Welcome to Canadian Punjabi Post
Follow us on

25

September 2021
 
ਨਜਰਰੀਆ

ਖੁਸ਼ੀਆਂ ਦੀ ਕਿਣ-ਮਿਣ

July 05, 2021 02:37 AM

-ਪ੍ਰੀਤਮਾ ਦੋਮੇਲ
ਅੱਜਕੱਲ੍ਹ ਦੇ ਜ਼ਮਾਨੇ ਵਿੱਚ ਹਰ ਆਦਮੀ ਖੁਸ਼ੀ ਚਾਹੁੰਦਾ ਤੇ ਖੁਸ਼ੀਆਂ ਦੀ ਤਲਾਸ਼ ਵਿੱਚ ਪਤਾ ਨਹੀਂ ਕੀ-ਕੀ ਕਰਦਾ ਹੈ। ਕਦੇ ਕਿਸੇ ਪਿਆਰੇ, ਰਿਸ਼ਤੇਦਾਰ ਜਾਂ ਕਿਸੇ ਦੋਸਤ-ਮਿੱਤਰ ਨੂੰ ਫੋਨ ਕਰਦਾ ਹੈ, ਕਦੇ ਦਾਰੂ ਪੀਂਦਾ ਹੈ ਤੇ ਕਦੇ ਬਾਜ਼ਾਰੋਂ ਕੋਈ ਮਨਭਾਉਂਦੀ ਚੀਜ਼ ਮੰਗਵਾ ਕੇ ਖਾਂਦਾ ਹੈ, ਪਰ ਖੁਸ਼ੀਆਂ ਟਟਹਿਣੀਆਂ ਵਾਂਗ ਕਦੇ ਪਲ ਦੋ ਪਲ ਲਈ ਚਮਕਦੀਆਂ ਹਨ। ਕਿਸੇ ਨੂੰ ਮਿਲੋ, ਨਾ ਚਿਹਰੇ ਉੱਤੇ ਮੁਸਕਾਨ, ਨਾ ਹਾਸਾ, ਨਾ ਅੱਖਾਂ ਵਿੱਚ ਚਮਕ! ਕਿੱਥੇ ਗੁੰਮ ਹੋ ਗਿਆ ਸਾਰਾ ਕੁਝ। ਠੀਕ ਹੈ ਲਾਕਡਾਊਨ ਕਰ ਕੇ ਪਹਿਲੇ ਹਾਲਾਤ ਨਹੀਂ ਰਹੇ, ਨਾ ਬਾਜ਼ਾਰ ਵਿੱਚ ਉਹ ਰੌਣਕਾਂ, ਨਾ ਸਵੇਰੇ ਦਫਤਰ-ਸਕੂਲ-ਕਾਲਜ ਜਾਣ ਵਾਲਿਆਂ ਦੀ ਸੜਕਾਂ ਉੱਤੇ ਮਾਰਾ-ਮਾਰੀ, ਨਾ ਵਿਆਹ-ਸ਼ਾਦੀਆਂ ਦੇ ਉਹ ਰੰਗ ਤਮਾਸ਼ੇ, ਨਾ ਦੇਰ ਰਾਤ ਤੱਕ ਚੱਲਦੀਆਂ ਪਾਰਟੀਆਂ, ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਇਹ ਸਭ ਸਾਡੇ ਕਰ ਕੇ ਹੈ। ਜੇ ਅਸੀਂ ਕਾਇਮ ਹਾਂ, ਤੁਰਦੇ ਫਿਰਦੇ ਹਾਂ ਤਾਂ ਸਾਨੂੰ ਖੁਸ਼ ਕਰਨ ਵਾਲੇ ਅਦਾਰੇ ਕਿਤੇ ਚਲੇ ਗਏ ਨੇ। ਉਹ ਨਹੀਂ, ਕੁਝ ਹੋਰ ਸਹੀ। ਅੱਜ ਦੇ ਹਾਲਾਤ ਮੁਤਾਬਕ ਕੁਝ ਹੋਰ ਚੰਗਾ ਚੰਗਾ ਲੱਭੋ।
ਕਹਿੰਦੇ ਨੇ ਲੋੜ ਕਾਢ ਦੀ ਮਾਂ ਹੈ। ਲੱਭ ਲਓ ਖੁਸ਼ੀਆਂ ਆਪਣੇ ਟੱਬਰ ਦੇ ਜੀਆਂ ਵਿੱਚੋਂ, ਪੌਦਿਆਂ ਦੀਆਂ ਹਿਲਦੀਆਂ ਟਾਹਣੀਆਂ ਵਿੱਚੋਂ, ਰੋਜ਼ ਸਵੇਰੇ ਖਿੜੇ ਹੋਏ ਤਾਜ਼ੇ ਫੁੱਲਾਂ ਨੂੰ ਦੇਖ ਕੇ ਕਿਸੇ ਨਾਲ ਫੋਨ ਉੱਤੇ ਉਸ ਦੀ ਰਾਜੀ ਖੁਸ਼ੀ ਪੁੱਛ ਕੇ, ਕਿਸੇ ਆਪਣੇ ਦਾ ਫੋਨ ਆਏ ਤਾਂ ਉਸ ਨੂੰ ਮੱਥੇ ਨਾਲ ਲਾ ਕੇ ਖੁਸ਼ ਹੋਵੋ ਬਈ ਕਿਸੇ ਆਪਣੇ ਨੇ ਤੁਹਾਨੂੰ ਯਾਦ ਕੀਤਾ ਹੈ, ਪਰ ਨਹੀਂ, ਅਸੀਂ ਕੁਝ ਹੋਰ ਵੱਡਾ ਚਾਹੁੰਦੇ ਹਾਂ, ਜੋ ਸਾਨੂੰ ਖੁਸ਼ੀ ਦੇ ਸਕੇ। ਉਹ ਵੱਡਾ ਵੱਡਾ ਕੀ ਹੈ, ਉਹ ਮ੍ਰਿਗ ਤਿ੍ਰਸ਼ਨਾ ਹੈ। ਉਸ ਦੇ ਪਿੱਛੇ ਦੌੜੋਗੇ, ਉਹ ਹੋਰ ਅੱਗੇ ਦੌੜਦੀ ਜਾਵੇਗੀ। ਤੁਸੀਂ ਕਦ ਤੱਕ ਉਸ ਦਾ ਪਿੱਛਾ ਕਰੋਗੇ?
ਲਓ ਮੈਂ ਇਨ੍ਹਾਂ ਖੁਸ਼ੀਆਂ ਦੇ ਝਲਕਾਰਿਆਂ ਦੀ ਗੱਲ ਸੁਣਾਉਂਦੀ ਹਾਂ। ਉਸ ਪੁਰਾਣੇ ਸ਼ਹਿਰ, ਜਿੱਥੇ ਮੈਂ ਪਿਛਲਾ ਪੂਰਾ ਸਾਲ ਗੁਜ਼ਾਰਿਆ ਏ। ਵੱਡੇ ਸਾਰੇ ਘਰ ਦਾ ਵੱਡਾ ਸਾਰਾ ਲਾਅਨ, ਹਰੇ ਭਰੇ ਘਾਹ ਤੇ ਫੁੱਲਾਂ ਬੂਟਿਆਂ ਨਾਲ ਭਰਿਆ ਹੋਇਆ, ਹੋਰ ਵੀ ਵੱਡੇ ਵੱਡੇ ਪੁਰਾਣੇ ਰੁੱਖ ਸਨ। ਉਥੇ ਇੱਕ ਦੋ ਕੁਰਸੀਆਂ ਪਈਆਂ ਰਹਿੰਦੀਆਂ ਸਨ। ਮੈਂ ਇੱਕ ਦਿਨ ਸਵੇਰੇ ਲਾਅਨ ਵਿੱਚ ਗਈ ਤਾਂ ਉਥੇ ਕੋਈ ਕੁਰਸੀ ਨਹੀਂ ਸੀ। ਪਹਿਲਾਂ ਜੀਅ ਕੀਤਾ ਕਿ ਵਾਪਸ ਚਲੀ ਜਾਵਾਂ, ਫਿਰ ਪਤਾ ਨਹੀਂ ਕੀ ਸੋਚ ਕੇ ਹੇਠਾਂ ਘਾਹ ਉੱਤੇ ਬੈਠ ਗਈ। ਜਦ ਮੈਂ ਉਠਣ ਲੱਗੀ ਤਾਂ ਮੇਰੇ ਤੋਂ ਉਠਿਆ ਨਾ ਜਾਵੇ। ਪਿਛਲੇ ਸਾਲ ਮੇਰੀ ਪਿੱਠ ਉੱਤੇ ਸੱਟ ਲੱਗ ਗਈ ਸੀ ਤੇ ਸ਼ਾਇਦ ਇੱਕ ਦੋ ਮਣਕੇ ਵੀ ਹਿੱਲ ਗਏ। ਉਠਣ ਦੀ ਬੜੀ ਕੋਸ਼ਿਸ਼ ਕੀਤੀ, ਆਸਪਾਸ ਵੀ ਨਹੀਂ ਸੀ, ਜੋ ਮਦਦ ਕਰਦਾ। ਇੰਨੇ ਨੂੰ ਛੋਟਾ ਜਿਹਾ ਕਾਲਾ-ਕਲੂਟਾ ਲੜਕਾ ਮਸਾਂ ਸੱਤ-ਅੱਠ ਸਾਲ ਦਾ ਹੋਵੇਗਾ, ਲਾਅਨ ਦੀ ਕੰਡਿਆਲੀ ਤਾਰ ਦੇ ਉੱਤੋਂ ਟੱਪ ਕੇ ਝਰੀਟੋ-ਝਰੀਟ ਹੋਇਆ ਅੰਦਰ ਆ ਗਿਆ ਤੇ ਬਿਨਾਂ ਬੋਲੇ ਹੀ ਦੋਵਾਂ ਹੱਥਾਂ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਸਹਾਰਾ ਦੇ ਕੇ ਖੜ੍ਹਾ ਕਰ ਦਿੱਤਾ, ਤੇ ਫਿਰ ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਆਇਆ।
ਗੁਰਬਤ ਮਾਰਿਆ ਬੱਚਾ ਲੱਗਦਾ ਸੀ। ਉਸ ਨੇ ਫਟੀ ਹੋਈ ਕਮੀਜ਼ ਅਤੇ ਮੈਲੀ ਜਿਹੀ ਨਿੱਕਰ ਪਾਈ ਹੋਈ ਸੀ। ਮੈਂ ਸਫਾਈ ਵਾਲੀ ਔਰਤ ਨੂੰ ਉਸ ਨੂੰ ਕੁਝ ਖਾਣ ਵਾਲੀ ਚੀਜ਼ ਦੇਣ ਨੂੰ ਕਿਹਾ। ਉਸ ਨੇ ਬਿਸਕੁਟ ਦਾ ਪੈਕੇਟ ਉਸ ਨੂੰ ਦਿੱਤਾ, ਪਰ ਉਸ ਨੇ ਲਿਆ ਨਹੀਂ। ਮੈਂ ਕਿਹਾ, ਕੁਝ ਹੋਰ ਦੇ ਦੇ। ਜਦ ਉਹ ਬੱਚੇ ਨੂੰ ਮੱਠੀਆਂ ਵਗੈਰਾ ਦੇਣ ਲੱਗੀ ਤਾਂ ਬੱਚੇ ਨੇ ਉਹ ਵੀ ਨਹੀਂ ਲਈਆਂ ਅਤੇ ਉਸ ਔਰਤ ਦੇ ਕੰਨ ਵਿੱਚ ਕਿਹਾ, ‘ਮੈਂ ਕੁਝ ਲੈਣ ਨਹੀਂ ਮਾਤਾ ਜੀ ਨੂੰ ਉਠਾਇਆ, ਇਹ ਤਾਂ ਮੇਰੀ ਮਾਂ ਨੇ ਸਿਖਾਇਆ ਹੈ ਕਿ ਬਜ਼ੁਰਗਾਂ ਦੀ ਹਮੇਸ਼ਾ ਮਦਦ ਕਰੋ।’ ਫਿਰ ਉਸ ਨੇ ਬੜੇ ਡਰ ਜਿਹੇ ਨਾਲ ਹੱਥ ਜੋੜ ਕੇ ਕਿਹਾ, ‘‘ਮਾਤਾ ਜੀ, ਸਿਪਾਹੀਆਂ ਨੂੰ ਕਹਿਣਾ ਕਿ ਉਹ ਮੈਨੂੰ ਮਾਰਨ ਨਾ, ਮੈਂ ਬਿਨਾਂ ਕਿਸੇ ਨੂੰ ਪੁੱਛੇ ਤਾਰ ਉੱਤੋਂ ਟੱਪ ਕੇ ਆ ਗਿਆ।’ ਮੈਂ ਬੱਚੇ ਨੂੰ ਗਲ ਨਾਲ ਲਾ ਲਿਆ ਤੇ ਉਸ ਦੀ ਮਾਂ ਨੂੰ ਵੀ ਮਨ ਹੀ ਮਨ ਸਲਾਮ ਕੀਤਾ। ਉਸ ਦੇ ਜਾਣ ਤੋਂ ਬਾਅਦ ਵੀ ਕਿੰਨੀ ਦੇਰ ਤੱਕ ਮੇਰੇ ਹੰਝੂ ਵਗਦੇ ਰਹੇ। ਇਹ ਹੰਝੂ ਖੁਸ਼ੀ ਦੇ ਸਨ। ਤੇ ਫਿਰ ਜਿੰਨੀ ਦੇਰ ਅਸੀਂ ਉਸ ਘਰ ਵਿੱਚ ਰਹੇ, ਮੈਂ ਹਰ ਰੋਜ਼ ਉਸ ਕੰਡਿਆਲੀ ਤਾਰ ਦੇ ਉੱਤੋਂ ਟੱਪਦੇ ਹੋਏ ਉਸ ਬੱਚੇ ਨੂੰ ਦੇਖਦੀ ਰਹੀ, ਪਰ ਫਿਰ ਉਹ ਕਦੀ ਨਹੀਂ ਆਇਆ।
ਸਾਡੇ ਘਰ ਦੇ ਸਾਹਮਣੇ ਪੱਕੇ ਫਰਸ਼ ਵਾਲਾ ਪਾਰਕ ਸੀ। ਵਿੱਚ ਵਿਚਾਲੇ ਕਿਧਰੇ ਇੱਕ ਵੱਡੇ ਦਰੱਖਤ ਦੇ ਆਸੇ ਪਾਸੇ ਚਬੂਤਰਾ ਸੀ। ਪਾਰਕ ਵਿੱਚ ਅਫਸਰਾਂ ਦੇ ਛੋਟੇ ਮੁੰਡੇ ਫੁੱਟਬਾਲ ਤੇ ਕੁੜੀਆਂ ਬੈਡਮਿੰਟਨ ਖੇਡਦੇ ਰਹਿੰਦੇ ਸਨ। ਮੈਂ ਕਦੇ ਕਦੇ ਉਸ ਚਬੂਤਰੇ ਉੱਤੇ ਜਾ ਕੇ ਬੈਠ ਜਾਂਦੀ। ਕਈ ਵਾਰੀ ਕੋਈ ਜਵਾਨ (ਸਿਪਾਹੀ) ਕਿਸੇ ਛੋਟੇ ਬੱਚੇ ਨੂੰ ਖਿਡਾਉਣ ਆ ਜਾਂਦਾ। ਇੱਕ ਦਿਨ ਇੱਕ ਸਿਪਾਹੀ ਮੇਰੇ ਕੋਲ ਆ ਕੇ ਬੋਲਿਆ, ‘ਮਾਤਾ ਜੀ, ਤੁਸੀਂ ਉਸ ਸਾਹਮਣੇ ਵਾਲੇ ਘਰ ਵਿੱਚ ਰਹਿੰਦੇ ਹੋ।’
‘ਹਾਂ, ਕਿਉਂ ਕੀ ਗੱਲ?’
