ਵਿਨੀਪੈੱਗ, 17 ਅਪ੍ਰੈਲ (ਪੋਸਟ ਬਿਊਰੋ): ਵੈਸਟ ਇੰਡ ਇਲਾਕੇ ਦੀ ਪਿਛਲੀ ਲੇਨ ਵਿੱਚ 30 ਸਾਲਾ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਛੇ ਲੋਕਾਂ 'ਤੇ ਦੋਸ਼ ਲਾਏ ਗਏ ਹਨ। ਸਸਕੈਚਵਨ ਦੇ ਜ਼ੈਗੀਮ ਅਨੀਸ਼ੀਨਾਬੇਕ ਫਸਟ ਨੇਸ਼ਨ ਦੇ ਰਹਿਣ ਵਾਲੇ ਬ੍ਰੌਨਸਨ ਐਮਰੀ ਡੇਲ ਕੇਕੁਆਹਟੂਵੇ ਬੀਤੀ 28 ਮਾਰਚ ਨੂੰ ਵੈਲਿੰਗਟਨ ਐਵੇਨਿਊ ਦੇ 700 ਬਲਾਕ ਵਿੱਚ ਮ੍ਰਿਤਕ ਪਾਇਆ ਗਿਆ ਸੀ। ਪੁਲਿਸ ਨੇ ਕੇਕੁਆਹਟੂਵੇ ਦੀ ਮੌਤ ਦੇ ਸਬੰਧ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ 39 ਸਾਲਾ ਏਰਿਕ ਮੈਥਿਊ ਮੌਰਿਸੇਟ ਨੂੰ 9 ਅਪ੍ਰੈਲ ਨੂੰ ਮੈਕਡਰਮੋਟ ਐਵੇਨਿਊ ਦੇ 400 ਬਲਾਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ ਸੀ। ਉਸ 'ਤੇ ਹਥਿਆਰਾਂ ਨਾਲ ਸਬੰਧਤ ਦੋ ਦੋਸ਼ ਵੀ ਲਾਏ ਗਏ ਸਨ। ਉਪਰੰਤ, 14 ਅਪ੍ਰੈਲ ਨੂੰ 28 ਸਾਲਾ ਫਰੈਡਰਿਕ ਫ੍ਰਾਂਸਿਸ ਮੈਥਿਆਸ ਬੇਕਰ ਨੂੰ ਮਿਲਨਰ ਰਿਜ ਸੁਧਾਰ ਕੇਂਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਉਹ ਕਿਸੇ ਗ਼ੈਰ-ਸਬੰਧਤ ਮਾਮਲੇ ਵਿੱਚ ਹਿਰਾਸਤ ਵਿੱਚ ਸੀ। ਉਸ 'ਤੇ ਦੂਜੇ ਦਰਜੇ ਦੇ ਕਤਲ ਦਾ ਵੀ ਦੋਸ਼ ਲਾਇਆ ਗਿਆ ਸੀ। ਪੁਲਿਸ ਨੇ ਮਾਮਲੇ ‘ਚ 20 ਸਾਲਾ ਜੇਰੋਮੀ ਡੈਨੀਅਲ ਸਮਿਥ, 43 ਸਾਲਾ ਰਿਚਰਡ ਐਲਨ ਪੇਨੋਨਜ਼ੇਕ, 28 ਸਾਲਾ ਰੋਸ਼ੇਲ ਹੰਨਾ ਬੇਲਾ ਲਿਟਲ ਅਤੇ 28 ਸਾਲਾ ਅਲਾਨਾ ਕੈਥਰੀਨ ਐਡੀਥ ਐਂਡਰਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਸਾਰੇ ਛੇ ਮੁਲਜ਼ਮ ਹਿਰਾਸਤ `ਚ ਹਨ ਅਤੇ ਕੋਈ ਵੀ ਦੋਸ਼ ਅਦਾਲਤ ਵਿੱਚ ਸਾਬਤ ਨਹੀਂ ਹੋਇਆ ਹੈ।