Welcome to Canadian Punjabi Post
Follow us on

25

September 2021
 
ਨਜਰਰੀਆ

ਜਦੋਂ ਅੱਖ ਚੁਭੀ ਸੀ ਅਮਨ ਦੀ

July 19, 2021 02:56 AM

-ਦੀਪ ਦੇਵਿੰਦਰ ਸਿੰਘ
ਸੋਹਣ ਸਿੰਘ ਸੀਤਲ ਦੇ ਬਹੁ ਚਰਚਿਤ ਨਾਵਲ ‘ਈਚੋਗਿਲ ਨਹਿਰ ਤੱਕ’ ਦਾ ਇੱਕ ਸਿੱਖ ਪਾਤਰ ਦੂਜੇ ਮੁਸਲਮਾਨ ਪਾਤਰ ਤੋਂ ਵਿੱਛੜਨ ਵੇਲੇ ਭਾਵੁਕ ਹੋਇਆ ਕਹਿੰਦਾ ਹੈ, ‘‘ਓ ਛੱਡ ਯਾਰ ਕਰਮਦੀਨਾ, ਕਿਉਂ ਦਿਲ ਛੋਟਾ ਕਰਦੈਂ, ਇਹ ਤਾਂ ਚਾਰ ਦਿਨਾਂ ਦਾ ਰੌਲਾ ਗੌਲਾ। ਠੰਢ ਠੰਢਾਉਲਾ ਹੋ ਗਿਆ, ਅਸੀਂ ਫਿਰ ਆਪਣਿਆਂ ਆਲ੍ਹਣਿਆਂ ਵਿੱਚ ਆ ਬਹਿਣਾ।” ਮੈਂ ਸੋਚਦਾ ਹਾਂ, ਜਦੋਂ ਤਿੰਨ ਜੂਨ 1947 ਨੂੰ ਸਦੀਆਂ ਤੋਂ ਵੱਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗੈਰ ਕੁਦਰਤੀ ਢੰਗ ਨਾਲ ਵੰਡਣ ਦਾ ਐਲਾਨ ਹੋਇਆ ਹੋਵੇਗਾ ਤਾਂ ਇਸ ਸਾਂਝੀ ਰਹਿਤਲ ਉੱਤੇ ਵੱਸਦੇ, ਇੱਕੋ ਪਰਵਾਰ ਵਰਗੇ ਜੀਆਂ ਨੇ ਕਦੀ ਸੋਚਿਆ ਹੋਵੇਗਾ ਕਿ ਇਸ ਧਰਤੀ ਉੱਤੇ ਖਿੱਚੀ ਵੰਡ ਦੀ ਲਕੀਰ ਕਈ ਪੀੜ੍ਹੀਆਂ ਤੋਂ ਇਕੱਠੇ ਵੱਸਦੇ-ਰੱਸਦੇ ਲੋਕਾਂ ਵਿੱਚ ਏਨੀਆਂ ਦੂਰੀਆਂ ਮਿੱਥ ਦੇਵੇਗੀ ਕਿ ਲੋਕ ਆਪਣੀ ਜਨਮ ਭੋਇੰ ਵੇਖਣ ਨੂੰ ਤਰਸਦੇ ਮਰ ਜਾਣਗੇ। ਕਈ ਹਨੇਰੀਆਂ ਝੱਖੜ ਨਿਕਲ ਗਏ। ਕਈ ਰੁੱਤਾਂ ਆਈਆਂ ਤੇ ਬਦਲੀਆਂ, ਪਰ ਉਹ ਲੋਕ ਜਿਹੜੇ ਆਪਣੇ ਘਰਾਂ ਨੂੰ ਖੁੱਲ੍ਹੇ ਛੱਡ ਕੇ ਤੁਰ ਗਏ, ਕਦੀ ਨਾ ਮੁੜੇ। ਪਤਾ ਨਹੀਂ ਕਿੰਨੇ ਉਨ੍ਹਾਂ ਵਿੱਚੋਂ ਮਰ ਖਪ ਗਏ। ਅਜੇ ਵੀ ਇਉਂ ਲੱਗਦਾ, ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ।