‘ਤੁਸੀਂ ਕਿਤਾਬਾਂ ਲਿਖਦੇ ਹੋ?’
‘ਹਾਂ, ਤੈਨੂੰ ਕੀਹਨੇ ਦੱਸਿਆ।’
‘ਸਾਡੇ ਸਾਬ੍ਹ ਦੇ ਮਾਤਾ ਜੀ ਵੀ ਪੰਜਾਬ ਤੋਂ ਆਏ ਹੋਏ ਹਨ। ਉਨ੍ਹਾਂ ਨੇ ਮੈਨੂੰ ਇੱਕ ਦਿਨ ਕਿਹਾ ਸੀ ਕਿ ਤੁਹਾਡੇ ਤੋਂ ਮੈਂ ਤੁਹਾਡੀ ਕੋਈ ਕਿਤਾਬ ਲਿਆ ਕੇ ਉਨ੍ਹਾਂ ਨੂੰ ਦੇਵਾਂ।’
‘ਅੱਛਾ ਮਾਤਾ ਜੀ ਪੜ੍ਹਨਾ ਚਾਹੁੰਦੇ ਨੇ।’
‘ਨਹੀਂ ਜੀ, ਉਹ ਤਾਂ ਬਿਲਕੁਲ ਅਨਪੜ੍ਹ ਹਨ। ਉਹ ਕਹਿੰਦੇ ਸਨ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਪੰਜਾਬ ਦੀ ਬੀਬੀ ਕਿਤਾਬਾਂ ਲਿਖਦੀ ਹੈ। ਮੈਂ ਤਾਂ ਵਾਪਸ ਪੰਜਾਬ ਜਾ ਕੇ ਆਪਣੇ ਸਰਦਾਰ ਜੀ ਕੋਲੋਂ ਪੜ੍ਹਾ ਕੇ ਸੁਣਾਂਗੀ।’
ਕੋਈ ਅਣਜਾਣ ਅਨਪੜ੍ਹ ਔਰਤ ਮੇਰੇ ਕੋਲੋਂ ਮੇਰੀ ਕਿਤਾਬ ਮੰਗ ਰਹੀ ਸੀ ਤੇ ਮੇਰੇ ਪਰਵਾਰ ਵਿੱਚੋਂ (ਮੇਰੇ ਪੁੱਤਰ ਤੋਂ ਬਿਨਾਂ) ਕਿਸੇ ਨੂੰ ਇਹ ਵੀ ਸ਼ਾਇਦ ਹੀ ਪਤਾ ਹੋਵੇ ਕਿ ਮੈਂ ਕੋਈ ਕਿਤਾਬ ਲਿਖੀ ਹੈ। ਖੁਸ਼ੀ ਦੇਣ ਵਾਲਾ ਕੋਈ ਇੱਕ ਵੀ ਬੰਦਾ ਤੁਹਾਨੂੰ ਮਿਲ ਜਾਵੇ ਤਾਂ ਦੁਨੀਆ ਦੇ ਬਲਿਹਾਰ ਜਾਈਏ ਕਿ ਉਹ ਇਨਸਾਨ ਵੀ ਤੁਹਾਡੀ ਇਸੇ ਦੁਨੀਆ ਵਿੱਚੋਂ ਆਇਆ ਹੈ।

 
Have something to say? Post your comment