ਓਟਵਾ, 4 ਅਪ੍ਰੈਲ (ਪੋਸਟ ਬਿਊਰੋ): ਓਟਵਾ ਦੀ ਇੱਕ ਔਰਤ 'ਤੇ 28 ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ, ਜਿਸਨੇ ਕਥਿਤ ਤੌਰ 'ਤੇ ਅਪਾਰਟਮੈਂਟ ਬਿਲਡਿੰਗ ਸੁਪਰਡੈਂਟ ਦੇ ਅਹੁਦੇ ਦੀ ਵਰਤੋਂ ਕਰਕੇ ਸੰਭਾਵੀ ਕਿਰਾਏਦਾਰਾਂ ਦੀ 50,000 ਡਾਲਰ ਤੋਂ ਵੱਧ ਜਮ੍ਹਾਂ ਰਾਸ਼ੀ ਵਿੱਚੋਂ ਧੋਖਾਧੜੀ ਕੀਤੀ। ਬੁੱਧਵਾਰ ਨੂੰ ਟੋਰਾਂਟੋ ਪੁਲਿਸ ਨੇ ਕਿਹਾ ਕਿ ਉਹ ਇੱਕ ਔਰਤ ਦੀ ਭਾਲ ਕਰ ਰਹੀ ਹੈ ਜਿਸਨੇ ਅਪਾਰਟਮੈਂਟ ਕਿਰਾਏ 'ਤੇ ਲੈਣ ਦੀ ਇੱਛਾ ਰੱਖਣ ਵਾਲੇ ਲੋਕਾਂ ਨਾਲ ਧੋਖਾਧੜੀ ਕੀਤੀ, ਜਦਕਿ ਕੋੲੳਿ ਵੀ ਅਪਾਰਟਮੈਂਟ ਉਪਲਬਧ ਨਹੀਂ ਸੀ। ਧੋਖਾਧੜੀ ਦੀਆਂ ਘਟਨਾਵਾਂ ਨੂੰ 1 ਜਨਵਰੀ ਤੋਂ 30 ਅਗਸਤ, 2024 ਦੇ ਵਿਚਕਾਰ ਅੰਜਾਮ ਦਿੱਤਾ ਗਿਆ। ਇਹ ਦੋਸ਼ ਲਗਾਇਆ ਗਿਆ ਹੈ ਕਿ ਔਰਤ ਸੈਂਟੀਨੇਲ ਰੋਡ ਅਤੇ ਫਿੰਚ ਐਵੇਨਿਊ ਵੈਸਟ ਦੇ ਨੇੜੇ ਇੱਕ ਅਣਜਾਣ ਅਪਾਰਟਮੈਂਟ ਇਮਾਰਤ ਵਿੱਚ ਸੁਪਰਡੈਂਟ ਵਜੋਂ ਕੰਮ ਕਰਦੀ ਸੀ। ਉਸ ਸਮੇਂ ਦੌਰਾਨ ਉਸਨੇ 28 ਲੋਕਾਂ, ਜੋ ਅਪਾਰਟਮੈਂਟ ਕਿਰਾਏ 'ਤੇ ਲੈਣਾ ਚਾਹੁੰਦੇ ਸਨ, ਤੋਂ ਨਕਦੀ ਅਤੇ ਈ-ਟ੍ਰਾਂਸਫਰ ਰਾਹੀਂ ਪੈਸੇ ਇਕੱਠੇ ਕੀਤੇ। ਜਾਂਚਕਰਤਾਵਾਂ ਦੇ ਅਨੁਸਾਰ, ਔਰਤ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਰਾਏਦਾਰਾਂ ਨੂੰ ਦੱਸੇ ਗਏ ਸਮੇਂ ਤੋਂ ਪਹਿਲਾਂ ਹੀ ਚਲੀ ਗਈ।
ਵੀਰਵਾਰ ਨੂੰ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਦੇ ਸੰਬੰਧ ਵਿੱਚ ਓਟਵਾ ਦੀ 51 ਸਾਲਾ ਲੈਘਨਾਲੀ ਅਸੂਨਸੀਅਨ ਨੂੰ ਧੋਖਾਧੜੀ ਦੇ 28 ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਬਾਰੇ ਹੋਰ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।