ਹਾਂ ਅਜੇ ਕੱਲ੍ਹ ਦੀਆਂ ਗੱਲਾਂ ਨੇ। ਇਹ ਮੰਜ਼ਰ ਹਾਲੇ ਕੋਈ ਬਹੁਤ ਦੂਰ ਨਹੀਂ ਗਿਆ। ਆਹ ਸੱਤ ਕੁ ਦਹਾਕੇ ਤੇ ਚਾਰ ਕੁ ਵਰ੍ਹੇ ਹੋਰ ਪੁਰਾਣੀ ਗੱਲ ਏ ਮਸਾਂ। ਮੇਰੇ ਬਾਪੂ ਨੇ ਪਿੰਡ ਦੀ ਸੱਥ ਵਿੱਚ ਪਿੰਡ ਦੀ ਆਬਰੂ ਨੂੰ ਲੀਰੋ-ਲੀਰ ਹੁੰਦਾ ਵੇਖਿਆ ਸੀ। ਮੇਰੀ ਦਾਦੀ ਦੀਆਂ ਅੱਖਾਂ ਸਾਹਮਣੇ ਅਰਾਈਆਂ ਦੀ ਸੱਜ ਵਿਆਹੀ ਨੂੰਹ ਨੂੰ ਪਿੰਡ ਦਾ ਨੰਬਰਦਾਰ ਕ੍ਰਿਪਾਨ ਦੇ ਜ਼ੋਰ ਨਾਲ ਧੂਹ ਕੇ ਲੈ ਗਿਆ ਸੀ ਤੇ ਹੋਰ ਵੀ ਕਿੰਨੇ ਘਿਨਾਉਣੇ ਕਾਰਨਾਮੇ ਕੀਤੇ ਗਏ, ਜਿਨ੍ਹਾਂ ਬਾਰੇ ਸੋਚ ਕੇ ਰੂਹ ਕੰਬ ਜਾਂਦੀ ਏ। ਮੈਂ ਸੋਚਦਾ ਹਾਂ ਕਿ ਪੀਰਾਂ ਫਕੀਰਾਂ ਦੀ ਧਰਤੀ ਨੂੰ ਇਹ ਕੇਹਾ ਸਰਾਪ ਸੀ, ਜੋ ਇਸ ਨੇ ਭੋਗਿਆ। ਸਦੀਆਂ ਤੋਂ ਅੰਗ-ਸੰਗ ਵੱਸਦੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਵੇਂ ਹੋ ਗਏ? ਉਹ ਜੋ ਕੱਲ੍ਹ ਸ਼ਾਮ ਤੱਕ ਇਕੱਠੇ ਬੈਠ ਭੱਠੀਆਂ ਉੱਤੇ ਅੱਗ ਸੇਕਦੇ, ਖੇਤਾਂ ਬੇਲਿਆਂ ਵਿੱਚ ਢੋਲੇ ਗਾਉਂਦੇ, ਇੱਕ ਦੂਜੇ ਦੇ ਘਰੀਂ ਜਾ ਕੇ ਧੀਆਂ ਧਿਆਣੀਆਂ ਦੇ ਸਿਰੀਂ ਹੱਥ ਰੱਖਦੇ ਸਨ, ਚੜ੍ਹਦੀ ਸਵੇਰ ਹੀ ਇਨ੍ਹਾਂ ਨੂੰ ਕੀ ਹੋ ਗਿਆ ਸੀ? ਇਹ ਸਦੀਆਂ ਤੋਂ ਸਾਂਝੇ ਸਭਿਆਚਾਰ ਵਿੱਚ ਜੀਵੇ ਸਨ। ਇਨ੍ਹਾਂ ਵਰ੍ਹਿਆਂ ਦੇ ਵਰ੍ਹੇ ਰਲ ਕੇ ਤਿ੍ਰੰਞਣ ਲਾਏ, ਤੀਆਂ ਸਜਾਈਆਂ ਅਤੇ ਮੇਲੇ ਲਾਏ ਸਨ। ਸਵੇਰ ਹੁੰਦਿਆਂ ਕਿਹੜੀ ਕੁਲਹਿਣੀ ਰੁੱਤ ਵਿਹੜੇ ਆਣ ਉਤਰੀ ਸੀ। ਭਰਾ ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਤੇ ਇਤਿਹਾਸ ਨੂੰ ਉਲਟਾ ਗੇੜ ਦੇਣ ਨਿਕਲ ਤੁਰੇ ਸਨ।
ਇਹ ਸਾਰੇ ਕਿਰਦਾਰ ਹਾਲੇ ਵੀ ਇੱਥੇ ਨੇ। ਸਾਡੇ ਅੰਗ ਸੰਗ। ਉਹ ਵੀ ਇੱਥੇ ਨੇ, ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ। ਹਜ਼ਾਰਾਂ ਉਹ ਬਜ਼ੁਰਗ, ਜਿਨ੍ਹਾਂ ਇਤਿਹਾਸ ਦਾ ਪਹੀਆ ਗਿੜਦਾ ਅੱਖੀਂ ਵੇਖਿਆ। ਧਰਤੀ ਦੀ ਹਿੱਕ ਚੀਰ ਕੇ ਖਿੱਚੀ ਜਾਂਦੀ ਲਕੀਰ ਵੇਖੀ। ਕਾਫਲਿਆਂ ਨੂੰ ਆਉਂਦੇ ਜਾਂਦੇ ਅਤੇ ਲੁੱਟੇ ਜਾਂਦੇ ਵੇਖਿਆ। ਰੇਲ ਗੱਡੀਆਂ ਲੋਥਾਂ ਨਾਲ ਭਰੀਆਂ ਵੇਖੀਆਂ। ਆਪਣੀਆਂ ਧੀਆਂ ਦੀ ਬੇਪਤੀ ਆਪਣੇ ਅੱਖੀਂ ਤੱਕੀ ਸੀ। ਕੀ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਜਿਹੇ ਹਜ਼ਾਰਾਂ ਆਜ਼ਾਦੀ ਪਰਵਾਨਿਆਂ ਦਾ ਸੁਫਨਾ ਅਜਿਹੀ ਆਜ਼ਾਦੀ ਦਾ ਹੋਵੇਗਾ। ਇਹ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਆਜ਼ਾਦੀ ਲਾੜੀ ਦਾ ਸਾਲੂ ਨਿਰਦੋਸ਼ ਲੋਕਾਂ ਦੇ ਲਹੂ ਵਿੱਚ ਰੰਗਿਆ ਉਨ੍ਹਾਂ ਸਾਹਮਣੇ ਆਵੇਗਾ। ਇਹ ਆਜ਼ਾਦੀ ਪੰਜਾਬ ਦੀਆਂ ਧੀਆਂ ਦਾ ਮੁੱਲ ਤਾਰ ਕੇ ਆਵੇਗੀ। ਕਿਸ ਸੋਚਿਆ ਸੀ ਕਿ ਇਹ ਆਜ਼ਾਦੀ ਪੰਜਾਬ ਦਾ ਮਾਤਮ ਬਣੇਗੀ?
ਉਸ ਤਬਾਹੀ ਦੇ ਸਿੱਟਿਆਂ ਉੱਤੇ ਤੱਥਾਂ ਦੇ ਰੂਪ ਵਿੱਚ ਝਾਤੀ ਮਾਰੀਏ ਤਾਂ ਰੂਹ ਨੂੰ ਕੰਬਣੀ ਛਿੜਦੀ ਏ। 1947 ਦੀ ਵੰਡ ਵੇਲੇ ਝੁੱਲੀ ਫਿਰਕੂ ਹਨੇਰੀ ਸਮੇਂ ਹੋਏ ਕਤਲੇਆਮ ਵਿੱਚ ਮਰੇ ਪੰਜਾਬੀਆਂ ਦੀ ਗਿਣਤੀ ਦਸ ਲੱਖ ਦੱਸਦੇ ਹਨ, ਜਿਹੜੇ ਇਧਰ ਵੀ ਮਰੇ ਤੇ ਓਧਰ ਵੀ। ਇਸ ਮੌਕੇ ਜਿਹੜੀਆਂ ਔਰਤਾਂ ਨੂੰ ਉਧਾਲਿਆ ਗਿਆ ਸੀ, ਉਨ੍ਹਾਂ ਦੀ ਗਿਣਤੀ ਤੀਹ ਹਜ਼ਾਰ ਤਿੰਨ ਸੌ ਪੈਂਤੀ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਮੁਸਲਮਾਨ ਔਰਤਾਂ ਤਾਂ ਉਧਾਲੇ ਤੋਂ ਬਾਅਦ ਪਾਕਿਸਤਾਨ ਚਲੀਆਂ ਗਈਆਂ, ਪਰ ਚੜ੍ਹਦੇ ਪੰਜਾਬ ਦੀਆਂ ਔਰਤਾਂ ਦੀ ਬਹੁਤੀ ਗਿਣਤੀ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਸਮਾਜ ਵਿੱਚ ਪਏ ਸੰਸਕਾਰ ਸਨ, ਜਿਨ੍ਹਾਂ ਅਧੀਨ ਮੁੜ ਨਾ ਕਬੂਲੇ ਜਾਣ ਦੇ ਡਰੋਂ ਉਹ ਚਾਹੁੰਦੀਆਂ ਵੀ ਵਾਪਸ ਨਾ ਆ ਸਕੀਆਂ। ਉਧਾਲੀਆਂ ਔਰਤਾਂ ਨੂੰ ਲੈਣ ਲਈ ਗਏ ਸਰਕਾਰੀ ਅਧਿਕਾਰੀਆਂ ਨੂੰ ਅਧੇੜ ਉਮਰ ਦੀਆਂ ਔਰਤਾਂ ਜਾਂ ਅਸਲੋਂ ਬਾਲੜੀਆਂ ਤੋਂ ਬਿਨਾਂ ਕੋਈ ਵੀ ਜਵਾਨ ਔਰਤ ਉਧਰਲੇ ਪਿੰਡਾਂ ਤੋਂ ਬਰਾਮਦ ਨਾ ਹੋ ਸਕੀ। ਭਾਰਤ ਵਿੱਚੋਂ ਪਾਕਿਸਤਾਨ ਜਾਣ ਵਾਲੀਆਂ ਔਰਤਾਂ ਨੂੰ ਅੱਠ ਸੌ ਸੱਠ ਬੱਚੇ ਪਿੱਛੇ ਛੱਡ ਕੇ ਜਾਣੇ ਪਏ, ਜੋ ਉਮਰ ਭਰ ਲਈ ਮਾਂ ਮਹਿੱਟਰ ਹੋ ਗਏ। ਉਜਾੜੇ ਦਾ ਸ਼ਿਕਾਰ ਹੋਣ ਵਾਲੇ ਚੜ੍ਹਦੇ ਪੰਜਾਬ ਵਿੱਚ 42,93,896 ਲੋਕ ਸਨ। ਲਹਿੰਦੇ ਪੰਜਾਬ ਤੋਂ ਉਜੜ ਕੇ ਆਉਣ ਵਾਲੇ ਲੋਕ 37,96,396 ਸਨ। ਇਸ ਉਜਾੜੇ ਦਾ ਸ਼ਿਕਾਰ ਹੋਏ ਸਮੁੱਚੇ ਪੰਜਾਬੀਆਂ ਦੀ ਗਿਣਤੀ 79,95,292 ਬਣਦੀ ਹੈ। ਅਗਸਤ ਤੋਂ ਸ਼ੁਰੂ ਹੋਏ ਇਸ ਕਤਲੇਆਮ ਨੇ ਦੋਵੇਂ ਪਾਸਿਓਂ ਦਸ ਲੱਖ ਪੰਜਾਬੀਆਂ ਨੂੰ ਮਾਰਚ ਤੱਕ ਨਿਗਲ ਲਿਆ ਸੀ।
ਇਸ ਅਣਮਨੁੱਖੀ ਵਰਤਾਰੇ ਦਾ ਅਸਰ ਲੋਕ ਮਨਾਂ ਵਿੱਚ ਅਜੇ ਵੀ ਜਿਉਂ ਦਾ ਤਿਉਂ ਹੈ। ਪਿਛਲੇ ਵਰ੍ਹੇ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲ੍ਹਿਆ। ਅਸੀਂ ਕੁਝ ਦੋਸਤ ਓਧਰ ਗਏ, ਗੁਰਦੁਆਰੇ ਦੀ ਹੱਦ ਵਿੱਚ ਬਣੇ ਅਜਿੱਤਾ ਰੰਧਾਵਾ ਬਾਜ਼ਾਰ ਵਿੱਚ ਖਲੋਤਿਆਂ ਝਿਜਕਦਾ-ਝਿਜਕਦਾ ਜਿਹਾ ਇੱਕ ਬਜ਼ੁਰਗ ਮੇਰੇ ਕੋਲ ਆ ਖਲੋਤਾ। ਕਹਿੰਦਾ, ਨਾਰੋਵਾਲ ਲਾਗੇ ਕਿਸੇ ਪਿੰਡੋਂ ਆਇਆਂ। ਇਧਰੋਂ ਜੰਡਿਆਲੇ ਲਾਗਲੇ ਕਿਸੇ ਪਿੰਡੋਂ ਸੰਤਾਲੀ ਵੇਲੇ ਉਜੜ ਕੇ ਗਿਆ ਆਪਣੇ ਵੱਡ-ਵਡੇਰਿਆਂ ਨਾਲ। ਉਸ ਨੇ ਦੱਸਿਆ ਕਿ ਉਹਦੇ ਪਿੰਡ ਦੇ ਇੱਕ ਪਾਸੇ ਰੇਲਵੇ ਲਾਈਨ ਹੈ ਅਤੇ ਦੂਜੇ ਪਾਸੇ ਵੱਡੀ ਨਹਿਰ, ਜਿਹਦੀ ਪਟੜੀ ਦੇ ਕੰਢੇ-ਕੰਢੇ ਉਹ ਮਾਲ-ਡੰਗਰ ਚਾਰਦਾ ਰਿਹਾ ਸੀ ਆਪਣੇ ਹਾਣੀਆਂ ਨਾਲ। ਉਹ ਇਧਰ ਆਪਣੇ ਨਾਲ ਪੜ੍ਹਦੇ ਰਹੇ ਕਈ ਸਿੱਖ-ਹਿੰਦੂ ਮੁੰਡਿਆਂ ਦੇ ਨਾਂਅ ਗਿਣਾਉਂਦਿਆਂ ਕਹਿੰਦਾ ਕਿ ਆਪਣੀ ਜਨਮ ਭੋਇੰ ਵੇਖਣ ਦੀ ਤਾਂਘ ਐ ਦਿਲ ਵਿੱਚ। ਪਿੱਛੇ ਦੋ ਕੋਠੜੀਆਂ ਤੋਂ ਅੱਗੇ ਦਲਾਨ ਵਾਲਾ ਘਰ ਸੀ ਉਨ੍ਹਾਂ ਦਾ ਪਿੰਡ ਦੀ ਚੜ੍ਹਦੀ ਬਾਹੀ। ਆਪਣੇ ਘਰ ਨੂੰ ਮੁੜਦੀ ਉਹ ਖਰਾਸੀਆਂ ਵਾਲੀ ਗਲੀ ਦੀ ਮਿੱਟੀ ਮੱਥੇ ਨੂੰ ਲਾਉਣ ਲਈ ਚਿੱਤ ਤਰਸਦਾ, ਜਿਹਦੇ ਇੱਕ ਖੂੰਜੇ ਵਿੱਚ ਖੂਹੀ ਸੀ, ਜਿੱਥੋਂ ਸਾਰੇ ਰਲ ਮਿਲ ਕੇ ਪਾਣੀ ਪੀਂਦੇ ਤੇ ਇੱਕ ਦੂਜੇ ਦੇ ਸਾਹੀ ਜਿਊਂਦੇ ਸਨ। ਮੈਂ ਉਸ ਬਜ਼ੁਰਗ ਵੱਲ ਨਿਗ੍ਹਾ ਭਰ ਕੇ ਵੇਖਿਆ। ਉਹਦੀਆਂ ਅੱਖਾਂ ਨਮ ਸਨ। ਚਿਹਰੇ ਉੱਤੇ ਉਭਰ ਆਈਆਂ ਝੁਰੜੀਆਂ ਹੋਰ ਗਹਿਰੀਆਂ ਹੋ ਗਈਆਂ ਸਨ, ਜਿਵੇਂ ਇਸ ਪੌਣੀ ਸਦੀ ਦੇ ਪੈਂਡੇ ਨੂੰ ਆਪਣੇ ਧੁਰ ਅੰਦਰ ਸਮੇਟ ਰਹੀਆਂ ਹੋਣ। ਉਹਦੇ ਬਿਰਧ ਚਿਹਰੇ ਉੱਤੇ ਹੇਰਵਾ ਤੇ ਅੱਖਾਂ ਵਿੱਚ ਵਿਚਾਰਗੀ ਸੀ ਜਿਹਨੂੰ ਵੇਖਦਿਆਂ ਮੇਰਾ ਮਨ ਭਰ ਆਇਆ ਸੀ।
ਚੌਹੱਤਰ ਵਰ੍ਹੇ ਹੋਣ ਲੱਗੇ ਨੇ ਇਸ ਘੱਲੂਘਾਰੇ ਨੂੰ। ਉਜਾੜੇ ਦੀ ਭੇਟ ਚੜ੍ਹੇ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਕਿਸੇ ਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਸਮਾਗਮ ਰਚਾ ਕੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਹੋਰ ਤਾਂ ਹੋਰ, ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਏਡੀ ਵੱਡੀ ਪੱਧਰ ਉੱਤੇ ਹੋਏ ਮਨੁੱਖਤਾ ਦੇ ਘਾਣ ਉੱਤੇ ਬੀਤੇ ਕਰੀਬ ਸੱਤ ਦਹਾਕਿਆਂ ਵਿੱਚ ਇੱਕ ਵਾਰੀ ਵੀ ਪਾਰਲੀਮੈਂਟ ਦੇ ਅੰਦਰ ਜਾਂ ਬਾਹਰ ਇੱਕ ਵੀ ਸ਼ਬਦ ਨਹੀਂ ਬੋਲਿਆ, ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ ਸੀ। ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਹੋਏ ਵੱਡੇ ਕਤਲੇਆਮ ਜਾਂ ਜੰਗ ਵਿੱਚ ਮਾਰੇ ਗਏ ਫੌਜੀਆਂ ਜਾਂ ਲੋਕਾਂ ਦੀ ਯਾਦ ਵਿੱਚ ਅਣਪਛਾਤੇ ਸਿਪਾਹੀ ਦੇ ਨਾਂਅ ਉੱਤੇ ਯਾਦਗਾਰਾਂ ਬਣੀਆਂ ਹੋਈਆਂ ਸਨ। ਲੋਕ ਆਪਣੇ ਮੁਲਕਾਂ ਦੇ ਆਜ਼ਾਦੀ ਦਿਵਸ ਜਾਂ ਕੌਮੀ ਤਿਉਹਾਰਾਂ ਉੱਤੇ ਉਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਕਈ ਮੁਲਕਾਂ ਵਿੱਚ ਤਾਂ ਨਵ-ਵਿਆਹੇ ਜੋੜੇ ਇਨ੍ਹਾਂ ਯਾਦਗਾਰਾਂ ਉੱਤੇ ਜਾ ਕੇ ਜ਼ਿੰਦਗੀ ਦੇ ਸਫਰ ਉੱਤੇ ਚੱਲਣ ਦੀ ਸਹੁੰ ਖਾਂਦੇ ਹਨ। ਕਈ ਦੇਸ਼ਾਂ ਵਿੱਚ ਓਥੇ ਆਏ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਜਾਂ ਰਾਸ਼ਟਰਪਤੀਆਂ ਨੂੰ ਪਹਿਲਾਂ ਇਨ੍ਹਾਂ ਸਿਪਾਹੀਆਂ ਦੀਆਂ ਯਾਦਗਾਰਾਂ ਉੱਤੇ ਫੁੱਲ ਚੜ੍ਹਾਉਣੇ ਪੈਂਦੇ ਹਨ, ਪਰ ਜੰਗਾਂ, ਯੁੱਧਾਂ, ਤਬਾਹੀਆਂ ਦਾ ਅਹਿਸਾਸ ਰੱਖਣ ਵਾਲੇ ਪੰਜਾਬੀਆਂ ਨੇ ਇਨ੍ਹਾਂ ਨੂੰ ਦੋਵਾਂ ਪੰਜਾਬਾਂ ਵਿੱਚ ਹੀ ਅਣਗੌਲਿਆਂ ਕਰ ਦਿੱਤਾ ਹੈ।

 
Have something to say? Post your comment