ਮਾਂਟਰੀਅਲ, 7 ਅਪ੍ਰੈਲ (ਪੋਸਟ ਬਿਊਰੋ): ਹੋਚੇਲਾਗਾ ਵਿੱਚ ਅੱਗ ਲੱਗਣ ਦੀ ਘਟਨਾ ਵਿਚ ਚਾਰ ਨਾਬਾਲਿਗਾਂ ਅਤੇ ਇੱਕ 18 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਂਟਰੀਅਲ ਪੁਲਿਸ ਅੱਗ ਬੁਝਾਉਣ ਵਾਲੀ ਟੀਮ ਦੇ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਸਵੇਰੇ 1 ਵਜੇ ਦੇ ਕਰੀਬ ਪੁਲਿਸ ਨੂੰ ਹੋਚੇਲਾਗਾ ਸਟਰੀਟ ਦੇ ਨੇੜੇ ਲੈਕੋਰਡੇਅਰ ਸਟਰੀਟ 'ਤੇ ਇੱਕ ਗੈਰਾਜ ਵਿੱਚ ਅੱਗ ਲੱਗਣ ਬਾਰੇ 911 'ਤੇ ਕਾਲ ਆਈ ਸੀ। ਜਿਸ ਤੋਂ ਬਾਅਦ ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ। ਐਤਵਾਰ ਸਵੇਰ ਤੱਕ, ਫਾਇਰਫਾਈਟਰ ਅੱਗ ਦੇ ਬਚੇ ਹੋਏ ਹਿੱਸਿਆਂ ਨੂੰ ਬੁਝਾ ਰਹੇ ਸਨ ਅਤੇ ਅੱਗ ਕਾਰਨ ਹੋਚੇਲਾਗਾ ਸਟਰੀਟ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਸੇ ਦੇ ਵੀ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।