ ਨਾਲ ਗੱਲ ਕੀਤੀ। ਕੁਝ ਦਿਨ ਹੀ ਲੰਘੇ ਸਨ ਕਿ ਯਾਸਰ ਨੇ ਸਾਹੀਵਾਲ ਜ਼ਿਲੇ ਵਿੱਚ ਸਾਡੇ ਪਿੰਡ ਦੇ ਰਹਿੰਦੇ ਪਚਾਨਵੇਂ ਸਾਲਾਂ ਦੇ ਬਜ਼ੁਰਗ ਖੁਸ਼ੀ ਮੁਹੰਮਦ ਨੂੰ ਲੱਭ ਲਿਆ। ਉਸ ਨਾਲ ਗੱਲਾਂ ਕਰ ਕੇ ਵੀਡੀਓ ਭੇਜ ਦਿੱਤੀ। ਨਾਲ ਉਸ ਦੇ ਪੋਤੇ ਤਨਵੀਰ ਦਾ ਫੋਨ ਨੰਬਰ ਦੇ ਦਿੱਤਾ। ਚਾਚਾ ਜੀ ਨੇ ਗੱਲ ਕੀਤੀ ਤਾਂ ਉਹ ਬਹੁਤ ਖੁਸ਼ ਹੋਏ।
ਚਾਚਾ ਜੀ ਨੇ ਮੈਨੂੰ ਦੱਸਿਆ ਤਾਂ ਭੁੱਲਿਆ ਵਿਸਰਿਆ ਸੰਦੂਕ ਯਾਦ ਆ ਗਿਆ। ਮੇਰੀ ਜਿਗਿਆਸਾ ਉਸ ਬਾਰੇ ਜਾਨਣ ਲਈ ਬੇਤਾਬ ਹੋ ਉਠੀ। ਤਨਵੀਰ ਨੇ ਬਾਬਾ ਜੀ ਨਾਲ ਗੱਲ ਕਰਾਈ ਤਾਂ ਪਿੰਡ ਲਈ ਡੁੱਲ੍ਹ ਡੁੱਲ੍ਹ ਪੈਂਦਾ ਪਿਆਰ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਝਲਕ ਰਿਹਾ ਸੀ। ਉਹ ਪਿੰਡ ਦੇ ਬਾਸ਼ਿੰਦਿਆਂ ਬਾਰੇ ਜਾਨਣ ਲਈ ਉਤਾਵਲੇ ਸਨ, ਪਰ ਅਫਸੋਸ! ਦੋ-ਤਿੰਨ ਨੂੰ ਛੱਡ ਕੇ ਹੋਰ ਕੋਈ ਜੀਵਿਤ ਨਹੀਂ ਸੀ। ਬਾਬਾ ਜੀ ਅੱਗੇ ਉਨ੍ਹਾਂ ਦੀ ਔਲਾਦ, ਉਨ੍ਹਾਂ ਦੀ ਰਾਜ਼ੀ ਖੁਸ਼ੀ ਬਾਰੇ ਬੜੇ ਤਿਹੁ ਨਾਲ ਗੱਲਾਂ ਕਰਦੇ ਰਹੇ। ਉਹ ਪਿੰਡ ਦੀ ਹਰ ਗਲੀ, ਨੁੱਕਰ ਵਿੱਚ ਫਿਰਦੇ ਬੋਹੜਾਂ, ਪਿੱਪਲਾਂ, ਖੂਹਾਂ ਟੋਭਿਆਂ ਬਾਰੇ ਗੱਲਾਂ ਕਰਦੇ ਭਾਵੁਕ ਹੋ ਰਹੇ ਸਨ। ਉਨ੍ਹਾਂ ਦੀ ਯਾਦ ਸ਼ਕਤੀ ਦੇਖ ਕੇ ਮੈਂ ਹੈਰਾਨ ਰਹਿ ਗਈ। ਬਾਬਾ ਜੀ ਦਾ ਸਾਰਾ ਪਰਵਾਰ ਉਦਾਲੇ ਬੈਠਾ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਨ੍ਹਾਂ ਦੱਸਿਆ, ‘‘ਤੇਰਾ ਦਾਦਾ ਮੇਰੇ ਭਰਾਵਾਂ ਦੀ ਥਾਂ ਲੱਗਦਾ ਸੀ, ਇਸ ਰਿਸ਼ਤੇ ਕਰ ਕੇ ਤੂੰ ਕੁੜੀਏ ਮੇਰੀ ਪੋਤੀ ਲੱਗਦੀ ਐਂ।” ਫਿਰ ਉਨ੍ਹਾਂ ਦੀ ਪੋਤੀ ਅਜ਼ਰਾ ਗੱਲਾਂ ਕਰਨ ਲੱਗ ਪਈ। ਅਸੀਂ ਝੱਟ ਭੈਣਾਂ ਬਣ ਗਈਆਂ। ਲੱਗ ਰਿਹਾ ਸੀ, ਜਿਵੇਂ ਸਦੀਆਂ ਤੋਂ ਇੱਕ ਦੂਜੇ ਨੂੰ ਜਾਣਦੀਆਂ ਹੋਈਏ।
ਮੈਨੂੰ ਮਨ ਅੰਦਰ ਤਾਂ ਸੰਦੂਕ ਘੁੰਮ ਰਿਹਾ ਸੀ। ਮੈਂ ਬਾਬਾ ਜੀ ਨੂੰ ਪੁੱਛ ਲਿਆ ਕਿ ਗਨੀ ਕੌਣ ਸੀ? ਉਨ੍ਹਾਂ ਦੱਸਿਆ, ‘ਤੁਹਾਡੇ ਘਰਾਂ ਤੋਂ ਅੱਗੇ ਧਰਮਸ਼ਾਲਾ ਨਾਲ ਗੁੱਜਰਾਂ ਦੇ ਘਰ ਸਨ, ਗਨੀ ਉਨ੍ਹਾਂ ਦਾ ਮੁੰਡਾ ਸੀ। ਥੋੜ੍ਹਾ ਸਮਾਂ ਪਹਿਲਾਂ ਹੀ ਉਹਦਾ ਵਿਆਹ ਨਿਆਮਤੋ ਨਾਲ ਹੋਇਆ ਸੀ।’ ਮੈਂ ਸੰਦੂਕ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਤੁਰਨ ਤੋਂ ਪਹਿਲਾਂ ਉਹ ਸੰਦੂਕ ਤੁਹਾਡੇ ਘਰ ਅਤੇ ਬਾਕੀ ਸਾਮਾਨ ਕਿਹਰ ਸਿੰਘ ਦੇ ਘਰ ਰੱਖ ਗਏ ਸਨ। ਸੰਦੂਕ ਰੱਖਣ ਨਿਆਮਤੋ ਆਪ ਵੀ ਨਾਲ ਗਈ ਸੀ। ਮਨ ਵਿੱਚ ਆਇਆ, ਨਿਆਮਤੋ ਨੂੰ ਦੱਸਾਂ ਕਿ ਤੇਰਾ ਸੰਦੂਕ ਦਾਦੀ ਨੇ ਕਿਵੇਂ ਸਾਂਭ ਕੇ ਰੱਖਿਆ ਸੀ। ਮੈਂ ਜਲਦੀ ਦੇਣੇ ਬਾਬਾ ਜੀ ਤੋਂ ਉਨ੍ਹਾਂ ਬਾਰੇ ਜਾਣਕਾਰੀ ਮੰਗੀ, ਪਰ ਬਾਬਾ ਜੀ ਦਾ ਜਵਾਬ ਸੁਣ ਕੇ ਮਨ ਗਮਗੀਨ ਹੋ ਗਿਆ। ਉਹ ਪਰਵਾਰ ਸਾਹੀਵਾਲ ਤੋਂ ਸੌ ਕਿਲੋਮੀਟਰ ਦੂਰ ਰਹਿੰਦਾ ਸੀ ਅਤੇ ਨਿਆਮਤੋ ਤੇ ਗਨੀ ਜਹਾਨੋਂ ਤੁਰ ਗਏ ਸਨ।
ਮਨ ਉੱਤੇ ਕਾਬੂ ਪਾ ਕੇ ਬਾਬਾ ਜੀ ਨੂੰ ਪੁੱਛਿਆ, ‘‘ਤੁਹਾਡਾ ਪਿੰਡ ਆਉਣ ਨੂੰ ਦਿਲ ਕਰਦਾ ਹੋਣੈ?''
‘‘ਕੁੜੀਏ, ਤੂੰ ਆਉਣ ਦੀ ਗੱਲ ਕਰਦੀ ਐਂ, ਪਿੰਡ ਤਾਂ ਮੇਰੇ ਅੰਦਰ ਵਸਦੈ। ਮੈਨੂੰ ਸੁਫਨੇ ਵੀ ਪਿੰਡ ਦੇ ਹੀ ਆਉਂਦੇ। ਸੁਫਨਿਆਂ ਵਿੱਚ ਮੈਂ ਖੂਹਾਂ, ਟੋਭਿਆਂ ਅਤੇ ਖੇਤਾਂ ਵਿੱਚ ਆਪਣੇ ਇਧਰ ਰਹਿ ਗਏ ਭਰਾਵਾਂ ਨਾਲ ਕੰਮ ਕਰਦਾ ਫਿਰਦਾਂ। ਇੱਕ ਵਾਰੀ ਮੈਨੂੰ ਪਿੰਡ ਦਿਖਾ ਦਿਓ ਤਾਂ ਤੁਹਾਨੂੰ ਪੰੁਨ ਲੱਗੇਗਾ। ਉਮਰ ਬਥੇਰੀ ਭੋਗ ਲਈ, ਇੱਕੋ ਖਾਹਸ਼ ਐ, ਆਪਣੀ ਜਨਮ ਭੋਇੰ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਸਿਜਦਾ ਕਰ ਲਵਾਂ।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”