Welcome to Canadian Punjabi Post
Follow us on

25

September 2021
 
ਨਜਰਰੀਆ

ਮੈਰਿਟ ਸੂਚੀ ਵਾਲਾ ਬੋਰਡ

July 12, 2021 03:09 AM

-ਪ੍ਰਿੰਸੀਪਲ ਵਿਜੇ ਕੁਮਾਰ
ਪ੍ਰਿੰਸੀਪਲ ਵਜੋਂ ਤਰੱਕੀ ਪਿੱਛੋਂ ਜਿਹੜਾ ਸਕੂਲ ਮੈਨੂੰ ਮਿਲਿਆ ਸੀ, ਉਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਸੀ, ਜੋ ਪੜ੍ਹਾਈ ਪੱਖੋਂ ਕਾਫੀ ਵਧੀਆ ਸੀ, ਪਰ ਇਮਾਰਤ ਅਤੇ ਕਈ ਸਹੂਲਤਾਂ ਪੱਖੋਂ ਉਸ ਦਾ ਕਾਫੀ ਕੰਮ ਹੋਣ ਵਾਲਾ ਸੀ। ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੈਂ ਸ਼ਹਿਰ ਦੇ ਲੋਕਾਂ ਤੋਂ ਦਾਨ ਲੈ ਕੇ ਸਕੂਲ ਦੀ ਇਮਾਰਤ ਦਾ ਕੰਮ ਸ਼ੁਰੂ ਕਰਾਇਆ। ਪੜ੍ਹਾਈ ਦਾ ਮਿਆਰ ਉਚਾ ਚੁੱਕਣ ਲਈ ਯਤਨ ਆਰੰਭੇ। ਛੇਤੀ ਹੀ ਸਕੂਲ ਦੀ ਤਰੱਕੀ ਦੀ ਚਰਚਾ ਹੋਣ ਲੱਗ ਪਈ। ਸਕੂਲ ਦੀ ਇਮਾਰਤ ਦਾ ਕੰਮ ਦਾਨ ਦੇ ਪੈਸਿਆਂ ਨਾਲ ਪੂਰਾ ਹੋਣ ਵਾਲਾ ਨਹੀਂ ਸੀ, ਕਿਉਂਕਿ ਬੱਚਿਆਂ ਦੀ ਗਿਣਤੀ ਅਨੁਸਾਰ ਕਮਰੇ ਕਾਫੀ ਘੱਟ ਸਨ। ਮੈਂ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੇ ਮੌਕੇ ਆਪਣੇ ਇਲਾਕੇ ਦੇ ਮੰਤਰੀ ਨੂੰ ਲੈ ਆਇਆ। ਮੰਤਰੀ ਸਾਹਿਬ ਨੇ ਸਕੂਲ ਦੀ ਸਮੱਸਿਆ ਨੂੰ ਵੇਖ ਕੇ 53 ਲੱਖ ਰੁਪਏ ਦਿਵਾ ਦਿੱਤੇ। ਸਕੂਲ ਦੀ ਸ਼ਾਨਦਾਰ ਇਮਾਰਤ ਬਣ ਗਈ ਅਤੇ ਕਈ ਸਮੱਸਿਆਵਾਂ ਹੱਲ ਹੋ ਗਈਆਂ। ਅਧਿਆਪਕ-ਅਧਿਆਪਕਾਵਾਂ ਨੇ ਸਕੂਲ ਦੀਆਂ ਫੋਟੋ ਫੇਸਬੁੱਕ ਉੱਤੇ ਪਾ ਦਿੱਤੀਆਂ। ਸੋਹਣੀ ਇਮਾਰਤ ਦੀ ਸੂਚਨਾ ਸੇਵਾ ਮੁਕਤ ਅਧਿਆਪਕ-ਅਧਿਆਪਕਾਵਾਂ ਤੇ ਇਸ ਸਕੂਲ ਵਿੱਚੋਂ ਪੜ੍ਹ ਚੁੱਕੀਆਂ ਵਿਦਿਆਰਥਣ ਤੱਕ ਵੀ ਪਹੁੰਚੀ। ਉਹ ਆਪਣੇ ਸਕੂਲ ਨੂੰ ਵੇਖਣ ਆਉਣ ਲੱਗ ਪਏ।
