ਟੋਰਾਂਟੋ, 10 ਦਸੰਬਰ (ਪੋਸਟ ਬਿਊਰੋ): ਓਂਟਾਰੀਓ ਦੀ ਇੱਕ ਔਰਤ ਨਾਲ ਉਸ ਸਮੇਂ ਠੱਗੀ ਹੋ ਗਈ ਜਦੋਂ ਉਹ ਕਿਸੇ ਦੂਜੀ ਔਰਤ ਦੀ ਟੈਕਸੀ ਦਾ ਕਿਰਾਇਆ ਭਰਨ ਵਿਚ ਮਦਦ ਕਰ ਰਹੀ ਸੀ, ਪਰ ਇਸਦੀ ਥਾਂ ਉਸਨੂੰ 14 ਹਜ਼ਾਰ ਡਾਲਰ ਦਾ ਚੂਨਾ ਲੱਗ ਗਿਆ ।
ਵੁਡਬਰਿਜ ਦੀ ਮਾਰਿਆ ਪੈਡਾਗਡੈਗ ਨੇ ਦੱਸਿਆ ਕਿ ਇਹ ਘਟਨਾ ਅਗਸਤ ਦੀ ਸ਼ੁਰੂਆਤ ਵਿੱਚ ਇੱਕ ਪਾਰਕਿੰਗ ਥਾਂ ਵਿੱਚ ਹੋਈ। ਪੈਡਾਗਡੈਗ ਨੇ ਦੱਸਿਆ, ਇਹ ਔਰਤ ਮੇਰੀ ਕਾਰ ਦੇ ਪਿੱਛੇ ਤੋਂ ਆਈ ਅਤੇ ਉਸਨੇ ਕਿਹਾ ਕਿ ਕੀ ਤੁਸੀਂ ਮੇਰੀ ਟੈਕਸੀ ਦਾ ਕਿਰਾਇਆ ਚੁਕਾਉਣ ਵਿੱਚ ਮੇਰੀ ਮਦਦ ਕਰ ਸਕਦੇ ਹੋ ?
ਮੈਂ ਆਪਣਾ ਡੇਬਿਟ ਕਾਰਡ ਦਿੱਤਾ ਅਤੇ ਪਿਨ ਮਸ਼ੀਨ ਵਿੱਚ ਪਾਇਆ ਅਤੇ ਔਰਤ ਨੇ ਮੈਨੂੰ 10 ਡਾਲਰ ਦਿੱਤੇ, ਅਤੇ ਮੈਂ ਘਰ ਲਈ ਨਿਕਲ ਗਈ।
ਪੈਡਾਗਡੈਗ ਨੇ ਕਿਹਾ ਕਿ ਉਸਨੇ ਆਪਣਾ ਬੈਂਕ ਖਾਤਾ ਨਹੀਂ ਚੈਕ ਕੀਤਾ। ਚਾਰ ਦਿਨ ਬਾਅਦ ਉਸਨੇ ਕਿਹਾ ਕਿ ਉਸਨੂੰ ਆਪਣੇ ਬੈਂਕ ਤੋਂ ਇੱਕ ਕਾਲ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਉਸਦੇ ਖਾਤੇ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਸਦੇ 14 ਹਜ਼ਾਰ ਡਾਲਰ ਨਿਕਲ ਗਏ ਹਨ। ਪੈਡਾਗਡੈਗ ਨੇ ਕਿਹਾ ਕਿ ਮੈਨੂੰ ਹੈਰਾਨੀ ਹੋਈ, ਮੈਂ ਤਾਂ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਟੋਰਾਂਟੋ ਪੁਲਿਸ ਨੇ ਟੈਕਸੀ ਘੋਟਾਲਿਆਂ ਵਿੱਚ ਵਾਧੇ ਦੇ ਕਾਰਨ ਚਿਤਾਵਨੀ ਜਾਰੀ ਕੀਤੀ ਹੈ, ਕਿਉਂਕਿ 2024 ਵਿੱਚ ਹੁਣ ਤੱਕ 800 ਤੋਂ ਜਿ਼ਆਦਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1.6 ਮਿਲੀਅਨ ਡਾਲਰ ਤੋਂ ਜਿ਼ਆਦਾ ਦਾ ਨੁਕਸਾਨ ਹੋਇਆ ਹੈ। ਟੋਰਾਂਟੋ ਪੁਲਿਸ ਧੋਖਾਧੜੀ ਵਿਭਾਗ ਦੇ ਡਿਟੇਕਟਿਵ ਡੇਵਿਡ ਕਾਫ਼ੀ ਨੇ ਦੱਸਿਆ ਕਿ ਠੱਗ ਤੁਹਾਨੂੰ ਇੱਕ ਡੁਪਲੀਕੇਟ ਕਾਰਡ ਦੇ ਦਿੰਦੇ ਹਨ ਜੋ ਤੁਹਾਡੇ ਕਾਰਡ ਵਰਗਾ ਹੀ ਦਿਸਦਾ ਹੈ ਅਤੇ ਉਹ ਤੁਹਾਡਾ ਕਾਰਡ ਅਤੇ ਤੁਹਾਡਾ ਪਿਨ ਰੱਖ ਲੈਂਦੇ ਹਨ। ਉਨ੍ਹਾਂ ਇਸ ਗੱਲ ਸੁਚੇਤ ਰਹਿਣ ਲਈ ਕਿਹਾ ਹੈ।