ਲੰਡਨ, 6 ਮਾਰਚ (ਪੋਸਟ ਬਿਊਰੋ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਿਚ ਅਮਰੀਕੀ ਪ੍ਰਸ਼ਾਸਨ ਬਹੁਧਰੁਵੀ ਪ੍ਰਬੰਧ ਵੱਲ ਵੱਧ ਰਿਹਾ ਹੈ ਜੋ ਭਾਰੀ ਹਿੱਤਾਂ ਦੇ ਅਨੁਕੂਲ ਹੈ ਤੇ ਦੋਵਾਂ ਮੁਲਕਾਂ ਨੇ ਦੁਵੱਲੇ ਵਪਾਰ ਸਮਝੌਤੇ ਦੀ ਲੋੜ ’ਤੇ ਸਹਿਮਤੀ ਦਿੱਤੀ ਹੈ।
ਲੰਡਨ ਵਿਚ ਬੁੱਧਵਾਰ ਸ਼ਾਮ ਨੂੰ ‘ਵਿਸ਼ਵ ਵਿਚ ਭਾਰਤ ਦਾ ਉਦੈ ਤੇ ਭੂਮਿਕਾ’ ਸਿਰਲੇਖ ਵਾਲੇ ਸੈਸ਼ਨ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਨਵੀਂ ਅਮਰੀਕੀ ਸਰਕਾਰ ਵੱਲੋਂ ਸ਼ੁੁਰੂਆਤੀ ਕੁਝ ਹਫ਼ਤਿਆਂ ਵਿਚ ਚੁੱਕੇ ਗਏ ਕਦਮਾਂ ਖਾਸ ਤੌਰ ’ਤੇ ਟਰੰਪ ਦੀ ਟੈਕਸ ਯੋਜਨਾ ਬਾਰੇ ਸਵਾਲ ਕੀਤਾ ਗਿਆ ਸੀ।
ਜੈਸ਼ੰਕਰ ਨੇ ਕਿਹਾ ਕਿ ਅਸੀਂ ਇਕ ਅਜਿਹੇ ਰਾਸ਼ਟਰਪਤੀ ਤੇ ਪ੍ਰਸ਼ਾਸਨ ਨੂੰ ਦੇਖ ਰਹੇ ਹਾਂ ਜੋ ਬਹੁਧਰੁਵੀ ਪ੍ਰਬੰਧ ਵੱਲ ਵੱਧ ਰਿਹਾ ਹੈ ਤੇ ਇਹ ਭਾਰਤ ਦੇ ਅਨੁਕੂਲ ਹੈ। ਜੈਸ਼ੰਕਰ ਬਰਤਾਨੀਆ ਤੇ ਆਇਰਲੈਂਡ ਦੇ ਦੋ ਰੋਜ਼ਾ ਦੌਰੇ ’ਤੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਨਜ਼ਰੀਏ ਤੋਂ ਸਾਡੇ ਕੋਲ ਇਕ ਵੱਡਾ ਸਾਂਝਾ ਮੰਚ ‘ਕੁਆਡ’ ਹੈ, ਜੋ ਇਕ ਅਜਿਹੀ ਸਮਝ ਹੈ ਜਿੱਥੇ ਹਰ ਕੋਈ ਆਪਣਾ ਵਾਜਬ ਹਿੱਸਾ ਪਾਉਂਦਾ ਹੈ, ਇਸ ਵਿਚ ਕਿਸੇ ਨੂੰ ਮੁਫ਼ਤ ਲਾਭ ਨਹੀਂ ਮਿਲਦਾ, ਲਿਹਾਜ਼ਾ ਇਹ ਇਕ ਚੰਗਾ ਮਾਡਲ ਹੈ, ਜੋ ਕੰਮ ਕਰਦਾ ਹੈ।
‘ਕੁਆਡ’ ਵਿਚ ਅਮਰੀਕਾ, ਭਾਰਤ, ਆਸਟਰੇਲੀਆ ਤੇ ਜਾਪਾਨ ਸ਼ਾਮਿਲ ਹਨ। ਜੈਸ਼ੰਕਰ ਨੇ ਟੈਕਸ ਦੇ ਮੁੱਦੇ ’ਤੇ ਕਿਹਾ ਕਿ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੁਵੱਲੇ ਵਪਾਰ ਸਮਝੌਤੇ ’ਤੇ ਚਰਚਾ ਲਈ ਫਿਲਹਾਲ ਵਾਸ਼ਿੰਗਟਨ ਵਿਚ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਨੇ ‘ਵ੍ਹਾਈਟ ਹਾਊਸ’ ਵਿਚ ਗੱਲਬਾਤ ਕੀਤੀ ਸੀ।
ਕਸ਼ਮੀਰ ਮੁੱਦੇ ਦੇ ਹੱਲ ਬਾਰੇ ਸਵਾਲ ਦੇ ਜਵਾਬ ਵਿੱਚ ਜੈਸ਼ੰਕਰ ਨੇ ਕਿਹਾ ਕਿ ਧਾਰਾ 370 ਹਟਾਉਣਾ ਪਹਿਲਾ ਕਦਮ ਸੀ, ਕਸ਼ਮੀਰ ਵਿੱਚ ਵਿਕਾਸ ਅਤੇ ਆਰਥਿਕ ਸਰਗਰਮੀਆਂ ਅਤੇ ਸਮਾਜਿਕ ਨਿਆਂ ਦੀ ਬਹਾਲੀ ਦੂਜਾ ਕਦਮ ਸੀ ਅਤੇ ਚੋਣਾਂ ਕਰਵਾਉਣਾ ਤੀਜਾ ਕਦਮ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੋਟ ਪਾਈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਜਿਸ ਚੀਜ਼ ਦੀ ਉਡੀਕ ਕਰ ਰਹੇ ਹਾਂ ਉਹ ਹੈ ਕਸ਼ਮੀਰ ਦੇ ਉਸ ਹਿੱਸੇ ਨੂੰ ਵਾਪਸ ਹਾਸਲ ਕਰਨਾ ਜੋ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਹੇਠ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਇਹ ਹੋਵੇਗਾ, ਕਸ਼ਮੀਰ ਮਸਲੇ ਦਾ ਹੱਲ ਹੋ ਜਾਵੇਗਾ। ਜੈਸ਼ੰਕਰ ਵੀਰਵਾਰ ਨੂੰ ਆਪਣੇ ਆਇਰਿਸ਼ ਹਮਰੁਤਬਾ ਸਾਈਮਨ ਹੈਰਿਸ ਨਾਲ ਗੱਲਬਾਤ ਕਰਨਗੇ।