ਇੱਕ ਦਿਨ ਮੈਂ ਆਪਣੇ ਦਫਤਰ ਵਿੱਚ ਬੈਠਾ ਕੰਮ ਕਰ ਰਿਹਾ ਸਾਂ। ਸਕੂਲ ਦੀ ਸੇਵਾਦਾਰ ਆਣ ਕੇ ਕਹਿਣ ਲੱਗੀ, ‘ਸਰ, ਤੁਹਾਨੂੰ ਕੋਈ ਮਿਲਣ ਆਇਆ ਹੈ, ਕੀ ਅੰਦਰ ਭੇਜ ਦਿਆਂ?’ ਮੇਰੇ ਹਾਂ ਕਹਿਣ ਉੱਤੇ ਉਹ ਅੰਦਰ ਆ ਗਏ। ਕੋਈ 65 ਕੁ ਸਾਲ ਦੀ ਉਮਰ ਦੀ ਔਰਤ ਆਪਣੇ ਬੱਚਿਆਂ ਤੇ ਪਤੀ ਨਾਲ ਆਈ ਸੀ। ਮੈਂ ਉਨ੍ਹਾਂ ਨੂੰ ਕੁਰਸੀਆਂ ਉੱਤੇ ਬੈਠਣ ਲਈ ਕਿਹਾ। ਪਾਣੀ ਪੀਣ ਤੋਂ ਬਾਅਦ ਉਸ ਨੇ ਮੈਨੂੰ ਮੁਖਾਤਿਬ ਹੋ ਕੇ ਕਿਹਾ, ‘‘ਤੁਸੀਂ ਸਕੂਲ ਦਾ ਨਕਸ਼ਾ ਹੀ ਬਦਲ ਦਿੱਤਾ। ਮੈਂ ਫੇਸਬੁੱਕ ਉੱਤੇ ਸਕੂਲ ਦੀ ਸ਼ਾਨਦਾਰ ਇਮਾਰਤ ਵੇਖੀ। ਮੈਥੋਂ ਰਿਹਾ ਨਾ ਗਿਆ। ਇਹ ਮੇਰਾ ਬੇਟਾ ਤੇ ਨੂੰਹ ਹਨ। ਇਹ ਦੋਵੇਂ ਅਮਰੀਕਾ ਵਿੱਚ ਡਾਕਟਰ ਹਨ। ਇਹ ਮੇਰੇ ਸਾਹਿਬ ਹਨ। ਮੈਂ ਅਤੇ ਇਹ ਦੋਵੇਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਾਂ। ਮੈਂ ਆਪਣੇ ਬੱਚਿਆਂ ਨੂੰ ਆਪਣਾ ਸਕੂਲ ਵਿਖਾਉਣ ਲਈ ਲਿਆਈ ਹਾਂ।”
ਇੰਨੇ ਨੂੰ ਚਾਹ ਆ ਗਈ। ਉਸ ਨੇ ਚਾਹ ਪੀਂਦਿਆਂ ਆਖਿਆ, ‘‘ਮੈਂ ਅੱਠਵੀਂ ਅਤੇ ਦਸਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿੱਚੋਂ ਮੈਰਿਟ ਵਿੱਚ ਆਈ ਸਾਂ। ਸਕੂਲ ਦੀ ਲਾਇਬਰੇਰੀ ਵਿੱਚ ਲੱਗੇ ਮੈਰਿਟ ਸੂਚੀ ਵਾਲੇ ਬੋਰਡ ਉੱਤੇ ਮੇਰਾ ਨਾਂਅ ਸੀ। ਮੈਂ ਆਪਣੇ ਬੱਚਿਆਂ ਨੂੰ ਉਹ ਮੈਰਿਟ ਸੂਚੀ ਦਾ ਬੋਰਡ ਵਿਖਾਉਣਾ ਚਾਹੁੰਦੀ ਹਾਂ।” ਮੈਂ ਉਸ ਤੋਂ ਦਸਵੀਂ ਪਾਸ ਕਰਨ ਦਾ ਸਾਲ ਪੁੱਛ ਕੇ ਕਿਹਾ, ‘‘ਮੈਡਮ ਜੀ, ਸੰਨ 69-70 ਦਾ ਮੈਰਿਟ ਸੂਚੀ ਬੋਰਡ ਸਕੂਲ ਵਿੱਚ ਹੋਣਾ ਸੰਭਵ ਨਹੀਂ, ਫਿਰ ਵੀ ਮੈਂ ਪਤਾ ਕਰਵਾ ਲੈਂਦਾ ਹਾਂ।” ਮੈਂ ਆਪਣੇ ਸਕੂਲ ਦੀ ਵਾਈਸ ਪ੍ਰਿੰਸੀਪਲ ਨੂੰ ਬੁਲਾ ਕੇ ਉਸ ਦੀ ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ ਤੇ ਉਸ ਮੈਰਿਟ ਸੂਚੀ ਬੋਰਡ ਬਾਰੇ ਪੁੱਛਿਆ। ਮੈਡਮ ਨੇ ਕਿਹਾ, ‘‘ਕੁਝ ਮੈਰਿਟ ਸੂਚੀ ਬੋਰਡ ਇੱਕ ਕਮਰੇ ਵਿੱਚ ਹਨ। ਵੇਖ ਲੈਂਦੇ ਹਾਂ।” ਥੋੜ੍ਹੀ ਦੇਰ ਮਗਰੋਂ ਸੇਵਾਦਾਰ ਮੈਰਿਟ ਸੂਚੀ ਬੋਰਡ ਲੈ ਆਈ। ਉਸ ਉੱਤੇ ਉਨ੍ਹਾਂ ਦਾ ਨਾਂਅ ਸੀ।
ਪ੍ਰੋਫੈਸਰ ਨੇ ਉਸ ਮੈਰਿਟ ਸੂਚੀ ਬੋਰਡ ਉੱਤੇ ਆਪਣਾ ਲਿਖਿਆ ਨਾਂਅ ਦੱਸਿਆ। ਉਸ ਦਾ ਨਾਂਅ ਕੁਸੁਮ ਮਲਹੋਤਰਾ ਸੀ। ਉਹ ਉਸ ਬੋਰਡ ਨੂੰ ਪੜ੍ਹ ਕੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਸ ਦੀ ਨੂੰਹ ਨੇ ਉਸ ਨੂੰ ਚੁੱਪ ਕਰਾਇਆ। ਸੇਵਾਦਾਰ ਨੇ ਉਸ ਨੂੰ ਪਾਣੀ ਦਾ ਗਲਾਸ ਦਿੱਤਾ। ਉਸ ਦੇ ਰੋਣ ਦਾ ਮੈਂ ਥੋੜ੍ਹਾ-ਬਹੁਤ ਅੰਦਾਜ਼ਾ ਤਾਂ ਲਾ ਲਿਆ ਹੈ, ਪਰ ਮੈਂ ਜਾਨਣਾ ਚਾਹੁੰਦਾ ਸਾਂ। ਮੈਂ ਉਸ ਨੂੰ ਪੁੱਛਿਆ, ‘‘ਮੈਡਮ, ਮੈਨੂੰ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਪੁੱਛਣ ਦਾ ਅਧਿਕਾਰ ਨਹੀਂ, ਪਰ ਜੇ ਇਤਰਾਜ਼ ਨਾ ਹੋਵੇ ਤਾਂ ਰੋਣ ਦਾ ਕਾਰਨ ਦੱਸੋ।” ਉਹ ਬੋਲੀ, ‘‘ਮੈਂ ਉਹ ਬਦਕਿਸਮਤ ਬੱਚੀ ਸਾਂ, ਜਿਸ ਦੇ ਮਾਂ-ਬਾਪ ਬਚਪਨ ਵਿੱਚ ਇੱਕ ਦੁਰਘਟਨ ਵਿੱਚ ਮਾਰੇ ਗਏ ਸਨ। ਵੱਡੀ ਭੈਣ ਨੂੰ ਭੂਆ ਲੈ ਗਈ ਅਤੇ ਮੈਨੂੰ ਚਾਚਾ ਜੀ ਲੈ ਆਏ ਸਨ। ਚਾਚੀ ਜੀ ਮੈਨੂੰ ਲਿਆਉਣ ਨੂੰ ਤਿਆਰ ਨਹੀਂ ਸਨ, ਪਰ ਸਾਡਾ ਹੋਰ ਕੋਈ ਰਿਸ਼ਤੇਦਾਰ ਨਹੀਂ ਸੀ। ਚਾਚਾ ਜੀ, ਬਹੁਤ ਚੰਗੇ ਸਨ, ਪਰ ਚਾਚੀ ਜੀ ਦਾ ਵਿਹਾਰ ਮੇਰੇ ਨਾਲ ਚੰਗਾ ਨਹੀਂ ਸੀ। ਇੱਕ ਦਿਨ ਵੱਡੀ ਭੈਣ ਵੀ ਦੁਨੀਆ ਤੋਂ ਚਲੀ ਗਈ। ਚਾਚਾ ਜੀ ਦੇ ਗੁਆਂਢੀਆਂ ਨੇ ਕਈ ਵਾਰ ਉਨ੍ਹਾਂ ਨੂੰ ਕਿਹਾ ਕਿ ਜਾਂ ਇਸ ਬੱਚੀ ਨੂੁੰ ਕਿਤੇ ਹੋਰ ਭੇਜ ਦਿਓ ਜਾਂ ਇਸ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਰੱਖੋ। ਚਾਚਾ ਜੀ ਵਿਚਾਰੇ ਮਜਬੂਰ ਸਨ। ਉਹ ਚਾਚੀ ਅੱਗੇ ਬੋਲ ਨਹੀਂ ਸਨ ਸਕਦੇ ਸਨ। ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਾਂ, ਪਰ ਚਾਚਾ ਜੀ ਦੇ ਬੱਚੇ ਪੜ੍ਹਨ ਨੂੰ ਠੀਕ-ਠੀਕ ਸਨ। ਚਾਚੀ ਜੀ ਨੇ ਘਰ ਦਾ ਸਾਰਾ ਕੰਮ ਮੈਥੋਂ ਕਰਵਾਉਣਾ। ਸਾਰਾ ਦਿਨ ਮੈਨੂੰ ਪੜ੍ਹਨ ਨਾ ਦੇਣਾ। ਜਦੋਂ ਮੈਂ ਰਾਤ ਨੂੰ ਪੜ੍ਹਨ ਬੈਠਣਾ ਤਾਂ ਨੀਂਦ ਖਰਾਬ ਹੋਣ ਦਾ ਬਹਾਨਾ ਬਣਾ ਕੇ ਕਮਰੇ ਦੀ ਬੱਤੀ ਬੰਦ ਕਰਾ ਦੇਣੀ। ਚਾਚੀ ਦੇ ਬੱਚਿਆਂ ਨੂੰ ਵੀ ਮੈਂ ਪੜ੍ਹਾ ਦਿੰਦੀ ਸੀ। ਉਹ ਮੈਨੂੰ ਚੰਗਾ ਸਮਝਦੇ ਸਨ, ਪਰ ਚਾਚੀ ਉਨ੍ਹਾਂ ਨੂੰ ਮੇਰੀ ਤਾਰੀਫ ਕਰਨ ਉੱਤੇ ਝਿੜਕ ਦਿੰਦੀ ਸੀ। ਹਰ ਜਮਾਤ ਵਿੱਚੋਂ ਪਹਿਲੇ ਨੰਬਰ ਉੱਤੇ ਆਉਣ ਕਾਰਨ ਮੈਂ ਸਾਰੀਆਂ ਅਧਿਆਪਕਾਵਾਂ ਦੀ ਹਰਮਨ ਪਿਆਰੀ ਵਿਦਿਆਰਥਣ ਸਾਂ। ਅੱਠਵੀਂ ਜਮਾਤ ਵਿੱਚ ਬੋਰਡ ਦੀ ਪ੍ਰੀਖਿਆ ਵਿੱਚੋਂ ਮੈਰਿਟ ਵਿੱਚ ਆਉਣ ਉੱਤੇ ਮੁੱਖ ਅਧਿਆਪਕਾ ਨੇ ਮੇਰਾ ਸਨਮਾਨ ਕੀਤਾ। ਚਾਚੀ ਜੀ ਨੂੰ ਮੇਰੇ ਨਾਲ ਇਸ ਗੱਲ ਦਾ ਸਾੜਾ ਸੀ ਕਿ ਮੈਂ ਪੜ੍ਹਾਈ ਵਿੱਚ ਹੁਸ਼ਿਆਰ ਸਾਂ, ਕਿਉਂਕਿ ਉਨ੍ਹਾਂ ਦੇ ਬੱਚੇ ਕੇਵਲ ਪਾਸ ਹੁੰਦੇ ਸਨ।
ਇੱਕ ਦਿਨ ਚਾਚੀ ਜੀ ਨੇ ਕੋਈ ਬਹਾਨਾ ਬਣਾ ਕੇ ਮੈਨੂੰ ਬਹੁਤ ਕੁੱਟਿਆ। ਗੁਆਂਢੀਆਂ ਨੇ ਆ ਕੇ ਮੈਨੂੰ ਛੁਡਾਇਆ। ਮੈਂ ਪੜ੍ਹਾਈ ਛੱਡਣ ਦਾ ਫੈਸਲਾ ਕਰ ਲਿਆ। ਮੈਂ ਕਈ ਦਿਨ ਸਕੂਲ ਨਹੀਂ ਗਈ। ਮੇਰੀ ਹਿੰਦੀ ਅਧਿਆਪਕਾ ਨੂੰ ਮੇਰੇ ਬਾਰੇ ਸਾਰਾ ਕੁਝ ਪਤਾ ਸੀ। ਉਸ ਨੇ ਸਕੂਲ ਦੀ ਮੁੱਖ ਅਧਿਆਪਕਾ ਨਾਲ ਮੇਰੇ ਬਾਰੇ ਗੱਲ ਕੀਤੀ। ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਉਨ੍ਹਾਂ ਨੇ ਮੇਰੇ ਚਾਚਾ ਜੀ ਨਾਲ ਗੱਲ ਕਰ ਕੇ ਮੈਨੂੰ ਆਪਣੇ ਘਰ ਰੱਖ ਲਿਆ। ਉਸ ਨੇਕ ਔਰਤ ਨੇ ਮੈਨੂੰ ਆਪਣਾ ਬੱਚਾ ਸਮਝ ਕੇ ਪਿਆਰ ਦਿੱਤਾ। ਮੇਰੀ ਜ਼ਿੰਦਗੀ ਬਦਲ ਗਈ। ਮੈਂ ਦਸਵੀਂ ਜਮਾਤ ਵਿੱਚੋਂ ਵੀ ਬੋਰਡ ਦੀ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਈ। ਅਖਬਾਰ ਵਿੱਚ ਮੇਰਾ ਨਾਂਅ ਪੜ੍ਹਦੇ ਸਾਰ ਡੀ ਏ ਵੀ ਕਾਲਜ ਚੰਡੀਗੜ੍ਹ ਵਾਲੇ ਆਪਣੇ ਖਰਚੇ ਉੱਤੇ ਪੜ੍ਹਾਉਣ ਲਈ ਮੈਨੂੰ ਲੈ ਗਏ। ਮੈਂ ਸਾਇੰਸ ਗਰੁੱਪ ਦੀ ਪੜ੍ਹਾਈ ਵਿੱਚ ਯੂਨੀਵਰਸਿਟੀ ਤੱਕ ਮੈਰਿਟ ਨਹੀਂ ਟੁੱਟਣ ਦਿੱਤੀ। ਐੱਮ ਐੱਸ ਸੀ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਨੇ ਮੈਨੂੰ ਪੀ ਐੱਚ ਡੀ ਕਰਨ ਲਈ ਅਮਰੀਕਾ ਭੇਜ ਦਿੱਤਾ। ਪੀ ਐੱਚ ਡੀ ਕਰਦਿਆਂ ਹੀ ਮੈਂ ਯੂਨੀਵਰਸਿਟੀ ਵਿੱਚ ਨੌਕਰੀ ਕਰਨ ਲੱਗੀ। ਮੇਰੇ ਚਾਚਾ-ਚਾਚੀ ਤਾਂ ਮੈਨੂੰ ਭੁੱਲ ਗਏ, ਪਰ ਮੇਰੀ ਮੁੱਖ ਅਧਿਆਪਕਾ ਨੇ ਮੈਨੂੰ ਨਹੀਂ ਭੁਲਾਇਆ। ਮੇਰੇ ਸਾਹਿਬ ਮੇਰੀ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰੋਫੈਸਰ ਸਨ। ਅਸੀਂ ਦੋਵਾਂ ਨੇ ਜੀਵਨ ਸਾਥੀ ਬਣਨ ਦਾ ਫੈਸਲਾ ਕਰ ਲਿਆ। ਉਸ ਮੁੱਖ ਅਧਿਆਪਕਾ ਨੇ ਹੀ ਮੇਰੇ ਵਿਆਹ ਵਿੱਚ ਮਾਂ ਦੀ ਭੂਮਿਕਾ ਨਿਭਾਈ। ਅੱਜ ਉਹ ਇਸ ਦੁਨੀਆ ਵਿੱਚ ਨਹੀਂ ਹੈ।
ਉਸ ਨੇ ਆਪਣੀ ਜ਼ਿੰਦਗੀ ਦੀ ਸੰਵੇਦਨਾ ਭਰਪੂਰ ਕਹਾਣੀ ਸੁਣਾ ਕੇ ਮੈਨੂੰ ਭਾਵੁਕ ਕਰ ਦਿੱਤਾ। ਮੈਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਉਸ ਨਾਲ ਮਿਲਾਇਆ। ਉਸ ਨੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਆਪਣੇ ਮਨ ਦੀ ਗੱਲ ਸਾਂਝੀ ਕਰਦਿਆਂ ਕਿਹਾ, ‘‘ਜ਼ਿੰਦਗੀ ਦੇ ਥਪੇੜੇ ਖਾਂਦਿਆਂ ਇਤਿਹਾਸ ਲਿਖਣ ਦਾ ਅਨੁਭਵ ਵੱਖਰਾ ਹੀ ਹੁੰਦਾ ਹੈ। ਉਹ ਇਤਿਹਾਸ ਲਿਖਣ ਦਾ ਮੌਕਾ ਕਿਸੇ-ਕਿਸੇ ਨੂੰ ਮਿਲਦਾ ਹੈ।” ਸਕੂਲ ਦੀ ਹੋਣਹਾਰ ਵਿਦਿਆਰਥਣ ਹੋਣ ਦੇ ਨਾਤੇ ਅਸੀਂ ਉਸ ਨੂੰ ਸਨਮਾਨਤ ਕੀਤਾ। ਉਸ ਨੇ ਸਕੂਲ ਦੀ ਇਮਾਰਤ ਲਈ ਕਾਫੀ ਸਾਰਾ ਦਾਨ ਦਿੱਤਾ। ਮੈਨੂੰ ਆਪਣੇ ਸਕੂਲ ਦੀ ਉਸ ਹੋਣਹਾਰ ਵਿਦਿਆਰਥਣ ਉੱਤੇ ਸਦਾ ਮਾਣ ਰਹੇਗਾ।

 
Have something to say? Post your comment