ਵੈਨਕੂਵਰ, 1 ਅਪ੍ਰੈਲ (ਪੋਸਟ ਬਿਊਰੋ): ਨਾਨੈਮੋ ਵਿੱਚ ਪੁਲਿਸ ਇੱਕ ਸਥਾਨਕ ਤੈਰਾਕੀ ਕੇਂਦਰ ਵਿੱਚ ਦੇ ਚੇਂਜਿੰਗ ਰੂਮ ਦੇ ਦਰਵਾਜ਼ੇ ਵਿਚ ਕੈਮਰਾ ਲਾਉਣ ਦੀ ਘਟਨਾ ਨਾਲ ਜੁੜੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਜਨਤਾ ਦੀ ਸਹਾਇਤਾ ਦੀ ਮੰਗ ਕਰ ਰਹੀ ਹੈ। 741 ਥਰਡ ਐਵੇਨਿਊ ਵਿਖੇ ਨਾਨੈਮੋ ਐਕੁਆਟਿਕ ਸੈਂਟਰ ਦੇ ਸਟਾਫ ਨੇ 3 ਮਾਰਚ ਨੂੰ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇਸਦੇ ਇੱਕ ਚੇਂਜਿੰਗ ਰੂਮ ਦੇ ਦਰਵਾਜ਼ੇ ਵਿੱਚ ਇੱਕ ਕੈਮਰਾ ਲਗਾਇਆ ਗਿਆ ਹੈ। ਨਾਨੈਮੋ ਆਰਸੀਐਮਪੀ ਦੇ ਕਾਂਸਟੇਬਲ ਗੈਰੀ ਓ'ਬ੍ਰਾਇਨ ਨੇ ਸੋਮਵਾਰ ਨੂੰ ਕਿਹਾ ਕਿ ਵੀਡੀਓ ਵਿੱਚ ਦੋ ਆਦਮੀ ਦੇਖੇ ਗਏ ਸਨ, ਜਿਨ੍ਹਾਂ ਵਿਚੋਂ ਇੱਕ ਦੀ ਪਛਾਣ ਹੋ ਗਈ ਹੈ। ਦੂਜੇ ਮੁਲਜ਼ਮ ਬਾਰੇ ਉਨ੍ਹਾਂ ਦੱਸਿਆ ਕਿ ਉਸ ਦੇ ਛੋਟੇ ਕਾਲੇ ਵਾਲ ਹਨ, ਉਹ ਕਰੀਬ 20 ਸਾਲ ਦਾ ਹੈ।ਓ'ਬ੍ਰਾਇਨ ਨੇ ਕਿਹਾ ਕਿ ਜਿਸ ਕਿਸੇ ਕੋਲ ਵੀ ਇਸ ਵਿਅਕਤੀ ਸਬੰਧੀ ਕੋਈ ਜਾਣਕਾਰੀ ਹੈ, ਉਹ 250-754-2345 'ਤੇ ਸੰਪਰਕ ਕਰ ਸਕਦਾ ਹੈ।