-8 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਤਲਾਕ ਦੇ ਕਾਗਜ਼ਾਂ 'ਤੇ ਕੀਤੇ ਦਸਤਖਤ
ਲਾਸ ਏਂਜਲਸ, 31 ਦਸੰਬਰ (ਪੋਸਟ ਬਿਊਰੋ): 8 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ, ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਆਖਰਕਾਰ ਤਲਾਕ ਦੇ ਮਾਮਲੇ ਨੂੰ ਸੁਲਝਾਉਣ ਲਈ ਸਹਿਮਤ ਹੋ ਗਏ। 30 ਦਸੰਬਰ ਨੂੰ ਜੋੜੇ ਨੇ ਅਧਿਕਾਰਤ ਤੌਰ 'ਤੇ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕੀਤੇ।
ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਦਾ ਵਿਆਹ 14 ਅਗਸਤ, 2014 ਨੂੰ ਹੋਇਆ ਸੀ। ਸਾਲ 2016 'ਚ ਹੀ ਦੋਨਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਪਰ ਲੰਬੀ ਕਾਨੂੰਨੀ ਲੜਾਈ ਦੇ ਚੱਲਦਿਆਂ ਹੁਣ ਦੋਨਾਂ ਨੇ ਅਧਿਕਾਰਤ ਤੌਰ 'ਤੇ ਤਲਾਕ ਲੈ ਲਿਆ ਹੈ। ਇਹ ਤਲਾਕ ਪੂਰੀ ਦੁਨੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ 2014 'ਚ ਹੋਏ ਵਿਆਹ ਤੋਂ ਲੈ ਕੇ 2016 'ਚ ਤਲਾਕ ਦੇ ਫੈਸਲੇ ਤੱਕ ਦੋਨਾਂ ਨੇ ਵਿਆਹੁਤਾ ਜੀਵਨ ਦੇ ਸਿਰਫ ਦੋ ਸਾਲ ਇਕੱਠੇ ਬਿਤਾਏ ਸਨ। ਪਰ ਤਲਾਕ ਲੈਣ ਵਿੱਚ 8 ਸਾਲ ਲੱਗ ਗਏ।
ਐਂਜਲੀਨਾ ਜੋਲੀ ਨੇ 2016 ਵਿੱਚ ਬ੍ਰੈਡ ਪਿਟ ਤੋਂ ਤਲਾਕ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਬ੍ਰੈਡ ਪਿਟ ਨੇ ਯੂਰਪ ਤੋਂ ਵਾਪਿਸ ਆਉਂਦੇ ਸਮੇਂ ਪ੍ਰਾਈਵੇਟ ਜੈੱਟ ਵਿੱਚ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਦੁਰਵਿਵਹਾਰ ਕੀਤਾ ਸੀ। ਐਂਜਲੀਨਾ ਜੋਲੀ ਦੇ ਵਕੀਲ ਜੇਮਸ ਸਿਮੰਸ ਨੇ ਡੇਲੀ ਮੇਲ ਨੂੰ ਦੱਸਿਆ ਕਿ ਐਂਜਲੀਨਾ ਜੋਲੀ ਇਸ ਮੁਕਾਮ ਤੱਕ ਪਹੁੰਚਣ `ਤੇ ਰਾਹਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਂਜਲੀਨਾ ਥੱਕ ਚੁੱਕੀ ਹੈ। 8 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਦੋਵੇਂ ਤਲਾਕ ਲਈ ਕਾਨੂੰਨੀ ਲੜਾਈ ਲੜ ਰਹੇ ਸਨ। ਉਨ੍ਹਾਂ ਨੇ ਅਤੇ ਬੱਚਿਆਂ ਨੇ ਬ੍ਰੈਡ ਪਿਟ ਨਾਲ ਸਾਂਝੀ ਕੀਤੀ ਜਾਇਦਾਦ ਨੂੰ ਛੱਡ ਦਿੱਤਾ ਹੈ ਅਤੇ ਉਦੋਂ ਤੋਂ ਉਹ ਆਪਣੇ ਪਰਿਵਾਰ ਨਾਲ ਸ਼ਾਂਤੀ ਦੀ ਭਾਲ ਕਰ ਰਹੇ ਹਨ।
ਵਕੀਲ ਨੇ ਅੱਗੇ ਦੱਸਿਆ ਕਿ ਤਲਾਕ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਉਹ ਹਾਲੇ ਵੀ ਸੈਟੋ ਮੀਰਾਵਲ ਵਿਨਾਰਡ ਨੂੰ ਲੈ ਕੇ ਫਰਾਂਸ ਵਿਚ ਕਾਨੂੰਨੀ ਲੜਾਈ ਵਿਚ ਉਲਝੇ ਹੋਏ ਹਨ। ਬ੍ਰੈਡ ਪਿਟ ਨੇ ਐਂਜਲੀਨਾ ਜੋਲੀ 'ਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਸਟੋਲੀ ਗਰੁੱਪ ਨੂੰ ਵਾਈਨਰੀ ਵਿਚ ਆਪਣੀ ਹਿੱਸੇਦਾਰੀ ਵੇਚਣ ਦਾ ਦੋਸ਼ ਲਗਾਇਆ ਹੈ। ਡੇਲੀ ਮੇਲ ਮੁਤਾਬਕ ਦੋਨਾਂ ਨੇ ਮਾਮਲੇ ਨੂੰ ਸੁਲਝਾਉਣ ਲਈ ਜਿਊਰੀ ਟ੍ਰਾਇਲ 'ਚ ਜਾਣ ਦੀ ਇੱਛਾ ਪ੍ਰਗਟਾਈ ਹੈ। ਭਾਵ, ਇਸ ਤਲਾਕ ਦੇ ਬਾਵਜੂਦ, ਇੱਕ ਮਾਮਲੇ ਵਿੱਚ ਹਾਲੇ ਵੀ ਉਲਝਣ ਹੈ, ਪਰ ਇਸ ਨੂੰ ਵਿਚੋਲਗੀ ਰਾਹੀਂ ਹੱਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਂਜਲੀਨਾ ਜੋਲੀ ਦਾ ਇਹ ਤੀਜਾ ਵਿਆਹ ਸੀ। ਬ੍ਰੈਡ ਪਿਟ ਤੋਂ ਪਹਿਲਾਂ, ਉਨ੍ਹਾਂ ਦਾ ਵਿਆਹ ਜੌਨੀ ਲੀ ਮਿਲਰ ਅਤੇ ਬਿਲੀ ਬੌਬ ਥੋਰਨਟਨ ਨਾਲ ਹੋਇਆ ਸੀ।