-ਅਪਾਰਟਮੈਂਟ ਮਾਲਕ ਨੇ ਮੁਰੰਮਤ ਦੇ ਨਾਲ ਨਵੀਆਂ ਸਹੂਲਤਾਂ ਜੋੜਨ ਨੂੰ ਦੱਸਿਆ ਵਾਧੇ ਦਾ ਕਾਰਨ
ਐਡਮੰਟਨ, 4 ਅਪ੍ਰੈਲ (ਪੋਸਟ ਬਿਊਰੋ): ਐਡਮੰਟਨ ਦੀ ਇੱਕ ਇਤਿਹਾਸਕ ਅਪਾਰਟਮੈਂਟ ਬਿਲਡਿੰਗ ਦੇ ਨਵੇਂ ਮਾਲਕ ਆਪਣੇ ਕਿਰਾਏਦਾਰਾਂ ਦਾ ਕਿਰਾਇਆ ਲਗਭਗ 200% ਵਧਾ ਰਹੇ ਹਨ।ਸੈਂਟਰਲ ਵ੍ਹਕਵਾਂਟੋਵਿਨ ਇਲਾਕੇ ਵਿੱਚ ਐਨਾਮੋਏ ਮੈਂਸ਼ਨ ਦੇ ਨਿਵਾਸੀ ਨੇ ਇਸ ਨੂੰ ਕਿਰਾਏਦਾਰਾਂ ਨੂੰ ਜ਼ਬਰਦਸਤੀ ਬਾਹਰ ਕੱਢਣ ਦੀ ਇੱਕ ਚਾਲ ਕਿਹਾ ਹੈ। ਉਸ ਨੇ ਕਿਹਾ ਕਿ ਇੱਕ ਬੈੱਡਰੂਮ ਵਾਲੇ ਯੂਨਿਟ ਦਾ ਕਿਰਾਇਆ 1 ਜੁਲਾਈ ਨੂੰ 895 ਡਾਲਰ ਤੋਂ ਵਧ ਕੇ 2695 ਡਾਲਰ ਪ੍ਰਤੀ ਮਹੀਨਾ ਹੋਣ ਵਾਲਾ ਹੈ।
ਏਆਰਐਚ ਹੋਲਡਿੰਗਜ਼, ਜਿਸਨੇ ਜਨਵਰੀ ਵਿੱਚ ਵਿਕਟੋਰੀਆ ਪ੍ਰੋਮੇਨੇਡ ਦੇ ਪੱਛਮੀ ਸਿਰੇ 'ਤੇ ਸਥਿਤ ਇਮਾਰਤ ਖਰੀਦੀ ਸੀ, ਜਿਸ ਤੋਂ ਕਿ ਉੱਤਰੀ ਸਸਕੈਚਵਨ ਨਦੀ ਘਾਟੀ ਦਾ ਵਿਊ ਮਿਲਦਾ ਹੈ, ਨੇ ਮੰਗਲਵਾਰ ਨੂੰ ਹਰੇਕ ਯੂਨਿਟ ਦੇ ਦਰਵਾਜ਼ਿਆਂ 'ਤੇ ਕਿਰਾਏ ਵਿੱਚ ਵਾਧੇ ਦੀ ਜਾਣਕਾਰੀ ਦਿੰਦੇ ਹੋਏ ਨੋਟਿਸ ਲਗਾਏ ਹਨ। ਐਡਮਿੰਟਨ-ਅਧਾਰਤ ਪ੍ਰਾਪਰਟੀ ਡਿਵੈਲਪਰ ਨੇ ਦੱਸਿਆ ਕਿ 1914 ਵਿੱਚ ਬਣੀ ਤਿੰਨ-ਮੰਜ਼ਿਲਾ, 25-ਅਪਾਰਟਮੈਂਟ ਇਮਾਰਤ ਨੂੰ ਵਿਆਪਕ ਮੁਰੰਮਤ ਦੀ ਲੋੜ ਹੈ ਕਿਉਂਕਿ ਇਸਦੀ ਕਈ ਸਾਲਾਂ ਤੋਂ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ ਗਈ ਹੈ। ਵਧਾਏ ਕਿਰਾਏ ਬਾਰੇ ਹੋਲਡਿੰਗਜ਼ ਨੇ ਕਿਹਾ ਕਿ ਇਨ੍ਹਾਂ ਖਰਚਿਆਂ ਨਾਲ ਤਾਲਮੇਲ ਰੱਖਣ ਲਈ ਆਮਦਨ ਨੂੰ ਅਨੁਕੂਲ ਕਰਨਾ ਜ਼ਰੂਰੀ ਹੋ ਗਿਆ ਹੈ। ਉਹ ਮੁਰੰਮਤ ਦੇ ਨਾਲ-ਨਾਲ ਨਵੀਆਂ ਸਹੂਲਤਾਂ ਜੋੜਨ ਦੀ ਯੋਜਨਾ ਬਣਾ ਰਹੇ ਹਨ। ਮੌਜੂਦਾ ਸਮੇਂ ਵਿੱਚ ਨਿਵਾਸੀਆਂ ਤੋਂ ਲਿਆ ਜਾਣ ਵਾਲਾ ਕਿਰਾਇਆ ਖੇਤਰ ਅਤੇ ਸਥਾਨ ਲਈ ਬਾਜ਼ਾਰ ਮੁੱਲ ਤੋਂ ਕਾਫ਼ੀ ਘੱਟ ਹੈ।
ਸੂਬੇ ਦੇ ਸੀਨੀਅਰਜ਼, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮਿਨਿਸਟਰੀ ਦੇ ਪ੍ਰੈਸ ਸੈਕਟਰੀ ਐਸ਼ਲੇ ਸਟੀਵਨਸਨ ਨੇ ਦੱਸਿਆ ਕਿ ਸਰਕਾਰ ਕਿਰਾਏ ਦੇ ਨਿਯੰਤਰਣਾਂ 'ਤੇ ਵਿਚਾਰ ਕਰਨ ਦੀ ਬਜਾਏ ਰਿਹਾਇਸ਼ ਸਪਲਾਈ ਵਧਾਉਣ 'ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵਿਨਾਸ਼ਕਾਰੀ ਪ੍ਰਕਿਰਿਆ ਹੈ ਜਿਸਨੇ ਕਿਰਾਏ ਦੇ ਬਾਜ਼ਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ।