ਬੀਕਾਨੇਰ, 7 ਨਵੰਬਰ (ਪੋਸਟ ਬਿਊਰੋ): ਬੀਕਾਨੇਰ ਵਿੱਚ ਚਾਰ ਦਿਨ ਪਹਿਲਾਂ ਦੁਰਲੱਭ ਬਿਮਾਰੀ ਵਾਲੇ ਜੌੜੇ ਬੱਚਿਆਂ ਦਾ ਜਨਮ ਹੋਇਆ ਸੀ। ਇਨ੍ਹਾਂ ਵਿਚ ਇਕ ਲੜਕੀ ਅਤੇ ਇਕ ਲੜਕਾ ਹੈ। ਉਨ੍ਹਾਂ ਦੀ ਚਮੜੀ ਪਲਾਸਟਿਕ ਵਰਗੀ ਹੈ। ਚਮੜੀ ਨਹੂੰਆਂ ਵਾਂਗ ਸਖ਼ਤ ਹੈ ਅਤੇ ਤਿੜਕੀ ਹੋਈ ਹੈ। ਇਹ ਬੱਚੇ ਹਾਰਲੇਕੁਇਨ-ਟਾਈਪ ਇਚਥੀਓਸਿਸ ਨਾਂ ਦੀ ਦੁਰਲੱਭ ਬਿਮਾਰੀ ਤੋਂ ਪੀੜਤ ਹਨ।
ਡਾਕਟਰਾਂ ਦਾ ਦਾਅਵਾ ਹੈ ਕਿ ਹਾਰਲੇਕੁਇਨ-ਟਾਈਪ ਇਚਥੀਓਸਿਸ ਬਿਮਾਰੀ ਨਾਲ ਪੈਦਾ ਹੋਏ ਇਕੱਲੇ ਬੱਚੇ ਪਹਿਲਾਂ ਵੀ ਇਲਾਜ ਲਈ ਆ ਚੁੱਕੇ ਹਨ। ਪਰ ਦੇਸ਼ ਵਿੱਚ ਜੌੜੇ ਬੱਚਿਆਂ ਦਾ ਇਹ ਸ਼ਾਇਦ ਪਹਿਲਾ ਮਾਮਲਾ ਹੈ। ਇਹ ਬਿਮਾਰੀ ਦੁਰਲੱਭ ਬਿਮਾਰੀਆਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੈ। ਇਹ ਜੈਨੇਟਿਕ ਬਿਮਾਰੀ 5 ਲੱਖ ਵਿੱਚੋਂ ਇੱਕ ਬੱਚੇ ਵਿੱਚ ਪਾਈ ਜਾਂਦੀ ਹੈ।
ਡਾਕਟਰਾਂ ਅਨੁਸਾਰ ਇਹ ਜ਼ਰੂਰੀ ਨਹੀਂ ਹੈ ਕਿ ਮਾਤਾ-ਪਿਤਾ ਇਸ ਬਿਮਾਰੀ ਤੋਂ ਪੀੜਤ ਹੋਣ। ਇਹ ਬਿਮਾਰੀ ਕ੍ਰੋਮੋਸੋਮ ਇਨਫੈਕਸ਼ਨ ਕਾਰਨ ਮਾਪਿਆਂ ਤੋਂ ਬੱਚਿਆਂ ਨੂੰ ਜਾਂਦੀ ਹੈ। ਮਤਲਬ ਮਾਪੇ ਇਸ ਦੇ ਵਾਹਕ ਹਨ, ਪਰ ਇਹ ਬਿਮਾਰੀ ਕਿਸ ਪੀੜ੍ਹੀ ਤੋਂ ਪ੍ਰਚਲਿਤ ਹੋਈ ਹੈ, ਇਸ ਦਾ ਪਤਾ ਡਾਕਟਰੀ ਇਤਿਹਾਸ ਤੋਂ ਹੀ ਲੱਗ ਸਕਦਾ ਹੈ।
ਹਰਲੇਕੁਇਨ-ਟਾਈਪ ਇਚਥੀਓਸਿਸ ਤੋਂ ਪੀੜਤ ਜੌੜੇ ਬੱਚਿਆਂ ਦਾ ਜਨਮ ਬੀਕਾਨੇਰ ਦੇ ਨੋਖਾ ਦੇ ਇੱਕ ਨਿੱਜੀ ਹਸਪਤਾਲ ਵਿੱਚ 3 ਨਵੰਬਰ ਨੂੰ ਹੋਇਆ ਸੀ। ਇਨ੍ਹਾਂ ਦੀ ਚਮੜੀ ਨਹੁੰਆਂ ਦੇ ਹਲਕੇ ਗੁਲਾਬੀ ਰੰਗ ਵਰਗੀ ਹੁੰਦੀ ਹੈ ਜੋ ਬਹੁਤ ਸਖ਼ਤ ਹੁੰਦੀ ਹੈ। ਇਨ੍ਹਾਂ ਵਿਚਕਾਰ ਦਰਾਰਾਂ ਡੂੰਘੀਆਂ ਹਨ, ਅੰਦਰੋਂ ਫਟੀਆਂ ਹੋਈਆਂ ਹਨ। ਜਨਮ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਬੀਕਾਨੇਰ ਦੇ ਪੀਬੀਐੱਮ ਹਸਪਤਾਲ ਵਿੱਚ 5 ਨਵੰਬਰ ਨੂੰ ਰੈਫਰ ਕੀਤਾ ਗਿਆ ਸੀ। ਦੋਨਾਂ ਬੱਚਿਆਂ ਦੀ ਜਾਨ ਬਚਾਉਣ ਲਈ ਪੀਬੀਐੱਮ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਜੀਐੱਸ ਤੰਵਰ, ਬਾਲ ਰੋਗਾਂ ਦੀ ਮਾਹਿਰ ਡਾਕਟਰ ਕਵਿਤਾ ਅਤੇ ਚਮੜੀ ਰੋਗ ਵਿਭਾਗ ਦੇ ਡਾਕਟਰਾਂ ਦੀ ਟੀਮ ਤਾਇਨਾਤ ਹੈ।