ਓਟਵਾ, 10 ਅਪ੍ਰੈਲ (ਪੋਸਟ ਬਿਊਰੋ): ਓਟਵਾ ਪੁਲਿਸ ਬੀਤੀ 29 ਮਾਰਚ ਨੂੰ ਡਾਊਨਟਾਊਨ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਹੋਏ ਕਥਿਤ ਹਮਲੇ ਵਿੱਚ ਸ਼ਾਮਿਲ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਜਨਤਾ ਨੂੰ ਮਦਦ ਦੀ ਅਪੀਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੁਪਹਿਰ ਕਰੀਬ 3 ਵਜੇ ਪੁਲਿਸ ਨੂੰ ਇੱਕ ਕਾਲ ਆਈ ਜਿਸ ਵਿੱਚ ਵਿਲੀਅਮ ਅਤੇ ਰਿਡੌ ਸਟ੍ਰੀਟ ਦੇ ਖੇਤਰ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦੀ ਰਿਪੋਰਟ ਮਿਲੀ।
ਪੁਲਿਸ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਸ਼ੱਕੀ ਨੇ ਇੱਕ ਵਿਅਕਤੀ 'ਤੇ ਹਮਲਾ ਕੀਤਾ। ਪੁਲਿਸ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਪੀੜਤ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਿਹਾ ਸੀ ਜਾਂ ਨਹੀਂ। ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੀ ਪ੍ਰਕਿਰਤੀ ਬਾਰੇ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਇਸ ਹਮਲੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ। ਮੁਲਜ਼ਮ ਦੀ ਪਛਾਣ ਬਾਰੇ ਪੁਲਸ ਨੇ ਦੱਸਿਆ ਕਿ ਸ਼ੱਕੀ ਸਾਂਵਲੀ ਚਮੜੀ ਵਾਲਾ, ਕਰੀਬ ਛੇ ਫੁੱਟ ਤੋਂ ਲੰਬਾ, ਭੂਰੀਆਂ ਅੱਖਾਂ ਵਾਲਾ ਵਿਅਕਤੀ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਸਨੇ ਕਾਲੀ ਜੈਕੇਟ ਅਤੇ ਕਾਲਾ ਮਾਸਕ ਪਾਇਆ ਹੋਇਆ ਸੀ। ਸ਼ੱਕੀ ਨੂੰ ਮੈਗਾਫੋਨ ਦੀ ਵਰਤੋਂ ਕਰਦੇ ਹੋਏ ਵੀ ਦੇਖਿਆ ਗਿਆ ਸੀ। ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ 613-236-1222, ਐਕਸਟੈਂਸ਼ਨ 2193, ਜਾਂ ਕ੍ਰਾਈਮ ਸਟੌਪਰਜ਼ ਟੋਲ-ਫ੍ਰੀ 1-800-222-8477 'ਤੇ ਕਾਲ ਕਰ ਸਕਦਾ ਹੈ।