ਮੁੰਬਈ, 7 ਨਵੰਬਰ (ਪੋਸਟ ਬਿਊਰੋ): ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਾਹਰੁਖ ਖਾਨ ਦੀ ਟੀਮ ਨੇ ਮੋਬਾਈਲ 'ਤੇ ਧਮਕੀ ਮਿਲਣ ਤੋਂ ਬਾਅਦ ਸਿ਼ਕਾਇਤ ਦਰਜ ਕਰਵਾਈ ਹੈ।
ਮੁੰਬਈ ਪੁਲਿਸ ਨੇ ਸਿ਼ਕਾਇਤ ਮਿਲਦੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਅਣਪਛਾਤੇ ਵਿਅਕਤੀ ਖਿਲਾਫ ਭਾਰਤੀ ਦੰਡਾਵਲੀ (ਬੀਐੱਨਐੱਸ) ਦੀ ਧਾਰਾ 308 (4), 351 (3) (4) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਨੰਬਰ ਤੋਂ ਧਮਕੀ ਦਿੱਤੀ ਗਈ ਹੈ, ਉਹ ਛੱਤੀਸਗੜ੍ਹ ਦੇ ਰਹਿਣ ਵਾਲੇ ਫੈਜ਼ਾਨ ਨਾਂ ਦੇ ਵਿਅਕਤੀ ਦੇ ਨਾਂ 'ਤੇ ਹੈ। ਨੰਬਰ ਟ੍ਰੇਸ ਹੁੰਦੇ ਹੀ ਮੁੰਬਈ ਪੁਲਸ ਰਾਏਪੁਰ ਪਹੁੰਚ ਗਈ। ਮਾਮਲਾ 5 ਨਵੰਬਰ ਦਾ ਦੱਸਿਆ ਜਾ ਰਿਹਾ ਹੈ।
ਡੀਸੀਪੀ ਦੇ ਅਨੁਸਾਰ, ਬਾਂਦਰਾ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਕਾਲਰ ਦਾ ਇੱਕ ਕਾਲ ਆਇਆ, ਜਿਸ ਵਿੱਚ ਕਾਲਰ ਨੇ ਧਮਕੀ ਦਿੱਤੀ ਅਤੇ ਕਿਹਾ, ਮੈਂ ਬੈਂਡ ਸਟੈਂਡ ਦੇ ਮਾਲਕ ਸ਼ਾਹਰੁਖ ਖਾਨ ਨੂੰ ਮਾਰ ਦੇਵਾਂਗਾ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਉਸ ਨੂੰ 50 ਲੱਖ ਰੁਪਏ ਨਾ ਦਿੱਤੇ ਗਏ ਤਾਂ ਉਹ ਉਸ ਨੂੰ ਮਾਰ ਦੇਵੇਗਾ। ਜਦੋਂ ਫੋਨ ਕਰਨ ਵਾਲੇ ਨੂੰ ਉਸਦਾ ਨਾਮ ਪੁੱਛਿਆ ਗਿਆ ਤਾਂ ਉਸਨੇ ਜਵਾਬ ਦਿੱਤਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰਾ ਨਾਮ ਹਿੰਦੁਸਤਾਨੀ ਹੈ। ਧਮਕੀ ਮਿਲਣ ਤੋਂ ਬਾਅਦ ਸ਼ਾਹਰੁਖ ਖਾਨ ਦੇ ਘਰ ਮੰਨਤ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।